
ਸਰਕਾਰੀ ਘਰ ਦੀ ਲਾਇਸੈਂਸ ਫੀਸ ਨਾ ਭਰਨ ਦਾ ਲੱਗਾ ਆਰੋਪ
ਚੰਡੀਗੜ੍ਹ/ਬਿਊਰੋ ਨਿਊਜ਼
ਚੰਡੀਗੜ੍ਹ ਤੋਂ ਦੋ ਵਾਰ ਸੰਸਦ ਮੈਂਬਰ ਰਹਿ ਚੁੱਕੀ ਕਿਰਨ ਖੇਰ ਨੂੰ ਯੂਟੀ ਪ੍ਰਸ਼ਾਸਨ ਨੇ ਕਰੀਬ 13 ਲੱਖ ਰੁਪਏ ਦੇ ਬਕਾਏ ਨੂੰ ਲੈ ਕੇ ਨੋਟਿਸ ਜਾਰੀ ਕੀਤਾ ਹੈ। ਮੀਡੀਆ ਤੋਂ ਮਿਲੀ ਜਾਣਕਾਰੀ ਮੁਤਾਬਕ ਕਿਰਨ ਖੇਰ ਵਲੋਂ ਚੰਡੀਗੜ੍ਹ ਦੇ ਸੈਕਟਰ 7 ਵਿਖੇ ਅਲਾਟ ਹੋਏ ਸਰਕਾਰੀ ਘਰ ਦਾ ਕਿਰਾਇਆ ਨਹੀਂ ਭਰਿਆ ਅਤੇ ਇਹ ਕਿਰਾਇਆ ਹੁਣ 13 ਲੱਖ ਰੁਪਏ ਦੇ ਕਰੀਬ ਹੋ ਗਿਆ ਹੈ। ਉਨ੍ਹਾਂ ਨੂੰ ਅਲਾਟ ਕੀਤੇ ਗਏ ਘਰ ਦੀ ਲਾਇਸੈਂਸ ਫੀਸ ਦੇ ਤੌਰ ’ਤੇ 12 ਲੱਖ 76 ਹਜ਼ਾਰ ਰੁਪਏ ਦਾ ਬਕਾਇਆ ਸੀ। ਕਿਰਨ ਖੇਰ ਨੂੰ ਪੈਸੇ ਜਲਦੀ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਨੂੰ ਰੈਂਟਸ ਦੇ ਅਸਿਸਟੈਂਟ ਕੰਟਰੋਲਰ ਵਲੋਂ ਇਹ ਨੋਟਿਸ ਭੇਜਿਆ ਗਿਆ ਹੈ। ਪ੍ਰਸ਼ਾਸਨ ਨੇ ਸਾਬਕਾ ਸੰਸਦ ਮੈਂਬਰ ਨੂੰ 12 ਲੱਖ, 76 ਹਜ਼ਾਰ, 418 ਰੁਪਏ ਦਾ ਨੋਟਿਸ ਭੇਜਿਆ ਗਿਆ ਹੈ। ਹੁਣ ਜੇਕਰ ਕਿਰਨ ਖੇਰ ਵਲੋਂ ਇਹ ਰਕਮ ਜਮ੍ਹਾਂ ਨਹੀਂ ਕਰਵਾਈ ਜਾਂਦੀ ਤਾਂ ਬਕਾਇਆ ਰਕਮ ’ਤੇ 12 ਫੀਸਦੀ ਵਿਆਜ਼ ਲੱਗੇਗਾ।

