Breaking News
Home / ਪੰਜਾਬ / ਸ਼੍ਰੋਮਣੀ ਅਕਾਲੀ ਦਲ ਨੂੰ 12 ਅਪ੍ਰੈਲ ਨੂੰ ਮਿਲੇਗਾ ਨਵਾਂ ਪ੍ਰਧਾਨ

ਸ਼੍ਰੋਮਣੀ ਅਕਾਲੀ ਦਲ ਨੂੰ 12 ਅਪ੍ਰੈਲ ਨੂੰ ਮਿਲੇਗਾ ਨਵਾਂ ਪ੍ਰਧਾਨ

ਵਰਕਿੰਗ ਕਮੇਟੀ ਨੇ ਇਜਲਾਸ ਸੱਦਿਆ; ਪੰਜ ਮੈਂਬਰੀ ਕਮੇਟੀ ਦੀ ਭਰਤੀ ਮੁਹਿੰਮ ਨੂੰ ਦਰਕਿਨਾਰ ਕਰ ਕੇ ਲਿਆ ਫੈਸਲਾ
ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ ਚੋਣ ਪੰਥਕ ਵਿਵਾਦਾਂ ਦੇ ਬਾਵਜੂਦ 12 ਅਪਰੈਲ ਨੂੰ ਹੋਵੇਗੀ। ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਪ੍ਰਧਾਨਗੀ ਹੇਠ ਵਰਕਿੰਗ ਕਮੇਟੀ ਦੀ ਚੰਡੀਗੜ੍ਹ ਵਿਚ ਹੋਈ ਮੀਟਿੰਗ ਦੌਰਾਨ ਪਾਰਟੀ ਦੇ ਨਵੇਂ ਪ੍ਰਧਾਨ ਦੀ ਚੋਣ ਲਈ ਆਮ ਡੈਲੀਗੇਟ ਇਜਲਾਸ 12 ਅਪਰੈਲ ਨੂੰ ਅੰਮ੍ਰਿਤਸਰ ਵਿੱਚ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਤੇਜਾ ਸਿੰਘ ਸਮੁੰਦਰੀ ਹਾਲ ‘ਚ ਸੱਦਣ ਦਾ ਫੈਸਲਾ ਲਿਆ ਹੈ। ਉੱਧਰ ਅਕਾਲ ਤਖ਼ਤ ਸਾਹਿਬ ਤੋਂ 2 ਦਸੰਬਰ ਨੂੰ ਜਾਰੀ ਹੁਕਮਨਾਮੇ ਤਹਿਤ ਪਾਰਟੀ ਦੀ ਨਵੀਂ ਭਰਤੀ ਲਈ ਬਣਾਈ ਗਈ ਕਮੇਟੀ ਵੀ ਭਰਤੀ ਕਰਨ ਵਿੱਚ ਜੁਟੀ ਹੋਈ ਹੈ। ਇਸ ਪੰਜ ਮੈਂਬਰੀ ਕਮੇਟੀ ਦੀ ਭਰਤੀ ਮੁਹਿੰਮ ਨੂੰ ਦਰਕਿਨਾਰ ਕਰਕੇ ਵਰਕਿੰਗ ਕਮੇਟੀ ਨੇ ਨਵੇਂ ਪ੍ਰਧਾਨ ਦੀ ਚੋਣ ਦਾ ਫੈਸਲਾ ਲਿਆ ਹੈ। ਇਸ ਨਾਲ ਪੰਥਕ ਹਲਕਿਆਂ ਵਿੱਚ ਨਵੇਂ ਭੰਬਲਭੂਸੇ ਖੜ੍ਹੇ ਹੋ ਗਏ ਹਨ। ਪੰਜ ਮੈਂਬਰੀ ਕਮੇਟੀ ਨੇ 12 ਅਪਰੈਲ ਦੇ ਡੈਲੀਗੇਟ ਇਜਲਾਸ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਦੇ ਕਰੀਬ 27 ਲੱਖ ਤੋਂ ਜ਼ਿਆਦਾ ਮੈਂਬਰ ਬਣੇ ਹਨ। ਸਰਕਲਾਂ ਦੇ ਡੈਲੀਗੇਟ, ਜ਼ਿਲ੍ਹੇ ਦੇ ਡੈਲੀਗੇਟ ਚੁਣਨਗੇ ਅਤੇ ਹਰੇਕ ਅਸੈਂਬਲੀ ਹਲਕੇ ‘ਚੋਂ ਚਾਰ ਸਟੇਟ ਡੈਲੀਗੇਟ ਬਣਨਗੇ। ਉਨ੍ਹਾਂ ਦੱਸਿਆ ਕਿ 12 ਅਪਰੈਲ ਦੇ ਡੈਲੀਗੇਟ ਇਜਲਾਸ ਵਿੱਚ 520 ਤੋਂ ਜ਼ਿਆਦਾ ਡੈਲੀਗੇਟ ਨਵੇਂ ਪ੍ਰਧਾਨ ਦੀ ਚੋਣ ਕਰਨਗੇ। ਸੁਖਬੀਰ ਸਿੰਘ ਬਾਦਲ 14 ਦਸੰਬਰ 2019 ਨੂੰ ਤੀਜੀ ਵਾਰ ਪਾਰਟੀ ਦੇ ਪ੍ਰਧਾਨ ਬਣੇ ਸਨ। ਪੰਜ ਮੈਂਬਰੀ ਕਮੇਟੀ ਦਾ ਪਾਰਟੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਅਤੇ ਵਰਕਿੰਗ ਕਮੇਟੀ ਵੱਲੋਂ ਸ਼ੁਰੂ ਕੀਤੀ ਗਈ ਭਰਤੀ ਬਾਰੇ ਪਹਿਲਾਂ ਹੀ ਸਪੱਸ਼ਟਤਾ ਹੋ ਚੁੱਕੀ ਹੈ। ਪੰਜ ਮੈਂਬਰੀ ਕਮੇਟੀ ਆਪੂ ਬਣੀ ਕਮੇਟੀ ਤੋਂ ਵੱਧ ਕੁੱਝ ਨਹੀਂ ਹੈ। ਚੀਮਾ ਨੇ ਦੱਸਿਆ ਕਿ 12 ਅਪਰੈਲ ਨੂੰ ਨਵੀਂ ਵਰਕਿੰਗ ਕਮੇਟੀ ਦੀ ਚੋਣ ਬਾਰੇ ਮੌਕੇ ‘ਤੇ ਫ਼ੈਸਲਾ ਹੋਵੇਗਾ। ਵਰਕਿੰਗ ਕਮੇਟੀ ਨੇ 13 ਅਪਰੈਲ ਨੂੰ ਤਲਵੰਡੀ ਸਾਬੋ ਵਿੱਚ ਵਿਸ਼ਾਲ ਸਿਆਸੀ ਕਾਨਫਰੰਸ ਕਰਨ ਦਾ ਐਲਾਨ ਵੀ ਕੀਤਾ, ਜਿਸ ਵਿੱਚ ਪਾਰਟੀ ਵੱਲੋਂ ਸੂਬਾਈ ਪੱਧਰ ਦੇ ਪ੍ਰੋਗਰਾਮ ਦੀ ਰਣਨੀਤੀ ਐਲਾਨੀ ਜਾ ਸਕਦੀ ਹੈ। ਵਰਕਿੰਗ ਕਮੇਟੀ ਨੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਵਰਕਿੰਗ ਕਮੇਟੀ ਦੀ ਮੀਟਿੰਗ ਮਗਰੋਂ ਮੌਜੂਦਾ ਸਮੁੱਚਾ ਢਾਂਚਾ ਭੰਗ ਹੋ ਗਿਆ ਹੈ। ਮੀਟਿੰਗ ਮਗਰੋਂ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਵਰਕਿੰਗ ਕਮੇਟੀ ਨੇ ਸੂਬੇ ਵਿੱਚ ਅਮਨ-ਕਾਨੂੰਨ ਦੀ ਵਿਗੜਦੀ ਵਿਵਸਥਾ ਅਤੇ ਆਏ ਦਿਨ ਹੋ ਰਹੇ ਗਰਨੇਡ ਹਮਲਿਆਂ ‘ਤੇ ਚਿੰਤਾ ਜ਼ਾਹਿਰ ਕੀਤੀ ਹੈ। ਚੀਮਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਹਾਲਾਤ ਬਣਨ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।
ਪੰਜਾਬ ਦੀ ਵਾਗਡੋਰ ਬਾਹਰਲਿਆਂ ਨੂੰ ਸੌਂਪਣ ਦਾ ਲਿਆ ਨੋਟਿਸ
ਵਰਕਿੰਗ ਕਮੇਟੀ ਨੇ ਦਿੱਲੀ ਤੋਂ ਆਏ ਬਾਹਰਲਿਆਂ ਨੂੰ ਪੰਜਾਬ ਦੀ ਵਾਗਡੋਰ ਸੌਂਪਣ ਦਾ ਵੀ ਨੋਟਿਸ ਲਿਆ। ਆਗੂਆਂ ਨੇ ਕਿਹਾ ਕਿ ਸਕੂਲਾਂ ਵਿੱਚ ਛੋਟੇ-ਛੋਟੇ ਕੰਮਾਂ ਵਾਸਤੇ ਤਖ਼ਤੀਆਂ ਲਗਾਈਆਂ ਗਈਆਂ ਹਨ, ਜਿਨ੍ਹਾਂ ‘ਤੇ ਦਿੱਲੀ ਦੇ ਆਪ ਆਗੂਆਂ ਦੇ ਨਾਂ ਲਿਖੇ ਗਏ ਹਨ ਜਦੋਂ ਕਿ ਸਥਾਨਕ ਸੰਸਦ ਮੈਂਬਰ, ਵਿਧਾਇਕ ਤੇ ਸਕੂਲਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਮੈਂਬਰਾਂ ਦੇ ਨਾਮ ਗਾਇਬ ਹਨ। ਡਾ. ਚੀਮਾ ਨੇ ਕਿਹਾ ਕਿ ਅਧਿਆਪਕਾਂ ਨੂੰ ‘ਆਪ’ ਸਰਕਾਰ ਦੇ ਸੋਸ਼ਲ ਮੀਡੀਆ ਵਰਕਰ ਵਜੋਂ ਕੰਮ ਕਰਨ ਵਾਸਤੇ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚੇਤਨ ਸਿੰਘ ਜੌੜੇਮਾਜਰਾ ਨੇ ਸਮਾਗਮ ਦੌਰਾਨ ਕੁਰਸੀਆਂ ਨਾ ਭਰਨ ਲਈ ਅਧਿਆਪਕਾਂ ਦਾ ਅਪਮਾਨ ਕੀਤਾ।

Check Also

ਸ਼ੋ੍ਰਮਣੀ ਅਕਾਲੀ ਦਲ ਦਾ ਪ੍ਰਧਾਨ ਬਣਨ ਤੋਂ ਬਾਅਦ ਬੋਲੇ ਸੁਖਬੀਰ ਬਾਦਲ

ਕਿਹਾ : ਅਕਾਲੀ ਦਲ ਕਿਸੇ ਪਰਿਵਾਰ ਦੀ ਪਾਰਟੀ ਨਹੀਂ ਸਗੋਂ ਇਹ ਪੰਜਾਬ ਦੀ ਅਸਲ ਪਾਰਟੀ …