ਸਰਕਾਰੀ ਹਸਪਤਾਲਾਂ ’ਚ 325 ਰੁਪਏ ਤੇ ਪ੍ਰਾਈਵੇਟ ਹਸਪਤਾਲਾਂ 800 ਰੁਪਏ ’ਚ ਮਿਲੇਗੀ ਵੈਕਸੀਨ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਰੋਨਾ ਰੋਕੂ ਪਹਿਲੀ ਨੇਜਲ ਵੈਕਸੀਨ ਨੂੰ ਮਨਜ਼ੂਰੀ ਦੇਣ ਤੋਂ ਚਾਰ ਦਿਨ ਬਾਅਦ ਭਾਰਤ ਸਰਕਾਰ ਨੇ ਇਸ ਦੇ ਰੇਟਾਂ ’ਤੇ ਵੀ ਅੱਜ ਮੋਹਰ ਲਗਾ ਦਿੱਤੀ ਹੈ। ਭਾਰਤ ਬਾਇਓਟੈਕ ਵੱਲੋਂ ਤਿਆਰ ਕੀਤੀ ਗਈ ਇਹ ਨੇਜਲ ਵੈਕਸੀਨ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੇ ਸਰਕਾਰੀ ਹਸਪਤਾਲਾਂ ਵਿਚ 325 ਰੁਪਏ ’ਚ ਲਗਵਾਈ ਜਾ ਸਕੇਗੀ ਜਦਕਿ ਪ੍ਰਾਈਵੇਟ ਹਸਪਤਾਲਾਂ ਵਾਲੇ ਇਸ ਕੀਮਤ 800 ਰੁਪਏ ਵਸੂਲਣਗੇ। ਇਹ ਵੈਕਸੀਨ ਜਨਵਰੀ ਦੇ ਆਖਰੀ ਹਫਤੇ ਤੱਕ ਮਿਲਣੀ ਸ਼ੁਰੂ ਹੋ ਜਾਵੇਗੀ ਅਤੇ ਇਸ ਵਰਤੋਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਬੂਸਟਰ ਡੋਜ਼ ਵਜੋਂ ਕੀਤੀ ਜਾਵੇਗੀ। ਧਿਆਨ ਰਹੇ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਪਹਿਲੀ ਨੇਜਲ ਕਰੋਨਾ ਰੋਕੂ ਵੈਕਸੀਨ ਨੂੰ ਲੰਘੀ 23 ਦਸੰਬਰ ਨੂੰ ਮਨਜ਼ੂਰੀ ਦਿੱਤੀ ਸੀ। ਕੋਵੈਕਸੀਨ ਬਣਾਉਣ ਵਾਲੀ ਹੈਦਰਾਬਾਦ ਦੀ ਭਾਰਤ ਬਾਇਓਟੈਕ ਨੇ ਇਸ ਨੂੰ ਵਾਸ਼ਿੰਗਟਨ ਯੂਨੀਵਰਸਿਟੀ ਸਕੂਲ ਆਫ਼ ਮੈਡੀਸਿਨ ਦੇ ਨਾਲ ਮਿਲ ਕੇ ਬਣਾਇਆ ਹੈ ਅਤੇ ਨੱਕ ਰਾਹੀਂ ਲਈ ਜਾਣ ਵਾਲੀ ਇਹ ਕਰੋਨਾ ਰੋਕੂ ਦੁਨੀਆ ਦੀ ਪਹਿਲੀ ਵੈਕਸੀਨ ਹੈ। ਇਸ ਨੇਜਲ ਵੈਕਸੀਨ ਦਾ ਨਾਮ ਇਨਕੋਵੈਕ ਰੱਖਿਆ ਗਿਆ ਜਦਕਿ ਇਸ ਦਾ ਪਹਿਲਾ ਨਾਮ ਬੀਬੀਵੀ 154 ਰੱਖਿਆ ਗਿਆ ਸੀ। ਇਸ ਵੈਕਸੀਨ ਦੀ ਖਾਸ ਗੱਲ ਇਹ ਹੈ ਕਿ ਇਹ ਸਰੀਰ ਵਿਚ ਜਾਂਦੇ ਹੀ ਅਸਰ ਸ਼ੁਰੂ ਕਰ ਦਿੰਦੀ ਹੈ।