ਅੰਮ੍ਰਿਤਸਰ ਖੇਤਰੀ ਦਫਤਰ ਨਾਲ ਸਬੰਧਤ 40 ਤੋਂ ਵਧੇਰੇ ਐਨ.ਆਰ.ਆਈ.ਲਾੜਿਆਂ ਦੇ ਪਾਸਪੋਰਟਾਂ ‘ਤੇ ਲਗਾਈ ਜਾ ਚੁੱਕੀ ਹੈ ਪਾਬੰਦੀ : ਮੁਨੀਸ਼ ਕਪੂਰ
ਅੰਮ੍ਰਿਤਸਰ : ਭਾਰਤ ਵਿਚ ਵਿਆਹ ਕਰਵਾਉਣ ਤੋਂ ਬਾਅਦ ਆਪਣੀਆਂ ਪਤਨੀਆਂ ਨੂੰ ਇੱਥੇ ਛੱਡ ਕੇ ਵਿਦੇਸ਼ ਦੌੜੇ ਲਾੜਿਆਂ ਵਿਚੋਂ ਅੰਮ੍ਰਿਤਸਰ ਖੇਤਰੀ ਪਾਸਪੋਰਟ ਦਫ਼ਤਰ ਨਾਲ ਸਬੰਧਿਤ 40 ਤੋਂ ਵਧੇਰਿਆਂ ਦੇ ਪਾਸਪੋਰਟਾਂ ‘ਤੇ ਪਾਬੰਦੀ ਲਗਾਈ ਜਾ ਚੁੱਕੀ ਹੈ। ਖੇਤਰੀ ਪਾਸਪੋਰਟ ਅਧਿਕਾਰੀ ਮੁਨੀਸ਼ ਕਪੂਰ ਨੇ ਦੱਸਿਆ ਕਿ ਉਕਤ ਦੇ ਇਲਾਵਾ 100 ਦੀ ਵੱਖਰੇ ਤੌਰ ‘ਤੇ ਸੂਚੀ ਤਿਆਰ ਕੀਤੀ ਗਈ ਹੈ, ਜਦਕਿ ਦੋਸ਼ੀ ਪਾਏ ਗਏ 4-5 ਐਨ.ਆਰ.ਆਈ. ਲਾੜਿਆਂ ਨੂੰ ਭਾਰਤ ਪਹੁੰਚਣ ‘ਤੇ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਜਿਹੇ ਕੇਸਾਂ ਨੂੰ ਵਿਚਾਰ ਕੇ ਸਖ਼ਤੀ ਨਾਲ ਐਕਸ਼ਨ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕਥਿਤ ਦੋਸ਼ੀ ਚਾਹੇ ਉਹ ਵਿਦੇਸ਼ ਵਿਚ ਪੱਕੇ ਹੋਣ ਜਾਂ ਕੱਚੇ, ਨੂੰ ਵਿਦੇਸ਼ ਤੋਂ ਡਿਪੋਰਟ ਕਰਵਾਉਣ ਲਈ ਖੇਤਰੀ ਪਾਸਪੋਰਟ ਦਫ਼ਤਰ ਅੰਮ੍ਰਿਤਸਰ ਨੇ ਵੱਖਰਾ ਡੈਸਕ ਕਾਇਮ ਕੀਤਾ ਹੋਇਆ ਹੈ, ਜਿੱਥੇ ਸਿਰਫ਼ ਅਜਿਹੇ ਕੇਸ ਹੀ ਵਿਚਾਰੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਕੁਝ ਲੋਕਾਂ ਵਲੋਂ ਸੋਸ਼ਲ ਮੀਡੀਆ ਦੇ ਮਦਦ ਨਾਲ ਐਨ.ਆਰ.ਆਈ. ਲਾੜੇ-ਲਾੜੀਆਂ ਤੋਂ ਕਥਿਤ ਤੌਰ ‘ਤੇ ਇਨਸਾਫ਼ ਦਿਵਾਉਣ ਲਈ ਵੱਡੀਆਂ ਰਕਮਾਂ ਵਸੂਲ ਕੀਤੀਆਂ ਜਾ ਰਹੀਆਂ ਹਨ, ਅਜਿਹੇ ਧੋਖੇਬਾਜ਼ਾਂ ਤੋਂ ਸੁਚੇਤ ਰਹਿਣ ਦੀ ਬਹੁਤ ਲੋੜ ਹੈ। ਕਪੂਰ ਨੇ ਦੱਸਿਆ ਕਿ ਪੰਜਾਬ ‘ਚ 40 ਹਜ਼ਾਰ ਦੇ ਲਗਪਗ ਅਜਿਹੇ ਕੇਸ ਹਨ, ਜਿਨ੍ਹਾਂ ਵਿਚ ਵਿਦੇਸ਼ ਵੱਸਦੇ ਪੰਜਾਬੀ ਲੜਕੇ ਪੰਜਾਬ ਆ ਕੇ ਬੜੀ ਸ਼ਾਨੋ-ਸ਼ੌਕਤ ਨਾਲ ਵਿਆਹ ਕਰਵਾ ਕੇ ਚਲੇ ਗਏ। ਉਨ੍ਹਾਂ ਦੱਸਿਆ ਕਿ ਸਥਾਨਕ ਰਣਜੀਤ ਐਵਿਨਿਊ ਸਥਿਤ ਪਾਸਪੋਰਟ ਦਫ਼ਤਰ ਵਿਚ ਇਨ੍ਹਾਂ ਕੇਸਾਂ ਨਾਲ ਨਜਿੱਠਣ ਲਈ ਕਾਇਮ ਕੀਤੇ ਗਏ ਸੈੱਲ ਵਿਚ ਅੰਮ੍ਰਿਤਸਰ, ਤਰਨਤਾਰਨ, ਫ਼ਿਰੋਜ਼ਪੁਰ, ਫ਼ਰੀਦਕੋਟ, ਫ਼ਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਦੀਆਂ ਪੀੜਤ ਧੀਆਂ, ਜਿਨ੍ਹਾਂ ਨੇ ਅਜਿਹੇ ਕੇਸਾਂ ਵਿਚ ਲੜਕੇ ਵਿਰੁੱਧ ਅਪਰਾਧਿਕ ਕੇਸ ਦਰਜ ਕਰਵਾਇਆ ਹੋਇਆ ਹੈ, ਉਹ ਸਹਾਇਤਾ ਪ੍ਰਾਪਤ ਕਰ ਸਕਦੀਆਂ ਹਨ। ਪ੍ਰਾਪਤ ਵੇਰਵਿਆਂ ਅਨੁਸਾਰ ਅਜਿਹੇ ਮਾਮਲਿਆਂ ‘ਤੇ ਲਗਾਮ ਕੱਸਣ ਲਈ ਕਾਨੂੰਨ ਮੰਤਰਾਲੇ ਵਲੋਂ ਵੀ ਐਨ.ਆਰ.ਆਈ. ਭਾਰਤੀਆਂ ਦੇ ਵਿਆਹ ਰਜਿਸਟਰਡ ਕਰਨ ਨੂੰ ਲਾਜ਼ਮੀ ਬਣਾਉਣ ਲਈ ਹੁਕਮ ਲਾਗੂ ਕੀਤੇ ਗਏ ਹਨ। ਇਸ ਕਾਰਵਾਈ ਦੇ ਚੱਲਦਿਆਂ ਤਿੰਨ ਮਹੀਨੇ ਬਾਅਦ ਉਨ੍ਹਾਂ ਦਾ ਨਾਮ ਵਿਦੇਸ਼ ਮੰਤਰਾਲੇ ਦੀ ਵੈੱਬਸਾਈਟ ‘ਤੇ ਭਗੌੜਿਆਂ ਦੀ ਸੂਚੀ ਵਿਚ ਸ਼ਾਮਿਲ ਕਰ ਦਿੱਤਾ ਜਾਵੇਗਾ।
Check Also
‘ਆਪ’ ਵਿਧਾਇਕ ਰਮਨ ਅਰੋੜਾ ਨੂੰ ਵਿਜੀਲੈਂਸ ਨੇ ਅਦਾਲਤ ’ਚ ਕੀਤਾ ਪੇਸ਼
ਅਦਾਲਤ ਨੇ ਵਿਧਾਇਕ ਨੇ ਪੰਜ ਦਿਨ ਦੇ ਰਿਮਾਂਡ ’ਤੇ ਭੇਜਿਆ ਜਲੰਧਰ/ਬਿਊਰੋ ਨਿਊਜ਼ : ‘ਆਪ’ ਵਿਧਾਇਕ …