Breaking News
Home / ਪੰਜਾਬ / ਅਕਾਲੀ ਦਲ ਦੀ ਪੰਜਾਬ ਯਾਤਰਾ ਦਾ ਕਿਸਾਨਾਂ ਨੇ ਕੀਤਾ ਡਟਵਾਂ ਵਿਰੋਧ

ਅਕਾਲੀ ਦਲ ਦੀ ਪੰਜਾਬ ਯਾਤਰਾ ਦਾ ਕਿਸਾਨਾਂ ਨੇ ਕੀਤਾ ਡਟਵਾਂ ਵਿਰੋਧ

ਸੱਤਾ ਵਿਚ ਆਏ ਤਾਂ ਖੇਤੀ ਕਾਨੂੰਨ ਰੱਦ ਕਰਾਂਗੇ : ਸੁਖਬੀਰ
ਜ਼ੀਰਾ : ਸ਼੍ਰੋਮਣੀ ਅਕਾਲੀ ਦਲ ਦੀ 100 ਰੋਜ਼ਾ ਪੰਜਾਬ ਯਾਤਰਾ ਦੇ ਜ਼ੀਰਾ ਤੋਂ ਆਗਾਜ਼ ਮੌਕੇ ਭਾਵੇਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕਿਸਾਨ ਜਥੇਬੰਦੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਪਰ ਉਨ੍ਹਾਂ ਐਲਾਨ ਕੀਤਾ ਕਿ ਸੂਬੇ ਵਿੱਚ ਅਕਾਲੀ-ਬਸਪਾ ਸਰਕਾਰ ਬਣਨ ‘ਤੇ ਅਸੈਂਬਲੀ ਵਿੱਚ ਤਿੰਨ ਖੇਤੀ ਕਾਨੂੰਨ ਲਿਆ ਕੇ ਰੱਦ ਕੀਤੇ ਜਾਣਗੇ। ਉਨ੍ਹਾਂ ਕਾਂਗਰਸ ਤੇ ਆਮ ਆਦਮੀ ਪਾਰਟੀ ‘ਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਵੀ ਦੋਸ਼ ਲਾਇਆ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਨੇ ਜ਼ੀਰਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਦੇ ਸੱਦੇ ‘ਤੇ ਜ਼ੀਰਾ ਪਹੁੰਚੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਤਿੱਖਾ ਵਿਰੋਧ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਕਿਸਾਨਾਂ ਨੇ ਸੁਖਬੀਰ ਦੇ ਕਾਫ਼ਲੇ ਨੂੰ ਕਾਲੀਆਂ ਝੰਡੀਆਂ ਵੀ ਵਿਖਾਈਆਂ। ਜ਼ੀਰਾ ਮੁੱਖ ਚੌਕ ਅਤੇ ਫਿਰੋਜ਼ਪੁਰ ਰੋਡ ‘ਤੇ ਨਾਕਾ ਲਾ ਕੇ ਬੈਠੇ ਕਿਸਾਨ-ਮਜ਼ਦੂਰਾਂ ਨੇ ਮੁੱਖ ਸੜਕ ਤੋਂ ਸੁਖਬੀਰ ਬਾਦਲ ਦਾ ਕਾਫ਼ਲਾ ਨਾ ਲੰਘਣ ਦਿੱਤਾ। ਕਿਸਾਨਾਂ, ਮਜ਼ਦੂਰਾਂ ਤੇ ਬੀਬੀਆਂ ਨੇ ਕਾਫ਼ਲੇ ਦੇ ਅੱਗੇ ਹੋ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ, ਜਿਸ ਕਾਰਨ ਰੂਟ ਬਦਲ ਕੇ ਜ਼ੀਰਾ ਸ਼ਹਿਰ ਵਿੱਚ ਦਾਖ਼ਲ ਹੋਣਾ ਪਿਆ। ਕਿਸਾਨ ਆਗੂਆਂ ਨੇ ਕਿਹਾ ਕਿ ਜਿੰਨਾ ਚਿਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਦਿੱਲੀ ਮੋਰਚੇ ਦੀ ਜਿੱਤ ਨਹੀਂ ਹੁੰਦੀ, ਓਨਾ ਚਿਰ ਪਾਰਟੀਆਂ ਦਾ ਵਿਰੋਧ ਹੁੰਦਾ ਰਹੇਗਾ।
ਇਸ ਮੌਕੇ ਸੁਖਬੀਰ ਬਾਦਲ ਨੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਦੇ ਹੱਕ ਵਿੱਚ ਚੋਣ ਬਿਗਲ ਵਜਾਉਂਦਿਆਂ ਜ਼ੀਰਾ, ਮੱਖੂ ਤੇ ਮੱਲਾਂ ਦੇ ਵੱਖ ਵੱਖ ਪਿੰਡਾਂ ਵਿੱਚ ਇਕੱਠ ਕੀਤੇ, ਜਿਸ ਵਿੱਚ ਅਕਾਲੀ ਆਗੂ ਤੇ ਵਰਕਰ ਸ਼ਾਮਲ ਹੋਏ। ਉਨ੍ਹਾਂ ਜ਼ੀਰਾ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਆਉਣ ‘ਤੇ ਪੰਜਾਬ ਨੂੰ ਮੁੜ ਵਿਕਾਸ ਦੀਆਂ ਲੀਹਾਂ ‘ਤੇ ਲੈ ਕੇ ਜਾਵਾਂਗੇ। ਬਾਦਲ ਤੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਝੂਠੇ ਵਾਅਦੇ ਕਰ ਕੇ ਜਨਤਾ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਅੱਖਾਂ ਖੁੱਲ੍ਹ ਚੁੱਕੀਆਂ ਹਨ ਤੇ ਹੁਣ ਉਹ ਇਨ੍ਹਾਂ ਦੀਆਂ ਗੱਲਾਂ ਵਿੱਚ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਵੱਲੋਂ ਪੰਜਾਬ ਦੇ ਲੋਕਾਂ ਨੂੰ ਮੁਫ਼ਤ ਬਿਜਲੀ ਦੀ ਗਾਰੰਟੀ ਦੇ ਕੇ ਭਰਮਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ-ਬਸਪਾ ਸਰਕਾਰ ਆਉਣ ‘ਤੇ ਤਿੰਨੇ ਖੇਤੀ ਕਾਨੂੰਨ ਅਸੈਂਬਲੀ ਵਿੱਚ ਲਿਆ ਕੇ ਰੱਦ ਕੀਤੇ ਜਾਣਗੇ। ਉਨ੍ਹਾਂ ਕੈਪਟਨ ਸਰਕਾਰ ‘ਤੇ ਸਰਕਟ ਹਾਊਸਾਂ ਨੂੰ ਵੇਚਣ ਦਾ ਵੀ ਦੋਸ਼ ਲਾਇਆ। ਇਸ ਮੌਕੇ 100 ਦੇ ਕਰੀਬ ਮੋਟਰਸਾਈਕਲਾਂ ‘ਤੇ ਅਕਾਲੀ ਦਲ ਦੇ ਝੰਡੇ ਲਗਾ ਕੇ ਨੌਜਵਾਨਾਂ ਵੱਲੋਂ ਰੈਲੀ ਵੀ ਕੱਢੀ ਗਈ।

Check Also

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਦਾ ਨਤੀਜਾ ਐਲਾਨਿਆ

ਲੁਧਿਆਣਾ ਦੀ ਆਦਿੱਤੀ ਨੇ 100% ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਮੁਹਾਲੀ/ਬਿਊਰੋ ਨਿਊਜ਼ ਪੰਜਾਬ …