ਮੁੱਖ ਮੰਤਰੀ ਵਲੋਂ ਅੰਗਰੇਜ਼ੀ ’ਚ ਚਿੱਠੀਆਂ ਲਿਖਣ ’ਤੇ ਲੇਖਕ ਸਭਾਵਾਂ ਨੇ ਪ੍ਰਗਟਾਇਆ ਰੋਸ April 8, 2022 ਚੰਡੀਗੜ੍ਹ : ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਗੱਲ ਕਰਨ ਵਾਲੇ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਪੂਰਨਿਆਂ ’ਤੇ ਤੁਰਨ ਵਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਵਲੋਂ ਮਾਂ ਬੋਲੀ ਪੰਜਾਬੀ ਨੂੰ ਵਿਸਾਰਨ ’ਤੇ ਲੇਖਕ ਸਭਾਵਾਂ ਚਿੰਤਤ ਨਜ਼ਰ ਆਈਆਂ। ਪੰਜਾਬ ਅਤੇ ਚੰਡੀਗੜ੍ਹ ਦੀਆਂ ਵੱਖੋ-ਵੱਖ ਸਾਹਿਤਕ ਸਭਾਵਾਂ ਨੇ ਸਾਂਝੇ ਰੂਪ ਵਿਚ ਇਸ ਗੱਲ ’ਤੇ ਡੂੰਘਾ ਰੋਸ ਪ੍ਰਗਟਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਦਸਤਖਤਾਂ ਹੇਠ ਜਾਰੀ ਚਿੱਠੀਆਂ ਦੀ ਭਾਸ਼ਾ ਅੰਗਰੇਜ਼ੀ ਹੈ। ਸੰਸਥਾਵਾਂ ਨੇ ਹਾਲ ਹੀ ਵਿਚ ਪੰਜਾਬ ਦੇ ਕਮਿਸ਼ਨਰਾਂ ਅਤੇ ਜ਼ਿਲ੍ਹਾ ਮੁਖੀਆਂ ਨੂੰ ਲਿਖੀ ਗਈ ਚਿੱਠੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਪੰਜਾਬ ਵਿਚ ਜੇਕਰ ਪੰਜਾਬ ਸਰਕਾਰ ਹੀ ਮਾਂ ਬੋਲੀ ਪੰਜਾਬੀ ਨੂੰ ਉਸਦਾ ਬਣਦਾ ਸਥਾਨ ਨਹੀਂ ਦੇਵੇਗੀ ਅਤੇ ਮਾਂ ਬੋਲੀ ਸਬੰਧੀ ਕਾਨੂੰਨ ਨੂੰ ਦਰਕਿਨਾਰ ਕਰਕੇ ਸੂਬੇ ਵਿਚ ਅੰਗਰੇਜ਼ੀ ਨੂੰ ਮੂਹਰੀ ਸਥਾਨ ’ਤੇ ਰੱਖੇਗੀ ਤਾਂ ਫਿਰ ਪੰਜਾਬੀ ਨੂੰ ਬਣਦਾ ਉਸਦਾ ਰੁਤਬਾ ਦਿਵਾਉਣ ਲਈ ਕੰਮ ਕੌਣ ਕਰੇਗਾ। ਪੰਜਾਬੀ ਲੇਖਕ ਸਭਾ ਚੰਡੀਗੜ੍ਹ, ਲੋਕ ਮੰਚ ਪੰਜਾਬ, ਅਦਾਰਾ ਹੁਣ, ਸਾਹਿਤ ਵਿਗਿਆਨ ਕੇਂਦਰ ਮੁਹਾਲੀ, ਕੌਮਾਂਤਰੀ ਪੰਜਾਬੀ ਇਲਮ, ਸੂਲ ਸੁਰਾਹੀ ਸਾਹਿਤ ਸਭਾ ਪੰਜਾਬ ਸਣੇ ਹੋਰ ਵੱਖ-ਵੱਖ ਮਾਂ ਬੋਲੀ ਪੰਜਾਬੀ ਦੀਆਂ ਮੁਦੱਈ ਤੇ ਪੰਜਾਬੀ ਲੇਖਕ ਸਭਾਵਾਂ ਵਲੋਂ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਸਾਂਝੇ ਬਿਆਨ ਵਿਚ ਇਨ੍ਹਾਂ ਸੰਸਥਾਵਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਗੱਲ ਵੱਲ ਗੰਭੀਰਤਾ ਨਾਲ ਧਿਆਨ ਦੇਣ ਤਾਂ ਜੋ ਮਾਂ ਬੋਲੀ ਪੰਜਾਬੀ ਦਾ ਸਨਮਾਨ ਪੰਜਾਬ ਵਿਚ ਬਹਾਲ ਰਹੇ। ਇਹ ਵੀ ਮੰਗ ਕੀਤੀ ਗਈ ਕਿ ਸਕੂਲਾਂ ਵਿਚ ਜਿੱਥੇ ਪੰਜਾਬੀ ਮਾਧਿਅਮ ਲਾਜ਼ਮੀ ਬਣਾਇਆ ਜਾਵੇ, ਉਥੇ ਹੀ ਲੋਕਾਂ ਨੂੰ ਅਦਾਲਤੀ ਇਨਸਾਫ ਵੀ ਆਪਣੀ ਭਾਸ਼ਾ ਵਿਚ ਮਿਲੇ, ਪਰ ਇਨ੍ਹਾਂ ਆਸਾਂ ਨੂੰ ਉਸ ਸਮੇਂ ਢਾਹ ਲੱਗਦੀ ਹੈ, ਜਦੋਂ ਮੁੱਖ ਮੰਤਰੀ ਦੇ ਦਸਤਖਤਾਂ ਹੇਠ ਹੀ ਅੰਗਰੇਜ਼ੀ ਵਿਚ ਲਿਖੀਆਂ ਚਿੱਠੀਆਂ ਜਾਰੀ ਹੁੰਦੀਆਂ ਹਨ। 2022-04-08 goldy Share Facebook Twitter Google + Stumbleupon LinkedIn Pinterest