ਪਹਿਲੇ ਭੂਚਾਲ ਨਾਲ ਕਮਜ਼ੋਰ ਹੋਈਆਂ ਇਮਾਰਤਾਂ ਨੂੰ ਹੋਇਆ ਜ਼ਿਆਦਾ ਨੁਕਸਾਨ
ਨਵੀਂ ਦਿੱਲੀ/ਬਿੳੂਰੋ ਨਿੳੂਜ਼
ਤੁਰਕੀ ਅਤੇ ਸੀਰੀਆ ਵਿਚ 14 ਦਿਨਾਂ ਬਾਅਦ ਇਕ ਵਾਰ ਫਿਰ ਸੋਮਵਾਰ ਦੀ ਰਾਤ ਨੂੰ ਭੂੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ’ਤੇ ਇਸ ਭੂਚਾਲ ਦੀ ਗਤੀ 6.4 ਨਾਪੀ ਗਈ ਹੈ। ਇਸ ਭੂਚਾਲ ਨਾਲ 5 ਵਿਅਕਤੀਆਂ ਦੀ ਜਾਨ ਚਲੇ ਗਈ ਅਤੇ ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਵੀ ਪ੍ਰਗਟਾਇਆ ਜਾ ਰਿਹਾ ਹੈ। ਇਸ ਭੂਚਾਲ ਕਾਰਨ 300 ਤੋਂ ਵੱਧ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖਬਰ ਹੈ। ਇਸ ਭੂਚਾਲ ਦਾ ਕੇਂਦਰ ਹਤਾਪ ਸੂਬੇ ਦਾ ਅੰਤਾਕਿਆ ਸ਼ਹਿਰ ਦੱਸਿਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸਥਾਨਕ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਭੂਚਾਲ ਕਾਰਨ ਅਜਿਹੀਆਂ ਇਮਾਰਤਾਂ ਡਿੱਗ ਗਈਆਂ ਹਨ, ਜੋ ਲੰਘੀ 6 ਫਰਵਰੀ ਨੂੰ ਆਏ ਭੂਚਾਲ ਕਾਰਨ ਕਮਜ਼ੋਰ ਹੋ ਗਈਆਂ ਸਨ। ਧਿਆਨ ਰਹੇ ਕਿ ਤੁਰਕੀ ਅਤੇ ਸੀਰੀਆ ਵਿਚ ਲੰਘੀ 6 ਫਰਵਰੀ ਨੂੰ ਆਏ ਵਿਨਾਸ਼ਕਾਰੀ ਭੂਚਾਲ ਕਾਰਨ ਮੌਤਾਂ ਦੀ ਗਿਣਤੀ 47 ਹਜ਼ਾਰ ਤੋਂ ਟੱਪ ਚੁੱਕੀ ਹੈ ਅਤੇ ਹੁਣ ਆਏ ਭੂਚਾਲ ਕਾਰਨ ਫਿਰ ਹਾਹਾਕਾਰ ਵਾਲਾ ਮਾਹੌਲ ਬਣ ਗਿਆ ਹੈ।