Breaking News
Home / ਪੰਜਾਬ / ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਨੂੰ ਦਿੱਤੀ ਵਿਰਾਸਤੀ ਦਿਖ

ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਨੂੰ ਦਿੱਤੀ ਵਿਰਾਸਤੀ ਦਿਖ

virasti-dikhਵਿਸ਼ਵ ਪੱਧਰੀ ਵਿਰਾਸਤੀ ਤੇ ਸੁੰਦਰ ਦਿਖ ਦੇਣ ਦਾ ਸੁਪਨਾ ਪੂਰਾ ਹੋਇਆ: ਉਪ ਮੁੱਖ ਮੰਤਰੀ
ਅੰਮ੍ਰਿਤਸਰ : ਪੁਰਾਤਨ ਟਾਊਨ ਹਾਲ ਇਮਾਰਤ ਤੋਂ ਸ੍ਰੀ ਹਰਿਮੰਦਰ ਸਾਹਿਬ ਤੱਕ ਦੇ ਰਸਤੇ ਨੂੰ ਨਵੀਂ ਵਿਰਾਸਤੀ ਦਿਖ ਦੇ ਦਿੱਤੀ ਗਈ ਹੈ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਸ੍ਰੀ ਹਰਿਮੰਦਰ ਸਾਹਿਬ ਅਤੇ ਇਸ ਦੇ ਆਲੇ ਦੁਆਲੇ ਨੂੰ ਵਿਸ਼ਵ ਪੱਧਰੀ ਵਿਰਾਸਤੀ ਤੇ ਸੁੰਦਰ ਦਿਖ ਦੇਣ ਦਾ ਸੁਪਨਾ ਪੂਰਾ ਹੋ ਗਿਆ ਹੈ। ਉਨ੍ਹਾਂ ਇਸ ਨੂੰ ਲੋਕਾਂ ਲਈ ਦੀਵਾਲੀ ਦਾ ਤੋਹਫਾ ਕਰਾਰ ਦਿੱਤਾ। ਮੀਡੀਆ ਨੂੰ ਵਿਰਾਸਤੀ ਸੈਰ ਕਰਾਉਣ ਦੌਰਾਨ ਉਨ੍ਹਾਂ ਭਾਰਤ-ਪਾਕਿ ਵੰਡ ਮਿਊਜ਼ੀਅਮ ਦਾ ਰਸਮੀ ਉਦਘਾਟਨ ਵੀ ਕੀਤਾ। ਸਮੁੱਚੀ ਯੋਜਨਾ ‘ਤੇ ਸਰਕਾਰ ਨੇ ਲਗਭਗ 250 ਕਰੋੜ ਰੁਪਏ ਖ਼ਰਚ ਕੀਤੇ ਹਨ ਅਤੇ 170 ਇਮਾਰਤਾਂ ਦੀ ਬਾਹਰੀ ਦਿਖ ਨੂੰ ਨਵਿਆਉਣ ਲਈ 160 ਕਰੋੜ ਰੁਪਏ ਖ਼ਰਚੇ ਹਨ।
ਵਿਰਾਸਤੀ ਸੈਰ ਅੰਮ੍ਰਿਤਸਰ ਬਾਈਪਾਸ ਨੇੜੇ ਬਣਾਏ ਗਏ ‘ਗੇਟਵੇਅ ਆਫ ਅੰਮ੍ਰਿਤਸਰ’ ਤੋਂ ਸ਼ੁਰੂ ਹੋਈ। ਉਪ ਮੁੱਖ ਮੰਤਰੀ ਨੇ ਆਖਿਆ ਕਿ ਸ਼ਹਿਰ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਯਾਤਰੂਆਂ ਨੂੰ ਇਸ ਸੁਨਹਿਰੀ ਗੇਟ ਨੂੰ ਦੇਖ ਕੇ ਅਹਿਸਾਸ ਹੋ ਜਾਵੇਗਾ ਕਿ ਉਹ ਗੋਲਡਨ ਟੈਂਪਲ (ਸ੍ਰੀ ਹਰਿਮੰਦਰ ਸਾਹਿਬ) ਦੇ ਸ਼ਹਿਰ ਅੰਮ੍ਰਿਤਸਰ ਪੁੱਜ ਰਹੇ ਹਨ। ਗੇਟ ‘ਤੇ ਸੁਨਹਿਰੀ ਰੰਗ ਦਾ ਵੱਡਾ ਗੁੰਬਦ ਬਣਾਇਆ ਗਿਆ ਹੈ, ਜੋ ਸ੍ਰੀ ਹਰਿਮੰਦਰ ਸਾਹਿਬ ਨੂੰ ਚਿੰਨ੍ਹਤ ਕਰਦਾ ਹੈ। ਗੇਟ ਦਾ ਡਿਜ਼ਾਇਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਰਕੀਟੈਕਟ ਵਿਭਾਗ ਵੱਲੋਂ ਤਿਆਰ ਕੀਤਾ ਗਿਆ ਹੈ। ਟਾਊਨ ਹਾਲ ਦੀ ਪੁਰਾਤਨ ਇਮਾਰਤ ਵਿੱਚ ਦਾਖਲ ਹੁੰਦਿਆਂ ਹੀ ਇਕ ਵੱਡਾ ਫੁਹਾਰਾ ਅਤੇ ਇਸ ਦੇ ਦੋਵੇਂ ਪਾਸੇ ਸਿੱਖ ਘੋੜਸਵਾਰਾਂ ਦੇ ਬੁੱਤ ਜੀ ਆਇਆਂ ਆਖਦੇ ਹਨ। ਪੁਲਿਸ ਸਟੇਸ਼ਨ ਕੋਤਵਾਲੀ ਅਤੇ ਨਗਰ ਨਿਗਮ ਦੇ ਦਫ਼ਤਰ ਦੀ ਇਮਾਰਤ ਨੂੰ ਵਿਰਾਸਤੀ ਦਿਖ ਦਿੱਤੀ ਗਈ ਹੈ। ਇਸ ਦੇ ਇਕ ਹਿੱਸੇ ਵਿੱਚ ਭਾਰਤ-ਪਾਕਿ ਵੰਡ ਦੀ ਪੀੜ ਨੂੰ ਦਰਸਾਉਂਦਾ ਮਿਊਜ਼ੀਅਮ ਸਥਾਪਤ ਕੀਤਾ ਗਿਆ ਹੈ। ਦੂਜੇ ਹਿੱਸੇ ਵਿੱਚ ਪੰਜਾਬੀ ਸਭਿਆਚਾਰ ਨੂੰ ਦਰਸਾਉਂਦਾ ਮਿਊਜ਼ੀਅਮ ਬਣਾਇਆ ਜਾਵੇਗਾ।
ਗੁਰਦੁਆਰਾ ਸੰਤੋਖਸਰ ਦੇ ਬਾਹਰ ਵਾਲੇ ਹਿੱਸੇ ਨੂੰ ਵੀ ਪੁਰਾਤਨ ਦਿਖ ਦਿੱਤੀ ਗਈ ਹੈ। ਉਪ ਮੁੱਖ ਮੰਤਰੀ ਨੇ ਇਸ ਖੇਤਰ ਦੀ ਤੁਲਨਾ ਲੰਡਨ ਦੇ ਟਾਈਮ ਸਕੁਏਅਰ ਨਾਲ ਕੀਤੀ ਹੈ। ਟਾਊਨ ਹਾਲ ਇਮਾਰਤ ਦੇ ਬਾਹਰ ਬਾਬਾ ਸਾਹਿਬ ਬੀ ਆਰ ਅੰਬੇਦਕਰ ਦੇ ਪੁਰਾਣੇ ਬੁੱਤ ਨੂੰ ਹਟਾ ਕੇ ਇਸ ਨੂੰ ਨਵਾਂ ਰੂਪ ਦਿੱਤਾ ਗਿਆ ਹੈ।

Check Also

ਭਾਜਪਾ ਉਮੀਦਵਾਰ ਪਰਨੀਤ ਕੌਰ ਦਾ ਵਿਰੋਧ ਕਰ ਰਹੇ ਕਿਸਾਨ ਦੀ ਹੋਈ ਮੌਤ

ਵਿਧਾਨ ਸਭਾ ਹਲਕਾ ਰਾਜਪੁਰਾ ਅਧੀਨ ਪੈਂਦੇ ਪਿੰਡ ਸਿਹਰਾ ’ਚ ਵਾਪਰੀ ਘਟਨਾ ਪਟਿਆਲਾ/ਬਿਊਰੋ ਨਿਊਜ਼ : ਪਟਿਆਲਾ …