ਤਲਵੰਡੀ ਸਾਬੋ ਦੇ ਡੀਐੱਸਪੀ ਬਰਿੰਦਰ ਸਿੰਘ ਦਾ ਕਹਿਣਾ ਸੀ ਕਿ ਰਿਫਾਈਨਰੀ ਦੇ ਸੁਰੱਖਿਆ ਇੰਚਾਰਜ ਦੀ ਸ਼ਿਕਾਇਤ ‘ਤੇ ਕੇਸ ਦਰਜ ਕੀਤਾ ਗਿਆ ਹੈ ਤੇ ਇਸ ਮਾਮਲੇ ‘ਚ ਪ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਟਰੱਕਾਂ ਦੇ ਰਜਿਸਟ੍ਰੇਸ਼ਨ ਨੰਬਰ ਟਰਾਂਸਪੋਰਟ ਵਿਭਾਗ ‘ਚੋਂ ਵੈਰੀਫਾਈ ਕਰਾਏ ਜਾਣਗੇ ਤੇ ਉਸ ਮਗਰੋਂ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
ਕੋਈ ਨੁਕਤਾ ਕੱਢੋ ਕੈਪਟਨ ਸਾਬ
ਬਜਟ ਲਈ ਰਾਏ ਲੈਣ ਲਈ ਕਾਂਗਰਸੀ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੀ ਮੀਟਿੰਗ ਸੱਦ ਕੇ ਕੈਪਟਨ ਅਤੇ ਉਨ੍ਹਾਂ ਦੀ ਕੈਬਨਿਟ ਖੁਦ ਹੀ ਆਪਣੇ ਘਰ (ਕਾਂਗਰਸ) ‘ਚ ਘਿਰ ਗਈ। ਜਿਸ ਮਕਸਦ ਦੇ ਲਈ ਮੀਟਿੰਗ ਬੁਲਾਈ ਗਈ ਸੀ ਉਸ ਦੇ ਉਲਟ ਆਪਣੀ ਸਰਕਾਰ ਨੂੰ ਮੈਨੀਫੈਸਟੋ ‘ਚ ਕੀਤੇ ਵਾਅਦੇ ਪੂਰੇ ਕਰਨ ਨੂੰ ਲੈ ਕੇ ਨਸੀਹਤਾਂ ਦੀ ਝੜੀ ਲਗਾ ਦਿੱਤੀ। ਮੀਟਿੰਗ ‘ਚ ਕਈ ਵਿਧਾਇਕਾਂ ਨੇ ਵਾਰ-ਵਾਰ ਦੋਹਰਾਇਆ ਕਿ ਉਨ੍ਹਾਂ ਦੇ ਹਲਕੇ ਦੇ ਨੌਜਵਾਨ ਉਨ੍ਹਾਂ ਨੂੰ ਚਿੜਾਉਂਦੇ ਹਨ ਕਿ ਸਮਾਰਟ ਫੋਨ ਕਦੋਂ ਮਿਲਣਗੇ। ਸਮਾਰਟ ਫੋਨ ਦਾ ਮਸਲਾ ਕਈ ਵਾਰ ਉਠਣ ‘ਤੇ ਇਕ ਵਿਧਾਇਕ ਟੋਕਦਾ ਵੀ ਰਿਹਾ। ਪਹਿਲਾਂ ਗਰੀਬਾਂ ਨੂੰ ਆਟਾ-ਦਾਲ, ਚੀਨੀ-ਚਾਹ ਪੱਤੀ ਤਾਂ ਦੇ ਦੇਈਏ। ਇਕ ਵਿਧਾਇਕ ਦਾ ਸੁਝਾਅ ਬਹੁਤ ਚਰਚਾ ‘ਚ ਰਿਹਾ। ਵਿਧਾਇਕ ਨੇ ਸਿੱਧੇ ਹੀ ਮੁੱਖ ਮੰਤਰੀ ਨੂੰ ਕਿਹਾ ਕਿ ਜਿਸ ਤਰ੍ਹਾਂ ਚੋਣ ਪ੍ਰਚਾਰ ਦੌਰਾਨ ਨੌਂ ਨੁਕਤੇ ਅਪਣਾ ਕੇ ਪਾਰਟੀ ਨੇ ਸਰਕਾਰ ਬਣਾਈ ਹੈ, ਉਸੇ ਤਰ੍ਹਾਂ ਹੀ ਕੈਪਟਨ ਸਾਹਿਬ ਕੋਈ ਨੁਕਤਾ ਕੱਢੋ ਤਾਂ ਕਿ ਮੈਨੀਫੈਸਟੋ ‘ਚ ਕੀਤੇ ਵਾਅਦੇ ਜਲਦੀ ਪੂਰੇ ਕੀਤੇ ਜਾ ਸਕਣ।
ਅਜੇ ਹੋਰ ਇੰਤਜ਼ਾਰ
ਸਾਲ ਭਰ ਤੋਂ 10-12 ਵਿਧਾਇਕ ਮੰਤਰੀ ਬਣਨ ਦੇ ਸੁਪਨੇ ਦੇਖ ਰਹੇ ਹਨ। ਇਨ੍ਹਾਂ ‘ਚੋਂ ਬਣਨਗੇ ਸਿਰਫ਼ 7 ਹੀ। ਮਾਮਲਾ ਲੁਧਿਆਣਾ ਐਮਸੀ ਚੋਣਾਂ ਦੇ ਚਲਦੇ ਅਟਕਿਆ। ਜਿਸ ਤਰ੍ਹਾਂ ਹੀ ਚੋਣ ਖਤਮ ਹੋਈ ਇਨ੍ਹਾਂ ‘ਚੋਂ ਕਈ ਵਿਧਾਇਕਾਂ ਨੇ ਦਿੱਲੀ ਦਰਬਾਰ ਅਤੇ ਮਹਾਰਾਜਾ ਦੇ ਦਰਬਾਰ ਦੇ ਚੱਕਰ ਵਧਾ ਦਿੱਤੇ ਹਨ। ਕਈ ਤਾਂ ਪੂਰੀ ਉਮੀਦ ਲਗਾਈ ਬੈਠੇ ਸਨ ਕਿ ਹੋਲੀ ਤੋਂ ਪਹਿਲਾਂ ਹਾਈ ਕਮਾਂਡ ਦਾ ਫਰਮਾਨ ਆ ਜਾਵੇਗਾ ਅਤੇ ਉਦੋਂ ਹੀ ਉਨ੍ਹਾਂ ਦੀ ਅਸਲੀ ਹੋਲੀ ਹੋਵੇਗੀ। ਉਲਟਾ ਹਾਈ ਕਮਾਂਡ ਹੀ ਹੋਲੀ ਮਨਾਉਣ ਲਈ ਵਿਦੇਸ਼ ਚਲੀ ਗਈ। ਹੋਲੀ ਦੇ ਮੌਕੇ ਰਾਹੁਲ ਨੂੰ ਇਟਲੀ ‘ਚ ਬੈਠੀ 93 ਸਾਲ ਦੀ ਨਾਨੀ ਯਾਦ ਆ ਗਈ। ਹਾਈ ਕਮਾਂਡ ਦੀ ਨਾਨੀ ਦੇ ਚੱਕਰ ‘ਚ ਕਈਆਂ ਦੀ ਹੋਲੀ ਸੁੱਕੀ ਹੀ ਰਹਿ ਗਈ ਜੋ ਸਾਲ ਭਰ ਤੋਂ ਹੋਲੀ ਮਨਾਉਣ ਦੇ ਇੰਤਜ਼ਾਰ ‘ਚ ਸਨ। ਅਜੇ ਇਹ ਇੰਤਜ਼ਾਰ ਇਕ ਮਹੀਨਾ ਹੋਰ ਚੱਲੇਗਾ।
ਗੁੰਡਾ ਟੈਕਸ ਕੀ ਹੈ?
ਸਰਕਾਰ ਬਦਲੀ ਪ੍ਰੰਤੂ ਗੁੰਡਾ ਟੈਕਸ ਜਿਉਂ ਦਾ ਤਿਉਂ ਲਗ ਰਿਹਾ ਹੈ। ਚਰਚਾ ਆਮ ਲੋਕਾਂ ‘ਚ ਹੀ ਨਹੀਂ ਵਿਰੋਧੀ ਧਿਰ ਤੋਂ ਲੈ ਕੇ ਕਾਂਗਰਸੀ ਵਿਧਾਇਕਾਂ ‘ਚ ਵੀ ਆਮ ਹੈ। ਮਾਮਲਾ ਕੈਬਨਿਟ ‘ਚ ਵੀ ਉਠਿਆ, ਕੈਬਨਿਟ ਤੋਂ ਹੁੰਦਾ ਹੋਇਆ ਡੀਜੀਪੀ ਤੱਕ ਪਹੁੰਚਿਆ। ਆਖਰ ਮੁੱਖ ਮੰਤਰੀ ਨੂੰ ਡੀਸੀਜ਼ ਅਤੇ ਐਐਸਪੀ ਦੀ ਕਲਾਸ ਖੁਦ ਲਗਾਉਣੀ ਪਈ। ਕਲਾਸ ‘ਚ ਅਫ਼ਸਰਾਂ ਤੋ ਪੁੱਛਿਆ ਗਿਆ ਭਾਈ ਦੱਸੋ ਕਿ ਗੁੰਡਾ ਟੈਕਸ ਦਾ ਕੀ ਰੌਲਾ ਪਿਆ ਹੈ, ਇਹ ਗੁੰਡਾ ਟੈਕਸ ਹੈ ਕੀ। ਜੀਐਸਟੀ ਲਗਣ ਤੋਂ ਬਾਅਦ ਰਾਜ ਸਰਕਾਰ ਦਾ ਤਾਂ ਕੋਈ ਅਜਿਹਾ ਟੈਕਸ ਨਹੀਂ ਹੈ ਇਹ ਗੁੰਡਾ ਟੈਕਸ ਕੀ ਹੈ? ਕੌਣ ਹੈ ਜੋ ਸਰਕਾਰ ਦੇ ਉਲਟ ਆਪਣੀ ਮਰਜ਼ੀ ਨਾਲ ਇਹ ਟੈਕਸ ਵਸੂਲ ਰਿਹਾ ਹੈ। ਕਲਾਸ ‘ਚ ਕਿਸੇ ਨੇ ਦਬੀ ਹੋਈ ਜ਼ੁਬਾਨ ‘ਚ ਕਿਹਾ ਕੁਝ ਰਸੂਖਦਾਰ ਵਸੂਲ ਰਹੇ ਨੇ ਗੁੰਡਾ ਟੈਕਸ। ਮੁੱਖ ਮੰਤਰੀ ਕੜਕ ਕੇ ਬੋਲੇ ਟੈਕਸ ਵਸੂਲਣ ਵਾਲਿਆਂ ‘ਤੇ ਸਖਤੀ ਵਰਤੋ।
ਇਥੇ ਲੋਕਤੰਤਰ ਤਾਂ ਬਚਿਆ ਹੈ
ਤ੍ਰਿਪੁਰਾ ਜਿੱਤ ਤੋਂ ਉਤਸ਼ਾਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਭਾਸ਼ਣ ‘ਚ ਕੈਪਟਨ ਨੂੰ ਵੀ ਲਪੇਟ ਗਏ। ਸੁਣਿਆ ਹੈ ਕਿ ਕਾਂਗਰਸ ਹਾਈ ਕਮਾਂਡ ਦੀ ਵੀ ਨਹੀਂ ਸੁਣਦੇ ਆਜ਼ਾਦ ਖਿਆਲ ਫੌਜੀ ਮੁੱਖ ਮੰਤਰੀ। ਪੂਰੀ ਤਰ੍ਹਾਂ ਨਾਲ ਆਪਣੀ ਮਨਮਰਜ਼ੀ ਇਸ ਤਰ੍ਹਾਂ ਕਰਦੇ ਹਨ ਕਿ ਲਗਦਾ ਨਹੀਂ ਕਿ ਉਹ ਕਾਂਗਰਸ ਦੇ ਮੁੱਖ ਮੰਤਰੀ ਹਨ। ਕਹਿਣ ਨੂੰ ਤਾਂ ਪੰਜਾਬ ‘ਚ ਕਾਂਗਰਸ ਦੀ ਸਰਕਾਰ ਹੈ ਪ੍ਰੰਤੂ ਕੈਪਟਨ ਦੀ ਮਨਮਰਜੀ ਨੂੰ ਦੇਖਦੇ ਹੋਏ ਅਜਿਹਾ ਲਗਦਾ ਨਹੀਂ ਹੈ। ਪ੍ਰਧਾਨ ਮੰਤਰੀ ਦੇ ਇਸ ਬਿਆਨ ‘ਤੇ ਇਕ ਸੀਨੀਅਰ ਕਾਂਗਰਸੀ ਆਗੂ ਨੇ ਚੁਟਕੀ ਲੈਂਦੇ ਹੋਏ ਕਿਹਾ ਕਿ ਮੋਦੀ ਜੀ ਨੇ ਇਹ ਤਾਂ ਮੰਨਿਆ ਕਿ ਕਾਂਗਰਸ ‘ਚ ਲੋਕਤੰਤਰ ਹੈ ਤਦ ਹੀ ਆਜ਼ਾਦ ਖਿਆਲ ਕੈਪਟਨ ਅਮਰਿੰਦਰ ਸਿੰਘ ਆਪਣੀ ਮਨਮਰਜ਼ੀ ਨਾਲ ਹਾਈ ਕਮਾਂਡ ਦੇ ਦਖਲ ਤੋਂ ਬਿਨਾ ਸਰਕਾਰ ਚਲਾ ਰਹੇ ਹਨ, ਇਥੇ ਤਾਂ ਕੇਂਦਰ ਦੀ ਸਰਕਾਰ ਅਤੇ ਭਾਜਪਾ ਸੰਗਠਨ ਚਲਾਉਣ ਵਾਲੇ ਸਿਰਫ਼ ਦੋ ਤਿੰਨ ਹੀ ਆਗੂ ਹਨ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …