1.6 C
Toronto
Thursday, November 27, 2025
spot_img
Homeਭਾਰਤਮਾਲਦੀਵ ਵੱਲੋਂ ਤਿੰਨ ਮੰਤਰੀ ਮੁਅੱਤਲ

ਮਾਲਦੀਵ ਵੱਲੋਂ ਤਿੰਨ ਮੰਤਰੀ ਮੁਅੱਤਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ਼ ‘ਅਪਮਾਨਜਨਕ’ ਟਿੱਪਣੀਆਂ ਦਾ ਮਾਮਲਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਮਾਲਦੀਵ ਸਰਕਾਰ ਵਿੱਚ ਮੰਤਰੀ ਮਰੀਅਮ ਸ਼ਿਓਨਾ ਤੇ ਕੁਝ ਹੋਰਨਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਲੀਆ ਲਕਸ਼ਦੀਪ ਫੇਰੀ ਦੇ ਹਵਾਲੇ ਨਾਲ ਐਕਸ ‘ਤੇ ਇਕ ਪੋਸਟ ਵਿੱਚ ਕੀਤੀਆਂ ‘ਅਪਮਾਨਜਨਕ’ ਟਿੱਪਣੀਆਂ ਨੂੰ ਲੈ ਕੇ ਛਿੜੇ ਵਿਵਾਦ ਮਗਰੋਂ ਮੁਇਜ਼ੂ ਸਰਕਾਰ ਨੇ ਆਪਣੇ ਤਿੰਨ ਮੰਤਰੀ ਮੁਅੱਤਲ ਕਰ ਦਿੱਤੇ ਹਨ। ਮਾਲਦੀਵ ਸਰਕਾਰ ਨੇ ਹਾਲਾਂਕਿ ਪਹਿਲਾਂ ਇਨ੍ਹਾਂ ਟਿੱਪਣੀਆਂ ਨੂੰ ‘ਨਿੱਜੀ’ ਵਿਚਾਰ ਦੱਸ ਕੇ ਇਹ ਕਹਿੰਦਿਆਂ ਦੂਰੀ ਬਣਾ ਲਈ ਸੀ ਕਿ ਇਹ ਸਰਕਾਰ ਦੇ ਵਿਚਾਰਾਂ ਦੀ ਪ੍ਰਤੀਨਿਧਤਾ ਨਹੀਂ ਕਰਦੇ। ਮਾਲੇ ਸਥਿਤ ਭਾਰਤੀ ਹਾਈ ਕਮਿਸ਼ਨ ਵੱਲੋਂ ਜਤਾਏ ਇਤਰਾਜ਼ ਮਗਰੋਂ ਮਾਲਦੀਵ ਸਰਕਾਰ ਨੇ ਜਿਨ੍ਹਾਂ ਤਿੰਨ ਮੰਤਰੀਆਂ ਨੂੰ ਮੁਅੱਤਲ ਕੀਤਾ ਹੈ, ਉਨ੍ਹਾਂ ਵਿੱਚ ਮਰੀਅਮ ਸ਼ਿਓਮਾ, ਮਲਸ਼ਾ ਸ਼ਰੀਫ਼ ਤੇ ਅਬਦੁੱਲਾ ਮਾਹਜ਼ੂਮ ਮਾਜਿਦ ਸ਼ਾਮਲ ਹਨ। ਮਾਲਦੀਵ ਸਰਕਾਰ ਵਿੱਚ ਯੁਵਾ ਸਸ਼ਕਤੀਕਰਨ ਵਿਭਾਗ ਦੀ ਉਪ ਮੰਤਰੀ ਮਰੀਅਮ ਸ਼ਿਓਨਾ ਨੇ ਐਕਸ ‘ਤੇ ਪ੍ਰਧਾਨ ਮੰਤਰੀ ਮੋਦੀ ਦੀ ਲਕਸ਼ਦੀਪ ਫੇਰੀ ਦੀ ਤਸਵੀਰ ਸਾਂਝੀ ਕਰਦਿਆਂ ਉਨ੍ਹਾਂ ਨੂੰ ‘ਕਲਾਊਨ ਐਂਡ ਪੱਪੈਟ ਆਫ਼ ਇਜ਼ਰਾਈਲ’ (ਜੋਕਰ ਤੇ ਇਜ਼ਰਾਈਲ ਦੀ ਕਠਪੁਤਲੀ) ਦੱਸਿਆ ਸੀ। ਮਾਲਦੀਵ ਸਰਕਾਰ ‘ਚ ਮੰਤਰੀ ਸ਼ਿਓਨਾ ਨੇ ਪ੍ਰਧਾਨ ਮੰਤਰੀ ਮੋਦੀ ਦੀ ਲਕਸ਼ਦੀਪ ਫੇਰੀ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਨਵੀਂ ਦਿੱਲੀ ਵੱਲੋਂ ਕੇਂਦਰ ਸ਼ਾਸਿਤ ਪ੍ਰਦੇਸ਼ (ਲਕਸ਼ਦੀਪ) ਨੂੰ ਮਾਲਦੀਵਜ਼ ਦੇ ਬਦਲਵੇਂ ਸੈਰ-ਸਪਾਟਾ ਕੇਂਦਰ ਵਜੋਂ ਪੇਸ਼ ਕੀਤੇ ਜਾਣ ਦਾ ਯਤਨ ਕੀਤਾ ਜਾ ਰਿਹਾ ਹੈ।
ਮਾਲਦੀਵਜ਼ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ, ”ਮਾਲਦੀਵਜ਼ ਸਰਕਾਰ ਕੁਝ ਵਿਦੇਸ਼ੀ ਆਗੂਆਂ ਤੇ ਅਹਿਮ ਸ਼ਖ਼ਸੀਅਤਾਂ ਖਿਲਾਫ਼ ਸੋਸ਼ਲ ਮੀਡੀਆ ‘ਤੇ ਕੀਤੀਆਂ ਅਪਮਾਨਜਨਕ ਟਿੱਪਣੀਆਂ ਤੋਂ ਜਾਣੂ ਹੈ। ਇਹ ਨਿੱਜੀ ਵਿਚਾਰ ਹਨ ਤੇ ਮਾਲਦੀਵਜ਼ ਸਰਕਾਰ ਦੇ ਵਿਚਾਰਾਂ ਦੀ ਤਰਜਮਾਨੀ ਨਹੀਂ ਕਰਦੇ।” ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਰਕਾਰ ਦਾ ਮੰਨਣਾ ਹੈ ਕਿ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਜਮਹੂਰੀ ਢੰਗ ਤੇ ਪੂਰੀ ਜ਼ਿੰਮੇਵਾਰੀ ਨਾਲ ਪਾਲਣ ਕੀਤਾ ਜਾਣਾ ਚਾਹੀਦਾ ਹੈ ਤੇ ਇਸ ਨੂੰ ਮਾਲਦੀਵਜ਼ ਤੇ ਇਸ ਦੇ ਕੌਮਾਂਤਰੀ ਭਾਈਵਾਲਾਂ ਦਰਮਿਆਨ ਗੂੜੇ ਸਬੰਧਾਂ ਨੂੰ ਸੱਟ ਮਾਰਨ ਅਤੇ ਨਫ਼ਰਤ ਤੇ ਨਕਾਰਾਤਮਕਤਾ ਫੈਲਾਉਣ ਲਈ ਨਾ ਵਰਤਿਆ ਜਾਵੇ। ਸਰਕਾਰ ਅਜਿਹੀਆਂ ਅਪਮਾਨਜਨਕ ਟਿੱਪਣੀਆਂ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕਰਨ ਤੋਂ ਨਹੀਂ ਝਿਜਕੇਗੀ। ਇਸ ਤੋਂ ਪਹਿਲਾਂ ਮਾਲਦੀਵਜ਼ ਦੇ ਸਾਬਕਾ ਰਾਸ਼ਟਰਪਤੀ ਮੁਹੰਮਦ ਨਸ਼ੀਦ ਨੇ ਟਿੱਪਣੀਆਂ ਨੂੰ ‘ਡਰਾਉਣੀਆਂ’ ਦੱਸਦਿਆਂ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਨੂੰ ਇਨ੍ਹਾਂ ਤੋਂ ਦੂਰੀ ਬਣਾਉਣ ਲਈ ਕਿਹਾ ਸੀ।
ਸਾਬਕਾ ਉਪ ਰਾਸ਼ਟਰਪਤੀ ਅਹਿਮਦ ਅਦੀਬ ਨੇ ਵੀ ਟਿੱਪਣੀਆਂ ਦੀ ਜ਼ੋਰਦਾਰ ਨਿਖੇਧੀ ਕੀਤੀ ਸੀ। ਮਾਲਦੀਵਜ਼ ਹਿੰਦ ਮਹਾਸਾਗਰ ਖੇਤਰ ਵਿਚ ਭਾਰਤ ਦਾ ਅਹਿਮ ਸਾਗਰੀ ਗੁਆਂਢੀ ਰਿਹਾ ਹੈ ਤੇ ਮਾਲੇ ਦੀ ਪਿਛਲੀ ਸਰਕਾਰ ਵੇਲੇ ਦੋਵਾਂ ਮੁਲਕਾਂ ‘ਚ ਰੱਖਿਆ ਤੇ ਸੁਰੱਖਿਆ ਦੇ ਖੇਤਰਾਂ ਵਿੱਚ ਰਿਸ਼ਤੇ ਮਜ਼ਬੂਤ ਹੋਏ ਸਨ। ਮਾਲਦੀਵਜ਼ ਦੇ ਨਵੇਂ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਨੂੰ ਚੀਨ ਦੇ ਨੇੜੇ ਮੰਨਿਆ ਜਾਂਦਾ ਹੈ। ਪਿਛਲੇ ਮਹੀਨੇ ਮਾਲਦੀਵਜ਼ ਸਰਕਾਰ ਦੀ ਕਮਾਨ ਆਪਣੇ ਹੱਥਾਂ ‘ਚ ਲੈਣ ਮਗਰੋਂ ਮੁਇਜ਼ੂ ਨੇ ਭਾਰਤੀ ਫੌਜ ਨੂੰ ਟਾਪੂਨੁਮਾ ਮੁਲਕ ਛੱਡਣ ਲਈ ਆਖ ਦਿੱਤਾ ਸੀ।

 

RELATED ARTICLES
POPULAR POSTS