ਚੰਡੀਗੜ੍ਹ/ਬਿਊਰੋ ਨਿਊਜ਼ : ਓਲੰਪੀਅਨ ਬਲਬੀਰ ਸਿੰਘ ਸੀਨੀਅਰ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜ ਲੱਖ ਰੁਪਏ ਜਾਰੀ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਸਿਹਤ ਖਰਾਬ ਹੋਣ ਦੇ ਚੱਲਦਿਆਂ ਬਲਬੀਰ ਸਿੰਘ ਸੀਨੀਅਰ ਨੂੰ ਪੀਜੀਆਈ ਵਿਚ ਦਾਖਲ ਕਰਵਾਇਆ ਗਿਆ ਹੈ।
ਹਾਕੀ ਦੇ ਮਹਾਨ ਖਿਡਾਰੀ ਦੇ ਇਲਾਜ ਲਈ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਉਕਤ ਰਾਸ਼ੀ ਮਨਜ਼ੂਰ ਕਰਦਿਆਂ ਪੰਜ ਲੱਖ ਰੁਪਏ ਦਾ ਚੈੱਕ ਬਲਬੀਰ ਸਿੰਘ ਸੀਨੀਅਰ ਦੇ ਦੋਹਤੇ ਕਬੀਰ ਸਿੰਘ ਨੂੰ ਸੌਂਪਿਆ ਗਿਆ। ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਇੱਕ ਬਿਆਨ ਰਾਹੀਂ ਦੱਸਿਆ ਕਿ ਮੁੱਖ ਮੰਤਰੀ ਨੇ ਤੁਰੰਤ ਆਪਣੇ ਰਾਹਤ ਫੰਡ ਵਿੱਚੋਂ ਪੰਜ ਲੱਖ ਰੁਪਏ ਜਾਰੀ ਕਰਨ ਦਾ ਫੈਸਲਾ ਕੀਤਾ। ਇਸ ਤੋਂ ਇਲਾਵਾ ਭਵਿੱਖ ਵਿੱਚ ਹਾਕੀ ਦੇ ਇਸ ਮਹਾਨ ਖਿਡਾਰੀ ਦੇ ਇਲਾਜ ਲਈ ਹਰ ਤਰ੍ਹਾਂ ਦੀ ਮੱਦਦ ਦੇਣ ਦਾ ਭਰੋਸਾ ਦਿੱਤਾ ਗਿਆ ਹੈ। ਖੇਡ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਬਲਬੀਰ ਸਿੰਘ ਸੀਨੀਅਰ ਦੇ ਪਰਿਵਾਰ ਨਾਲ ਖੜ੍ਹੀ ਹੈ ਅਤੇ ਉਨ੍ਹਾਂ ਦੀ ਜਲਦੀ ਸਿਹਤਯਾਬੀ ਦੀ ਦੁਆ ਵੀ ਕਰਦੀ ਹੈ। ਖੇਡ ਮੰਤਰੀ ਦੇ ਓਐੱਸਡੀ ਬਹਾਦਰ ਸਿੰਘ ਨੇ ਪੀਜੀਆਈ ਜਾ ਕੇ ਬਲਬੀਰ ਸਿੰਘ ਸੀਨੀਅਰ ਦੇ ਦੋਹਤੇ ਕਬੀਰ ਸਿੰਘ ਨੂੰ ਪੰਜ ਲੱਖ ਰੁਪਏ ਦਾ ਚੈੱਕ ਸੌਂਪਿਆ। ਜਾਣਕਾਰੀ ਅਨੁਸਾਰ ਬਲਬੀਰ ਸਿੰਘ ਸੀਨੀਅਰ ਨੂੰ ਸਾਹ ਲੈਣ ਵਿਚ ਤਕਲੀਫ਼ ਹੋਣ ਕਾਰਨ ਲੰਘੇ ਦਿਨੀਂ ਪੀਜੀਆਈ ਵਿੱਚ ਦਾਖਲ ਕਰਵਾਇਆ ਗਿਆ ਸੀ। ਡਾਕਟਰਾਂ ਨੇ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਹੋਇਆ ਹੈ। ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਉਨ੍ਹਾਂ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਕੀਤੀ ਹੈ।
Check Also
ਲੁਧਿਆਣਾ ’ਚ ਵੀ ਇਕ ਸਕੂਲ ਦਾ ਹੋਇਆ ਦੂਜੀ ਵਾਰ ਉਦਘਾਟਨ
ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਦੱਸਿਆ ਇਸ ਨੂੰ ਗੋਗੀ ਦਾ ਅਪਮਾਨ ਲੁਧਿਆਣਾ/ਬਿਊਰੋ ਨਿਊਜ਼ : ਪੰਜਾਬ …