Breaking News
Home / ਪੰਜਾਬ / ਲਖੀਮਪੁਰ ਖੀਰੀ ’ਚ ਕਿਸਾਨਾਂ ਦਾ ਧਰਨਾ ਭਲਕੇ

ਲਖੀਮਪੁਰ ਖੀਰੀ ’ਚ ਕਿਸਾਨਾਂ ਦਾ ਧਰਨਾ ਭਲਕੇ

ਪੰਜਾਬ ’ਚੋਂ ਵੱਡੀ ਗਿਣਤੀ ’ਚ ਕਿਸਾਨ ਪਹੁੰਚਣਗੇ ਲਖੀਮਪੁਰ ਖੀਰੀ
ਚੰਡੀਗੜ੍ਹ/ਬਿਊਰੋ ਨਿਊਜ਼
ਉਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਚ ਭਲਕੇ ਵੀਰਵਾਰ ਨੂੰ ਕਿਸਾਨਾਂ ਵਲੋਂ 75 ਘੰਟਿਆਂ ਲਈ ਰੋਸ ਧਰਨਾ ਲਗਾਇਆ ਜਾ ਰਿਹਾ ਹੈ ਅਤੇ ਪੰਜਾਬ ਵਿਚੋਂ ਵੱਡੀ ਗਿਣਤੀ ਵਿਚ ਕਿਸਾਨ ਲਖੀਮਪੁਰ ਖੀਰੀ ਵਿਖੇ ਪਹੁੰਚਣਗੇ। ਪਿਛਲੇ ਦਿਨੀਂ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵਿਚ ਇਹ ਤੈਅ ਹੋਇਆ ਸੀ ਕਿ 10 ਹਜ਼ਾਰ ਕਿਸਾਨ ਪੰਜਾਬ ਤੋਂ ਲਖੀਮਪੁਰ ਖੀਰੀ ਵਿਚ ਇਨਸਾਫ ਦੀ ਮੰਗ ਲਈ ਜਾਣਗੇ। ਜ਼ਿਕਰਯੋਗ ਹੈ ਕਿ ਪਿਛਲੇ ਸਾਲ 3 ਅਕਤੂਬਰ ਨੂੰ ਲਖੀਮਪੁਰ ਖੀਰੀ ਵਿਖੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਉਤੇ ਇਕ ਗੱਡੀ ਆਣ ਚੜ੍ਹੀ ਸੀ ਅਤੇ ਇਸ ਦੌਰਾਨ ਚਾਰ ਕਿਸਾਨਾਂ ਦੀ ਜਾਨ ਚਲੇ ਗਈ ਸੀ। ਇਸ ਤੋਂ ਬਾਅਦ ਹੋਈ ਹਿੰਸਾ ਵਿਚ ਚਾਰ ਹੋਰ ਵਿਅਕਤੀਆਂ ਅਤੇ ਇਕ ਪੱਤਰਕਾਰ ਦੀ ਵੀ ਮੌਤ ਹੋ ਗਈ ਸੀ। ਇਸ ਦੇ ਚੱਲਦਿਆਂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ’ਚ ਕੇਂਦਰੀ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਮੁੰਡੇ ਅਸ਼ੀਸ਼ ਮਿਸ਼ਰਾ ’ਤੇ ਦੋਸ਼ ਲੱਗੇ ਸਨ ਕਿ ਜਿਸ ਗੱਡੀ ਨੇ ਕਿਸਾਨਾਂ ਨੂੰ ਕੁਚਲਿਆ, ਉਸ ਵਿਚ ਅਸ਼ੀਸ਼ ਮਿਸ਼ਰਾ ਬੈਠਾ ਹੋਇਆ ਸੀ। ਇਸ ਤੋਂ ਬਾਅਦ ਅਸ਼ੀਸ਼ ਮਿਸ਼ਰਾ ਦੀ ਗਿ੍ਰਫਤਾਰੀ ਹੋਈ ਅਤੇ ਬਾਅਦ ਵਿਚ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਪੀੜਤਾਂ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਤਾਂ ਅਸ਼ੀਸ਼ ਮਿਸਰਾ ਨੂੰ ਫਿਰ ਜੇਲ੍ਹ ਭੇਜ ਦਿੱਤਾ ਗਿਆ। ਹੁਣ ਕਿਸਾਨ ਲਖੀਮਪੁਰ ਖੀਰੀ ਮਾਮਲੇ ਵਿਚ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਭਲਕੇ ਵੀਰਵਾਰ ਨੂੰ ਧਰਨਾ ਲਗਾਉਣਗੇ। ਕਿਸਾਨਾਂ ਵਲੋਂ ਇਹ ਧਰਨਾ ਕੇਂਦਰ ਦੀ ਮੋਦੀ ਸਰਕਾਰ, ਉਤਰ ਪ੍ਰਦੇਸ਼ ਦੀ ਸਰਕਾਰ ਅਤੇ ਕੇਂਦਰੀ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਖਿਲਾਫ ਲਗਾਇਆ ਜਾ ਰਿਹਾ ਹੈ। ਇਸ ਧਰਨੇ ਵਿਚ ਸ਼ਾਮਲ ਹੋਣ ਲਈ ਪੰਜਾਬ ਵਿਚੋਂ ਵੱਡੀ ਗਿਣਤੀ ਵਿਚ ਕਿਸਾਨ ਪਹੁੰਚ ਰਹੇ ਹਨ।

 

Check Also

ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਆਗੂਆਂ ਨੂੰ ਪੁੱਛੇ ਜਾਣ ਵਾਲੇ ਸਵਾਲਾਂ ਸਬੰਧੀ ਪੋਸਟਰ ਕੀਤਾ ਜਾਵੇਗਾ ਜਾਰੀ

32 ਕਿਸਾਨ ਜਥੇਬੰਦੀਆਂ ਦੀ ਚੰਡੀਗੜ੍ਹ ’ਚ ਹੋਈ ਮੀਟਿੰਗ ਦੌਰਾਨ ਲਿਆ ਗਿਆ ਫੈਸਲਾ ਚੰਡੀਗੜ੍ਹ/ਬਿਊਰੋ ਨਿਊਜ਼ : …