ਮਹਿਲਾਵਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਹਦਾਇਤ
ਜੈਪੁਰ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਤਿੰਨ ਨਵੇਂ ਫੌਜਦਾਰੀ ਨਿਆ ਕਾਨੂੰਨ ‘ਨਾਗਰਿਕ ਪਹਿਲਾਂ, ਗੌਰਵ ਪਹਿਲਾਂ ਤੇ ਨਿਆਂ ਪਹਿਲਾਂ’ ਦੇ ਵਿਚਾਰ ਨਾਲ ਪਾਸ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਹੁਣ ‘ਡੰਡੇ’ ਦੀ ਥਾਂ ਡੇਟਾ ਨਾਲ ਕੰਮ ਕਰਨ ਦੀ ਲੋੜ ਹੈ।
ਰਾਜਾਂ ਦੇ ਪੁਲਿਸ ਮੁਖੀਆਂ (ਡੀਜੀਪੀ’ਜ਼) ਤੇ ਇੰਸਪੈਕਟਰ ਜਨਰਲਾਂ ਦੀ 58ਵੀਂ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਨਰਿੰਦਰ ਮੋਦੀ ਨੇ ਪੁਲਿਸ ਨੂੰ ਨਸੀਹਤ ਦਿੱਤੀ ਕਿ ਉਹ ਮਹਿਲਾਵਾਂ ਦੀ ਸੁਰੱਖਿਆ ਯਕੀਨੀ ਬਣਾਉਣ ਤਾਂ ਕਿ ਉਹ ਬੇਖੌ ਹੋ ‘ਕਦੇ ਵੀ ਤੇ ਕਿਤੇ ਵੀ’ ਕੰਮ ਕਰ ਸਕਣ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਨਵੇਂ ਫੌਜਦਾਰੀ ਕਾਨੂੰਨ ‘ਨਾਗਰਿਕ ਪਹਿਲਾਂ, ਮਾਣ-ਸਨਮਾਨ ਪਹਿਲਾਂ ਤੇ ਨਿਆਂ ਪਹਿਲਾਂ’ ਦੇ ਵਿਚਾਰ ਨਾਲ ਘੜਿਆ ਗਿਆ ਹੈ ਤੇ ਪੁਲਿਸ ਨੂੰ ਚਾਹੀਦਾ ਹੈ ਕਿ ਉਹ ਹੁਣ ‘ਡੰਡੇ’ ਦੀ ਥਾਂ ‘ਡੇਟਾ’ ਨਾਲ ਕੰਮ ਕਰੇ। ਭਾਰਤੀਯ ਨਿਆਏ ਸੰਹਿਤਾ, ਭਾਰਤੀਯ ਨਾਗਰਿਕ ਸੁਰਕਸ਼ਾ ਸੰਹਿਤਾ ਤੇ ਭਾਰਤੀਯ ਸਾਕਸ਼ਯ ਅਧਿਨਿਯਮ ਹਾਲ ਹੀ ਵਿੱਚ ਅਮਲ ‘ਚ ਲਿਆਂਦੇ ਗਏ ਹਨ ਤੇ ਇਹ ਕ੍ਰਮਵਾਰ ਇੰਡੀਅਨ ਪੀਨਲ ਕੋਡ-1860, ਸੀਆਰਪੀਸੀ-1898 ਤੇ ਦਿ ਇੰਡੀਅਨ ਐਵੀਡੈਂਸ ਐਕਟ 1872 ਦੀ ਥਾਂ ਲੈਣਗੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਨਵੇਂ ਕਾਨੂੰਨ ਭਾਰਤ ਦੇ ਫੌਜਦਾਰੀ ਨਿਆਂ ਪ੍ਰਬੰਧ ਦੀ ਕਾਇਆਕਲਪ ਕਰਨਗੇ। ਉਨ੍ਹਾਂ ਕਿਹਾ ਕਿ ਨਵੇਂ ਕਾਨੂੰਨਾਂ ਵਿੱਚ ਮਹਿਲਾਵਾਂ ਤੇ ਮੁਟਿਆਰਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੇ ਸੁਰੱਖਿਆ ਪ੍ਰਤੀ ਵਧੇਰੇ ਸੰਵੇਦਸ਼ਨੀਲ ਬਣਾਉਣ ‘ਤੇ ਜ਼ੋਰ ਦਿੱਤਾ ਗਿਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ 2047 ਤੱਕ ਵਿਕਸਤ ਭਾਰਤ ਦੇ ਸੁਫਨੇ ਨੂੰ ਪੂਰਾ ਕਰਨ ਲਈ ਭਾਰਤੀ ਪੁਲਿਸ ਖ਼ੁਦ ਨੂੰ ਆਧੁਨਿਕ ਤੇ ਆਲਮੀ ਦਰਜੇ ਦੀ ਫੋਰਸ ਵਜੋਂ ਤਬਦੀਲ ਕਰੇ। ਜ਼ਿਕਰਯੋਗ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨਿੱਚਰਵਾਰ ਨੂੰ ਇਸ ਕਾਨਫਰੰਸ ਨੂੰ ਸੰਬੋਧਨ ਕੀਤਾ ਸੀ।
ਪ੍ਰਧਾਨ ਮੰਤਰੀ ਨੇ ਸਮਾਪਤ ਹੋਈ ਤਿੰਨ ਰੋਜ਼ਾ ਕਾਨਫਰੰਸ ‘ਚ ਪੁਲਿਸ ਮੈਡਲ ਵੀ ਵੰਡੇ। ਕਾਨਫਰੰਸ ਨੂੰ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਦੇਸ਼ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਵੀ ਸੰਬੋਧਨ ਕੀਤਾ।