ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਨਹੀਂ ਪੜ੍ਹਨ ਦਿੱਤਾ ਗਿਆ ਪੂਰਾ ਭਾਸ਼ਣ
ਕਾਂਗਰਸੀ ਵਿਧਾਇਕ ਹਰਿਆਣਾ ਦੇ ਗ੍ਰਹਿ ਮੰਤਰੀ ਅਤੇ ਪੁਲਿਸ ਖਿਲਾਫ ਮਾਮਲਾ ਦਰਜ ਕਰਨ ’ਤੇ ਅੜੇ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੀ ਸ਼ੁਰੂਆਤ ਅੱਜ ਭਾਰੀ ਹੰਗਾਮੇ ਦੇ ਨਾਲ ਹੋਈ। ਵਿਧਾਨ ਸਭਾ ਦੀ ਕਾਰਵਾਈ ਦੇ ਪਹਿਲੇ ਦਿਨ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦਾ ਭਾਸ਼ਣ ਸ਼ੁਰੂ ਹੁੰਦਿਆਂ ਹੀ ਕਿਸਾਨ ਅੰਦੋਲਨ ਨੂੰ ਲੈ ਸਦਨ ਅੰਦਰ ਹੰਗਾਮਾ ਹੋ ਗਿਆ ਅਤੇ ਕਾਂਗਰਸੀ ਵਿਧਾਇਕਾਂ ਨੇ ਰਾਜਪਾਲ ਦੇ ਭਾਸ਼ਣ ਨੂੰ ਵਿਚਾਲੇ ਹੀ ਰੋਕ ਦਿੱਤਾ। ਵਿਰੋਧੀ ਧਿਰ ਵੱਲੋਂ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨ ਸ਼ੁਭਕਰਨ ਦਾ ਮਾਮਲਾ ਚੁੱਕਿਆ ਗਿਆ। ਰਾਜਪਾਲ ਵੱਲੋਂ ਵਿਰੋਧੀ ਧਿਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਉਹ ਨਹੀਂ ਮੰਨੇ, ਜਿਸ ਦੇ ਚਲਦਿਆਂ ਰਾਜਪਾਲ ਨੇ ਆਪਣੇ ਭਾਸ਼ਣ ਦੀ ਪਹਿਲੀ ਅਤੇ ਆਖਰੀ ਲਾਈਨ ਪੜ੍ਹੀ ਅਤੇ ਉਹ ਵਿਧਾਨ ਸਭਾ ਤੋਂ ਚਲੇ ਗਏ। ਵਿਰੋਧੀ ਧਿਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੀ ਸਰਹੱਦ ਅੰਦਰ ਵੀ ਆਪਣੇ ਕਿਸਾਨਾਂ ਦੀ ਰਾਖੀ ਨਹੀਂ ਕਰ ਸਕੇ ਅਤੇ ਸਰਕਾਰ ਨੇ ਸ਼ਹੀਦ ਕਿਸਾਨ ਦੀ ਮੌਤ ਦੇ ਮਾਮਲੇ ’ਚ ਕਿਸੇ ਅਣਪਛਾਤੇ ਵਿਅਕਤੀ ਖਿਲਾਫ਼ ਐਫਆਈਆਰ ਦਰਜ ਕੀਤੀ ਹੈ। ਵਿਰੋਧੀ ਧਿਰ ਨੇ ਪੁੱਛਿਆ ਕਿ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਅਤੇ ਹਰਿਆਣਾ ਪੁਲਿਸ ਖਿਲਾਫ਼ ਮਾਮਲਾ ਦਰਜ ਕਿਉਂ ਨਹੀਂ ਕੀਤਾ ਗਿਆ। ਜਿਸ ਤੋਂ ਬਾਅਦ ਭਾਰੀ ਹੰਗਾਮੇ ਦੇ ਚਲਦਿਆਂ ਸਦਨ ਦੀ ਕਾਰਵਾਈ ਨੂੰ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ।