ਬਿਹਾਰੀ ਮੂਲ ਦੇ ਪਰਵਾਸੀ ਦਾ ਅੱਠਵੀਂ ‘ਚ ਪੜ੍ਹਦਾ ਪੁੱਤ ਪੰਜਾਬੀ ਵਿਸ਼ੇ ‘ਚੋਂ ਜ਼ਿਲ੍ਹਾ ਮਾਲੇਰਕੋਟਲਾ ‘ਚ ਦੋਇਮ
ਮਾਲੇਰਕੋਟਲਾ/ਬਿਊਰੋ ਨਿਊਜ਼ : ਮਾਲੇਰਕੋਟਲਾ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਪਰਵਾਸੀਆਂ ਦੇ ਬੱਚੇ ਜਿਥੇ ਪੰਜਾਬੀ ਭਾਸ਼ਾ ਗਿਆਨ ਵਿੱਚ ਪੰਜਾਬੀ ਮੂਲ ਦੇ ਬੱਚਿਆਂ ਨੂੰ ਪਛਾੜ ਰਹੇ ਹਨ ਉਥੇ ਪੰਜਵੀਂ ਅਤੇ ਅੱਠਵੀਂ ਜਮਾਤ ਦੇ ਐਲਾਨੇ ਨਤੀਜਿਆਂ ਵਿੱਚ ਵੀ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰ ਰਹੇ ਹਨ।
ਮਾਲੇਰਕੋਟਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਸਦਰਾਬਾਦ ਤੋਂ 2022 ‘ਚ ਪੰਜਵੀਂ ‘ਚੋਂ ਪਹਿਲੀ ਪੁਜ਼ੀਸ਼ਨ ਪ੍ਰਾਪਤ ਕਰਨ ਵਾਲਾ ਸੋਨੂ ਕੁਮਾਰ ਪੁੱਤਰ ਛੋਟੂ ਸਾਹ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ ਜਮਾਤ ਦੇ ਨਤੀਜੇ ਵਿੱਚ 600 ‘ਚੋਂ 585 ਅੰਕ ਹਾਸਲ ਕਰਕੇ ਐਤਕੀਂ ਜ਼ਿਲ੍ਹਾ ਮਾਲੇਰਕੋਟਲਾ ਵਿੱਚੋਂ ਦੋਇਮ ਹੈ। ਉਹ ਨੇੜਲੇ ਪਿੰਡ ਰਟੌਲਾਂ ਦੇ ਸਰਕਾਰੀ ਮਿਡਲ ਸਕੂਲ ਦਾ ਵਿਦਿਆਰਥੀ ਹੈ। ਬਿਹਾਰ ਦੇ ਜਮੂਈ ਜ਼ਿਲ੍ਹੇ ਤੋਂ ਮਜ਼ਦੂਰੀ ਕਰਨ ਆਏ ਛੋਟੂ ਸਾਹ ਦਾ ਪੁੱਤਰ ਸੋਨੂ ਕੁਮਾਰ ਦੱਸਦਾ ਹੈ ਕਿ ਉਸ ਦੀ ਬਿਹਾਰੀ ਮਾਂ ਦੀ ਬੋਲੀ ਅੰਗਿਕਾ ਹੈ ਪ੍ਰੰਤੂ ਉਸ ਨੇ ਪੰਜਾਬੀ ਵਿੱਚੋਂ 95 ਫੀਸਦ ਅੰਕ ਪ੍ਰਾਪਤ ਕੀਤੇ ਹਨ। ਸਰਕਾਰੀ ਪ੍ਰਾਇਮਰੀ ਸਕੂਲ ਸਦਰਾਬਾਦ ਵਿਚ ਪੜ੍ਹਦੇ ਕੁੱਲ 296 ਵਿਦਿਆਰਥੀਆਂ ਵਿੱਚੋਂ ਅੱਧ ਤੋਂ ਵੱਧ ਬੱਚੇ ਬਿਹਾਰ ਜਾਂ ਯੂਪੀ ਤੋਂ ਆਏ ਪਰਵਾਸੀ ਮਜ਼ਦੂਰਾਂ ਦੇ ਹਨ। ਸਕੂਲ ਮੁਖੀ ਦੀਦਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੀ ਚੌਥੀ ਜਮਾਤ ਵਿੱਚੋਂ ਅੱਵਲ ਕਨੀਜ਼ ਫਾਤਿਮਾ ਅਤੇ ਦੋਇਮ ਸੋਨਾਕਸ਼ੀ ਦੋਵੇਂ ਬਿਹਾਰੀ ਹਨ। ਤੀਜੀ ਜਮਾਤ ਵਿਚੋਂ ਤੀਜੇ ਸਥਾਨ ‘ਤੇ ਆਈ ਅਨਮੋਲ ਯਾਦਵ, ਦੂਜੀ ਜਮਾਤ ਵਿੱਚੋਂ ਅੱਵਲ ਸਾਕਿਰਾ ਜ਼ੋਆ ਅਤੇ ਪਹਿਲੀ ‘ਚੋਂ ਮੋਹਰੀ ਰਹੀ ਗੁਲਫਰਾਨਾ ਖਾਤੂਨ ਬਿਹਾਰ ਮੂਲ ਦੇ ਹਨ। ਇਸੇ ਤਰ੍ਹਾਂ ਸਰਕਾਰੀ ਸਕੂਲ ਨਵਾਬ ਗੰਜ ਮਾਲੇਰਕੋਟਲਾ ‘ਚ ਪੜ੍ਹਦੇ 297 ਬੱਚਿਆਂ ਵਿਚੋਂ 90 ਫੀਸਦ ਯੂਪੀ, ਬਿਹਾਰ ਨਾਲ ਸਬੰਧਤ ਹਨ ਜਿਹੜੇ ਪੜ੍ਹਾਈ ਦੇ ਨਾਲ ਨਾਲ ਪੰਜਾਬੀ ਭਾਸ਼ਾ ਗਿਆਨ ਵਿੱਚ ਵੀ ਮੋਹਰੀ ਸਾਬਤ ਹੋ ਰਹੇ ਹਨ। ਅੱਠਵੀਂ ਵਿੱਚੋਂ ਜ਼ਿਲ੍ਹਾ ਮਾਲੇਰਕੋਟਲਾ ‘ਚੋਂ ਦੋਇਮ ਆਏ ਸੋਨੂ ਕੁਮਾਰ ਮੁਤਾਬਕ ਬੇਸ਼ੱਕ ਉਹ ਅਤੇ ਉਸ ਦੇ ਭੈਣ ਭਰਾ ਆਪਣੇ ਘਰ ਆਪਣੀ ਮਾਂ ਬੋਲੀ ਵਿੱਚ ਗੱਲਬਾਤ ਕਰਦੇ ਹਨ ਪਰ ਘਰੋਂ ਬਾਹਰ ਉਹ ਸਾਰੇ ਪੰਜਾਬੀ ਹੀ ਬੋਲਦੇ ਹਨ।