Breaking News
Home / ਪੰਜਾਬ / ਸਿੱਧੂ ਨੇ ਕਿਸਾਨੀ ਸੰਘਰਸ਼ ਦੇ ਹੱਕ ‘ਚ ਹਾਅ ਦਾ ਨਾਅਰਾ ਮਾਰਿਆ

ਸਿੱਧੂ ਨੇ ਕਿਸਾਨੀ ਸੰਘਰਸ਼ ਦੇ ਹੱਕ ‘ਚ ਹਾਅ ਦਾ ਨਾਅਰਾ ਮਾਰਿਆ

ਕਿਸਾਨੀ ਮਸਲੇ ਦੇ ਹੱਲ ਦੀ ਰੂਪ-ਰੇਖਾ ਕੀਤੀ ਪੇਸ਼
ਚੰਡੀਗੜ੍ਹ/ਬਿਊਰੋ ਨਿਊਜ਼ : ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ। ਉਨ੍ਹਾਂ ਕੇਂਦਰ ਸਰਕਾਰ ਨੂੰ ਲਾਹਣਤਾਂ ਪਾਈਆਂ ਅਤੇ ਪੰਜਾਬ ਸਰਕਾਰ ਨੂੰ ਵੀ ਟੇਢੇ ਢੰਗ ਨਾਲ ਨਿਸ਼ਾਨੇ ‘ਤੇ ਰੱਖਿਆ। ਬੱਧਨੀ ਕਲਾਂ ‘ਖੇਤੀ ਬਚਾਓ ਯਾਤਰਾ’ ਵਿੱਚ ਸ਼ਾਮਲ ਹੋਣ ਦੇ ਕੁਝ ਦਿਨ ਮਗਰੋਂ ਨਵਜੋਤ ਸਿੰਘ ਸਿੱਧੂ ਨੇ ਵੀਡੀਓ ਜਾਰੀ ਕਰਕੇ ਪੰਜਾਬ ਦੀ ਕਿਸਾਨੀ ਦੇ ਮੌਜੂਦਾ ਹਾਲਾਤ ਤੇ ਇਨ੍ਹਾਂ ਪ੍ਰਸਥਿਤੀਆਂ ਲਈ ਜ਼ਿੰਮੇਵਾਰ ਕਾਰਨਾਂ ਦੀ ਗੱਲ ਰੱਖੀ ਹੈ।
ਸਿੱਧੂ ਨੇ ਅੱਧੇ ਘੰਟੇ ਦੀ ਜਾਰੀ ਵੀਡੀਓ ਵਿਚ ਕਿਹਾ ਕਿ ਕੇਂਦਰ ਸਰਕਾਰ ਦੇ ਖੇਤੀ ਕਾਨੂੰਨ ਸੰਘੀ ਢਾਂਚੇ ‘ਤੇ ਸਿੱਧਾ ਹੱਲਾ ਹਨ ਅਤੇ ਕਿਸਾਨੀ ਨੂੰ ਢਾਹ ਲਾਉਣ ਵਾਲੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਸੂਬਿਆਂ ਦੀ ਤਾਕਤ ਨੂੰ ਕਮਜ਼ੋਰ ਕੀਤਾ ਹੈ ਅਤੇ ਅੱਜ ਕੇਂਦਰੀਕਰਨ ਖ਼ਿਲਾਫ਼ ਵੀ ਲੜਾਈ ਲੜਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਅੰਗਰੇਜ਼ਾਂ ਨੇ ਈਸਟ ਇੰਡੀਆ ਕੰਪਨੀ ਨਾਲ ਦੇਸ਼ ਨੂੰ ਕਲਾਵੇ ਵਿੱਚ ਲਿਆ ਸੀ, ਉਵੇਂ ਅੰਬਾਨੀ-ਅਡਾਨੀ ਅੱਗੇ ਦੇਸ਼ ਦੇ ਕਿਸਾਨ ਕਠਪੁਤਲੀ ਬਣ ਕੇ ਰਹਿ ਜਾਣਗੇ।
ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਲੜਾਈ ਵਿੱਚ ਮੋਢਾ ਜੋੜ ਕੇ ਕੇਂਦਰ ਦੀ ਸੰਘੀ ਢਾਂਚੇ ਖ਼ਿਲਾਫ਼ ਚੱਲੀ ਨੀਤੀ ਨੂੰ ਬੇਅਸਰ ਕਰ ਸਕਦੀ ਹੈ। ਉਨ੍ਹਾਂ ਪੰਜਾਬ ਦੇ ਕਿਸਾਨਾਂ ਦੀ ਸਿਫ਼ਤ ਕੀਤੀ, ਜਿਨ੍ਹਾਂ ਨੇ ਦੇਸ਼ ਦਾ ਢਿੱਡ ਭਰਿਆ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਅਜੇ ਸ਼ੁਰੂਆਤ ਹੋਈ ਹੈ ਅਤੇ ਜ਼ਰੂਰੀ ਹੈ ਕਿ ਪੰਜਾਬ ਸਰਕਾਰ ਸਬਜ਼ੀਆਂ, ਦਾਲਾਂ ਅਤੇ ਫਲਾਂ ‘ਤੇ ਐੱਮਐੱਸਪੀ ਦਾ ਐਲਾਨ ਕਰੇ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਜਿਣਸਾਂ ਦੀ ਸਰਕਾਰੀ ਖਰੀਦ ਤੋਂ ਭੱਜਦੀ ਹੈ ਤਾਂ ਪੰਜਾਬ ਸਰਕਾਰ ਜਿਣਸਾਂ ਦੀ ਸਰਕਾਰੀ ਖਰੀਦ ਕਰੇ। ਸਿੱਧੂ ਨੇ ਕਿਹਾ ਕਿ ਫ਼ਸਲਾਂ ਦੇ ਸਰਕਾਰੀ ਭਾਅ ਘੱਟੋ-ਘੱਟ ਇੱਕ ਹੋਰ ਸਾਲ ਮਿਲਣਗੇ ਅਤੇ ਵੱਧ ਤੋਂ ਵੱਧ ਦੋ ਤਿੰਨ ਸਾਲ ਸਰਕਾਰੀ ਭਾਅ ‘ਤੇ ਜਿਣਸਾਂ ਦੀ ਖਰੀਦ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਨੇ ਅਨਾਜ ਦੀ ਪੈਦਾਵਾਰ ਲਈ ਆਪਣੀ ਧਰਤੀ ਤੇ ਪਾਣੀ ਨੂੰ ਖਰਾਬ ਕੀਤਾ ਹੈ। ਕਿਸਾਨਾਂ ਨੇ ਆਪਣੀ ਜ਼ਮੀਨ ਬੰਜਰ ਕਰ ਲਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਨੇ ਕਿਸਾਨ ਨੂੰ ਭਟਕਣ ਦੇ ਰਾਹ ‘ਤੇ ਪਾਇਆ ਹੈ, ਜਿਸ ਵਜੋਂ ਕਿਸਾਨ ਸਿਰ ਕਰਜ਼ੇ ਦੀ ਪੰਡ ਚੜ੍ਹੀ ਹੈ। ਪੰਜਾਬ ਦੇ ਕਿਸਾਨ 25 ਵਰ੍ਹਿਆਂ ਤੋਂ ਖੁਦਕੁਸ਼ੀ ਦੇ ਰਾਹ ਪਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਪਹਿਲਾਂ ਕੇਂਦਰ ਨੇ ਵਰਤਿਆ ਅਤੇ ਹੁਣ ਕਾਰਪੋਰੇਟ ਵਰਤਣਗੇ। ਹੁਣ ਦਿਖਾਵੇ ਕਰਨ ਦੀ ਥਾਂ ਅਸਲ ਤੌਰ ‘ਤੇ ਕਿਸਾਨੀ ਦੀ ਬਾਂਹ ਫੜਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੀ ਹੋਂਦ ਦਾ ਅੰਦੋਲਨ ਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਕੋਲ ਫੰਡਾਂ ਦੀ ਘਾਟ ਹੈ ਤਾਂ ਮਾਫੀਆ ਦੀ ਲੁੱਟ ਬੰਦ ਕਰ ਦੇਣੀ ਚਾਹੀਦੀ ਹੈ, ਖ਼ਜ਼ਾਨਾ ਭਰ ਜਾਵੇਗਾ।
ਨਵਜੋਤ ਸਿੰਘ ਸਿੱਧੂ ਵੀ ਵਿਧਾਨ ਸਭਾ ‘ਚ ਪਹੁੰਚੇ
ਸਰਕਾਰੀ ਕੈਮਰਿਆਂ ਨੇ ਸਿੱਧੂ ਨੂੰ ਕੀਤਾ ਅੱਖੋਂ-ਪਰੋਖੇ
ਕਾਂਗਰਸ ਆਗੂ ਅਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਕਰੀਬ ਡੇਢ ਸਾਲ ਮਗਰੋਂ ਵਿਧਾਨ ਸਭਾ ਦੇ ਇਜਲਾਸ ਵਿਚ ਸ਼ਾਮਲ ਹੋਣ ਲਈ ਪਹੁੰਚੇ। ਉਹ ਕਾਲੇ ਕੱਪੜੇ ਪਹਿਨ ਕੇ ਆਏ। ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਸਿੱਧੂ ਵਿਧਾਨ ਸਭਾ ਦੇ ਸੈਸ਼ਨਾਂ ਵਿਚ ਸ਼ਾਮਲ ਨਹੀਂ ਹੋ ਰਹੇ ਸਨ। ਨਵਜੋਤ ਸਿੱਧੂ ਜਦੋਂ ਮੰਤਰੀਆਂ ਲਈ ਰਾਖਵੇਂ ਗੇਟ ਵਿਚੋਂ ਵਿਧਾਨ ਸਭਾ ਵਿਚ ਦਾਖ਼ਲ ਹੋਣ ਲੱਗੇ ਤਾਂ ਉਨ੍ਹਾਂ ਨੂੰ ਰੋਕ ਦਿੱਤਾ ਗਿਆ ਜਿਸ ਮਗਰੋਂ ਉਹ ਵਿਧਾਇਕਾਂ ਵਾਲੇ ਗੇਟ ਰਾਹੀਂ ਅੰਦਰ ਗਏ। ਬੇਸ਼ੱਕ ਉਨ੍ਹਾਂ ਦੀ ਮੁੱਖ ਮੰਤਰੀ ਨਾਲ ਸਿੱਧੀ ਅੱਖ ਨਹੀਂ ਮਿਲੀ ਪ੍ਰੰਤੂ ਉਨ੍ਹਾਂ ਕਈ ਵਿਧਾਇਕਾਂ ਨਾਲ ਸੈਸ਼ਨ ਤੋਂ ਪਹਿਲਾਂ ਗੁਫ਼ਤਗੂ ਕੀਤੀ। ਉਹ ਵਿਧਾਨ ਸਭਾ ਵਿਚ ਵਿਧਾਇਕਾਂ ਵਾਲੀ ਕਤਾਰ ‘ਚ ਅਖੀਰ ਵਿਚ ਬੈਠੇ। ਉਹ ਪਹਿਲਾਂ ਆਪਣੇ ਸਾਥੀ ਵਿਧਾਇਕ ਪਰਗਟ ਸਿੰਘ ਦੀ ਰਿਹਾਇਸ਼ ‘ਤੇ ਵੀ ਗਏ। ਇਸੇ ਦੌਰਾਨ ਦਿਲਚਸਪ ਗੱਲ ਇਹ ਸੀ ਕਿ ਵਿਧਾਨ ਸਭਾ ਵਿਚ ਲੱਗੇ ਕੈਮਰੇ, ਜਿਨ੍ਹਾਂ ਰਾਹੀਂ ਪ੍ਰੈੱਸ ਨੂੰ ਪੰਜਾਬ ਭਵਨ ਵਿਚ ਕਵਰੇਜ ਮਿਲ ਰਹੀ ਸੀ, ਵਲੋਂ ਨਵਜੋਤ ਸਿੰਘ ਸਿੱਧੂ ਨੂੰ ਕਾਫ਼ੀ ਹੱਦ ਤੱਕ ਅੱਖੋਂ-ਪਰੋਖੇ ਕੀਤਾ ਗਿਆ, ਜਿਸ ਦਾ ਇਹ ਵੀ ਕਾਰਨ ਦਿੱਤਾ ਜਾ ਰਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਸਰਕਾਰੀ ਧਿਰ ਦੇ ਆਖਰੀ ਬੈਂਚਾਂ ‘ਤੇ ਬੈਠੇ ਸਨ ਜਿਥੇ ਉਨ੍ਹਾਂ ਨੂੰ ਇਹ ਸੀਟ ਅਲਾਟ ਕੀਤੀ ਗਈ ਸੀ।

Check Also

ਨਾਗਰਾ ਨੇ ਖੇਤੀ ਬਿੱਲਾਂ ਨੂੰ ਲੈ ਕੇ ਰਾਜਪਾਲ ਦੇ ਰਵੱਈਏ ‘ਤੇ ਕੀਤਾ ਰੋਸ ਪ੍ਰਗਟ

‘ਆਪ’ ਅਤੇ ਅਕਾਲੀ ਦਲ ਨੇ ਇਕ ਪਾਰਟੀ ਛੱਡ ਕੇ ਦੂਜੀ ਪਾਰਟੀ ‘ਚ ਗਏ ਵਿਧਾਇਕਾਂ ਖਿਲਾਫ …