ਕਿਹਾ : ਭਾਜਪਾ ਵੱਲੋਂ ਰਚੀ ਜਾ ਰਹੀ ਹੈ ਕੇਜਰੀਵਾਲ ਦੀ ਹੱਤਿਆ ਦੀ ਸਾਜ਼ਿਸ਼
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਵੱਲੋਂ ਇਕ-ਦੂਜੇ ’ਤੇ ਆਰੋਪ ਲਗਾਉਣ ਦੀ ਸਿਆਸਤ ਪੂਰੇ ਸਿਖਰਾਂ ’ਤੇ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਅੱਜ ਇਕ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਵੱਡਾ ਆਰੋਪ ਲਗਾਇਆ ਕਿ ਭਾਜਪਾ ਵੱਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਹੱਤਿਆ ਦੀ ਸਾਜਿਸ਼ ਰਚੀ ਜਾ ਰਹੀ ਹੈ। ਸਿਸੋਦੀਆ ਨੇ ਭਾਜਪਾ ਆਗੂ ਮਨੋਜ ਤਿਵਾੜੀ ਦੇ ਉਸ ਟਵੀਟ ਦਾ ਜ਼ਿਕਰ ਵੀ ਕੀਤਾ, ਜਿਸ ’ਚ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਦੇ ਲਈ ਚਿੰਤਾ ਜ਼ਾਹਿਰ ਕੀਤੀ ਸੀ। ਸਿਸੋਦੀਆ ਨੇ ਪ੍ਰੈਸ ਕਾਨਫਰੰਸ ਦੌਰਾਨ ਪੁੱਛਿਆ ਕਿ ਤਿਵਾੜੀ ਨੂੰ ਕਿਸ ਤਰ੍ਹਾਂ ਪਤਾ ਹੈ ਕਿ ਕੇਜਰੀਵਾਲ ’ਤੇ ਹਮਲਾ ਹੋਣ ਵਾਲਾ ਹੈ। ਉਨ੍ਹਾਂ ਆਰੋਪ ਲਗਾਇਆ ਕਿ ਇਹ ਭਾਸ਼ਾ ਧਮਕੀ ਵਾਲੀ ਹੈ ਅਤੇ ਅਸੀਂ ਕੇਸ ਕਰਾਂਗੇ। ਇਸ ਦੌਰਾਨ ਮਨੀਸ਼ ਸਿਸੋਦੀਆ ਨੇ ਆਪ ਵਰਕਰ ਦੀ ਖੁਦਕੁਸ਼ੀ ਦਾ ਮੁੱਦਾ ਵੀ ਚੁੱਕਿਆ ਅਤੇ ਕਿਹਾ ਕਿ ਇਸ ’ਤੇ ਰਾਜਨੀਤੀ ਨਾ ਕੀਤੀ ਜਾਵੇ। ਉਧਰ ਮਨੋਜ ਤਿਵਾੜੀ ਵੱਲੋਂ ਵੀ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਕਿਹਾ ਕਿ ਉਹ ਕੇਜਰੀਵਾਲ ਦੀ ਫਿਕਰ ਕਰ ਰਹੇ ਸਨ। ਆਪ ਵਰਕਰ ਦੀ ਮੌਤ ’ਤੇ ਉਨ੍ਹਾਂ ਕਿਹਾ ਕਿ ਇਹ ਖੁਦਕੁਸ਼ੀ ਨਹੀਂ ਬਲਕਿ ਹੱਤਿਆ ਹੈ। ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਧਿਆਨ ਰਹੇ ਕਿ ਮਨੋਜ ਤਿਵਾੜੀ ਵੱਲੋਂ ਇਕ ਟਵੀਟ ਕੀਤਾ ਗਿਆ ਸੀ, ਜਿਸ ’ਚ ਉਨ੍ਹਾਂ ਕਿਹਾ ਸੀ ਕਿ ਮੈਂ ਕੇਜਰੀਵਾਲ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਾਂ, ਕਿਉਂਕਿ ਭਿ੍ਰਸ਼ਟਾਚਾਰ, ਸ਼ਰਾਬ ਘੋਟਾਲੇ ਅਤੇ ਜੇਲ੍ਹ ’ਚ ਮਸਾਜ ਵਰਗੀਆਂ ਚੀਜ਼ਾਂ ਨੂੰ ਲੈ ਕੇ ਜਨਤਾ ਗੁੱਸੇ ’ਚ ਹੈ ਅਤੇ ਉਨ੍ਹਾਂ ਦੇ ਇਕ ਵਿਧਾਇਕ ਨੂੰ ਵੀ ਕੁੱਟਿਆ ਜਾ ਚੁੱਕਿਆ ਹੈ। ਇਸ ਲਈ ਮੈਂ ਟਵੀਟ ਕਰਕੇ ਕਿਹਾ ਸੀ ਕਿ ਕਿਤੇ ਦਿੱਲੀ ਦੇ ਮੁੱਖ ਮੰਤਰੀ ਨਾਲ ਵੀ ਅਜਿਹੀ ਘਟਨਾ ਨਾ ਵਾਪਰ ਜਾਵੇ।
Check Also
ਸੁਪਰੀਮ ਕੋਰਟ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਦਿੱਤੀ ਨਸੀਹਤ
ਕਿਹਾ : ਹਾਈਵੇਅ ਨਾ ਰੋਕੇ ਅਤੇ ਲੋਕਾਂ ਦੀਆਂ ਸਹੂਲਤਾਂ ਦਾ ਰੱਖੋ ਧਿਆਨ ਨਵੀਂ ਦਿੱਲੀ/ਬਿਊਰੋ ਨਿਊਜ਼ …