18.4 C
Toronto
Tuesday, August 18, 2026
spot_img
Homeਪੰਜਾਬਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਸਾਰੀਆਂ ਸਮੱਸਿਆਵਾਂ ਦਾ ਹੱਲ : ਭਗਵੰਤ ਮਾਨ

ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਸਾਰੀਆਂ ਸਮੱਸਿਆਵਾਂ ਦਾ ਹੱਲ : ਭਗਵੰਤ ਮਾਨ

ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਸਾਰੀਆਂ ਸਮੱਸਿਆਵਾਂ ਦਾ ਹੱਲ : ਭਗਵੰਤ ਮਾਨਅਧਿਕਾਰੀਆਂ ਨੂੰ ਸ਼ਹੀਦ ਦਾ ਬੁੱਤ ਲਾਉਣ ਦੇ ਕੰਮ ਵਿੱਚ ਤੇਜ਼ੀ ਲਿਆਉਣ ਦਾ ਹੁਕਮ
ਮੁਹਾਲੀ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਨੇ ਇਥੇ ਮੁਹਾਲੀ ਕੌਮਾਂਤਰੀ ਹਵਾਈ ਅੱਡੇ ਨੇੜੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਅਤਿ-ਆਧੁਨਿਕ 5ਡੀ ਬੁੱਤ ਲਗਾਉਣ ਲਈ ਪ੍ਰਸਤਾਵਿਤ ਥਾਂ ਦਾ ਜਾਇਜ਼ਾ ਲੈਂਦਿਆਂ ਸਬੰਧਤ ਅਧਿਕਾਰੀਆਂ ਨੂੰ ਕੰਮ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ।
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਜ਼ੋਰ ਦੇ ਕੇ ਆਖਿਆ ਕਿ ਇਹ ਕੰਮ ਮਿੱਥੇ ਸਮੇਂ ਵਿੱਚ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਹ ਬੁੱਤ ਨੌਜਵਾਨ ਪੀੜ੍ਹੀ ਨੂੰ ਦੇਸ਼ ਦੀ ਨਿਸ਼ਕਾਮ ਸੇਵਾ ਕਰਨ ਲਈ ਪ੍ਰੇਰਿਤ ਕਰੇਗਾ ਤੇ ਇਸ ਬੁੱਤ ਰਾਹੀਂ ਸਰਕਾਰ ਵੱਲੋਂ ਇਸ ਧਰਤੀ ਦੇ ਮਹਾਨ ਸਪੂਤ ਨੂੰ ਢੁਕਵੀਂ ਸ਼ਰਧਾਂਜਲੀ ਦਿੱਤੀ ਜਾਵੇਗੀ। ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਦੇਸ਼ ਵਿੱਚ ਮੌਜੂਦ ਸਾਰੀਆਂ ਸਮੱਸਿਆਵਾਂ ਦਾ ਹੱਲ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਹਵਾਈ ਅੱਡੇ ਤੋਂ ਦੇਸ਼ ਅਤੇ ਵਿਦੇਸ਼ਾਂ ਵਿੱਚ ਸਫ਼ਰ ਕਰਦੇ ਪੰਜਾਬ ਦੇ ਨੌਜਵਾਨਾਂ ਨੂੰ ਸ਼ਹੀਦ ਦੀ ਮਹਾਨ ਵਿਰਾਸਤ ਬਾਰੇ ਜਾਗਰੂਕ ਕਰਨ ਵਿੱਚ ਇਹ ਬੁੱਤ ਅਹਿਮ ਭੂਮਿਕਾ ਨਿਭਾਏਗਾ। ਇਸ ਦੇ ਨਾਲ-ਨਾਲ ਇਹ ਬੁੱਤ ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਜੰਮੂ-ਕਸ਼ਮੀਰ ਅਤੇ ਹੋਰ ਸੂਬਿਆਂ ਦੇ ਯਾਤਰੀਆਂ ਨੂੰ ਵੀ ਇਸ ਨੌਜਵਾਨ ਕੌਮੀ ਨਾਇਕ ਵੱਲੋਂ ਦਿੱਤੇ ਮਹਾਨ ਬਲੀਦਾਨ ਬਾਰੇ ਚੇਤੇ ਕਰਵਾਏਗਾ।
ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਸਮਾਜਿਕ ਬਰਾਬਰੀ, ਫਿਰਕੂ ਸਦਭਾਵਨਾ ਅਤੇ ਭਾਈਚਾਰੇ ਦੇ ਹਾਮੀ ਸਨ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦਾ ਜੀਵਨ ਤੇ ਫ਼ਲਸਫ਼ਾ ਹਮੇਸ਼ਾ ਨੌਜਵਾਨ ਪੀੜ੍ਹੀ ਨੂੰ ਦੇਸ਼-ਭਗਤੀ ਦੇ ਜਜ਼ਬੇ ਨਾਲ ਮੁਲਕ ਦੀ ਸੇਵਾ ਕਰਨ ਲਈ ਪ੍ਰੇਰਿਤ ਕਰੇਗਾ।
ਮੁੱਖ ਮੰਤਰੀ ਨੇ ਦੁਹਰਾਇਆ ਕਿ ਸੂਬਾ ਸਰਕਾਰ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਵਚਨਬੱਧ ਹੈ ਅਤੇ ਇਸ ਮਹਾਨ ਕਾਰਜ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਸੋਨਾਲੀ ਗਿਰ, ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਹਿਮਾਂਸ਼ੂ ਜੈਨ, ਡੀਸੀ ਅਮਿਤ ਤਲਵਾੜ ਮੌਜੂਦ ਸਨ।

RELATED ARTICLES
POPULAR POSTS