ਸਟੇਟ ਅਸੈਂਬਲੀ ਵਿਚ ਬਿੱਲ ਹੋਇਆ ਪਾਸ
ਨਿਊਯਾਰਕ/ਬਿਊਰੋ ਨਿਊਜ਼
ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਸਕੂਲਾਂ ਵਿੱਚ ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਮੌਕੇ ਛੁੱਟੀ ਰਹੇਗੀ। ਨਿਊਯਾਰਕ ਟਾਈਮਜ਼ ਦੇ ਮੁਤਾਬਕ ਸਟੇਟ ਅਸੈਂਬਲੀ ਵਿਚ ਇਸ ਸਬੰਧੀ ਬਿੱਲ ਵੀ ਪਾਸ ਹੋ ਗਿਆ ਹੈ। ਨਿਊਯਾਰਕ ਦੇ ਮੇਅਰ ਏਰਿਕ ਐਡਮਸ ਨੇ ਇਸ ਸਬੰਧੀ ਐਲਾਨ ਵੀ ਕਰ ਦਿੱਤਾ ਹੈ। ਮੇਅਰ ਏਰਿਕ ਐਡਮਸ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਗਵਰਨਰ ਕੈਥੀ ਵੀ ਇਸ ਬਿੱਲ ’ਤੇ ਦਸਤਖਤ ਕਰ ਦੇਣਗੇ। ਗਵਰਨਰ ਦੇ ਦਸਤਖਤਾਂ ਤੋਂ ਬਾਅਦ ਇਹ ਬਦਲਾਅ ਨਿਊਯਾਰਕ ਦੇ ਸਾਰੇ ਸਕੂਲਾਂ ਵਿਚ ਲਾਗੂ ਹੋਵੇਗਾ। ਇਹ ਵੀ ਦੱਸਣਯੋਗ ਹੈ ਕਿ ਇਸ ਸਾਲ ਦਿਵਾਲੀ 12 ਨਵੰਬਰ ਯਾਨੀ ਐਤਵਾਰ ਨੂੰ ਮਨਾਈ ਜਾ ਰਹੀ ਹੈ। ਇਸ ਬਦਲਾਅ ਨਾਲ ਨਿਊਯਾਰਕ ਵਿਚ ਰਹਿ ਰਹੇ 2 ਲੱਖ ਤੋਂ ਜ਼ਿਆਦਾ ਪਰਿਵਾਰਾਂ ਨੂੰ ਬਿਹਤਰ ਤਰੀਕੇ ਨਾਲ ਤਿਉਹਾਰ ਮਨਾਉਣ ਦਾ ਮੌਕਾ ਮਿਲੇਗਾ। ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਜ਼ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਵਿਧਾਨ ਸਭਾ ਤੇ ਪਰਿਸ਼ਦ ਨੇ ਨਿਊਯਾਰਕ ਸਿਟੀ ਦੇ ਸਰਕਾਰੀ ਸਕੂਲਾਂ ਨੂੰ ਦੀਵਾਲੀ ’ਤੇ ਬੰਦ ਰੱਖਣ ਦੀ ਇਜਾਜ਼ਤ ਦੇਣ ਵਾਲਾ ਬਿੱਲ ਪਾਸ ਕੀਤਾ ਹੈ। ਉਨ੍ਹਾਂ ਇਸਨੂੰ ਭਾਰਤੀ ਭਾਈਚਾਰੇ ਸਮੇਤ ਸ਼ਹਿਰ ਵਾਸੀਆਂ ਦੀ ‘ਜਿੱਤ’ ਦੱਸਿਆ।