Breaking News
Home / ਪੰਜਾਬ / ਅਧਿਆਪਕਾਂ ਨੇ ਖੂਨ ਨਾਲ ਲਿਖੀ ਰੋਹ ਦੀ ਇਬਾਰਤ

ਅਧਿਆਪਕਾਂ ਨੇ ਖੂਨ ਨਾਲ ਲਿਖੀ ਰੋਹ ਦੀ ਇਬਾਰਤ

ਸੰਗਰੂਰ ਅਤੇ ਪਟਿਆਲਾ ‘ਚ ਕੀਤਾ ਗਿਆ ਸਰਕਾਰ ਦਾ ਪਿੱਟ ਸਿਆਪਾ
ਚੰਡੀਗੜ੍ਹ/ਬਿਊਰੋ ਨਿਊਜ਼ : ਤਨਖਾਹਾਂ ਵਿੱਚ 75 ਫੀਸਦੀ ਕਟੌਤੀ ਕਰਕੇ ਸਿਰਫ਼ 15 ਹਜ਼ਾਰ ਰੁਪਏ ਤਨਖਾਹ ‘ਤੇ ਸੇਵਾਵਾਂ ਰੈਗੂਲਰ ਕਰਨ ਤੋਂ ਖਫ਼ਾ ਐਸਐਸਏ/ਰਮਸਾ/ਸੀਐਸਐਸ ਉਰਦੂ ਤੇ ਆਦਰਸ਼ ਮਾਡਲ ਸਕੂਲ ਅਧਿਆਪਕਾਂ ਨੇ ਸੰਗਰੂਰ ਤੇ ਪਟਿਆਲਾ ਵਿੱਚ ਆਰ-ਪਾਰ ਦੀ ਲੜਾਈ ਵਿੱਢਦਿਆਂ ਆਪਣਾ ਖੂਨ ਬੋਤਲਾਂ ਵਿੱਚ ਭਰ ਕੇ ਪੰਜਾਬ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ।
ਸੰਗਰੂਰ ਵਿੱਚ ਪ੍ਰਦਰਸ਼ਨਕਾਰੀ ਅਧਿਆਪਕ ਆਪਣਾ ਖੂਨ ਮੁੱਖ ਮੰਤਰੀ ਪੰਜਾਬ ਨੂੰ ਭੇਜਣਾ ਚਾਹੁੰਦੇ ਸਨ, ਪਰ ਕੋਈ ਪ੍ਰਸ਼ਾਸਨਿਕ ਅਧਿਕਾਰੀ ਜਦੋਂ ਖੂਨ ਲੈਣ ਨਾ ਪੁੱਜਾ ਤਾਂ ਅਧਿਆਪਕਾਂ ਨੇ ਪੋਸਟਰ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੂੰਹ ਨੂੰ ਖੂਨ ਲਾਉਣ ਮਗਰੋਂ ਇਹ ਪੋਸਟਰ ਡੀਸੀ ਕੰਪਲੈਕਸ ਦੀ ਦੀਵਾਰ ਉਪਰ ਚਸਪਾ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਪਿੱਟ ਸਿਆਪਾ ਕੀਤਾ।ਉਧਰ ਪਟਿਆਲਾ ਦੇ ਡੀਸੀ ਦਫ਼ਤਰ ਵਿੱਚ ਐੱਸ.ਐੱਸ.ਏ ਰਮਸਾ ਅਧਿਆਪਕ ਸੂਬਾ ਪ੍ਰਧਾਨ ਹਰਦੀਪ ਟੋਡਰਪੁਰ ਦੀ ਅਗਵਾਈ ਹੇਠ ਮੁੱਖ ਮੰਤਰੀ ਨੂੰ ਡਿਪਟੀ ਕਮਿਸ਼ਨਰ ਪਟਿਆਲਾ ਰਾਹੀਂ ਖੂਨ ਦੀ ਬੋਤਲ ਭੇਟ ਕਰਨ ਵਿੱਚ ਸਫ਼ਲ ਰਹੇ। ਇਸ ਤੋਂ ਪਹਿਲਾਂ ਸੰਗਰੂਰ ਵਿੱਚ ਐਸਐਸਏ/ਰਮਸਾ ਅਧਿਆਪਕ ਯੂਨੀਅਨ ਦੀ ਅਗਵਾਈ ਹੇਠ ਅਧਿਆਪਕ ਸਥਾਨਕ ਨੈਣਾ ਦੇਵੀ ਮੰਦਰ ਪਾਰਕ ਵਿਚ ਇਕੱਠੇ ਹੋਏ, ਜਿੱਥੇ ਅਧਿਆਪਕਾਂ ਨੇ ਆਪਣਾ ਖੂਨ ਕੱਢ ਕੇ ਬੋਤਲ ਵਿਚ ਪਾ ਲਿਆ। ਇਹ ਖੂਨ ਮੁੱਖ ਮੰਤਰੀ ਪੰਜਾਬ ਨੂੰ ਭੇਜਣ ਲਈ ਰੋਸ ਮਾਰਚ ਕਰਦਿਆਂ ਅਧਿਆਪਕ ਡੀਸੀ ਕੰਪਲੈਕਸ ਅੱਗੇ ਪੁੱਜੇ। ਜਦੋਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਖੂਨ ਲੈਣ ਨਾ ਪੁੱਜਾ ਤਾਂ ਅਧਿਆਪਕਾਂ ਨੇ ਮੁੱਖ ਮੰਤਰੀ ਦੀ ਫੋਟੋ ਨੂੰ ਹੀ ਖੂਨ ਪਿਲਾਇਆ। ਅਧਿਆਪਕਾਂ ਵੱਲੋਂ ਡੀਸੀ ਕੰਪਲੈਕਸ ਅੱਗੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਆਦਰਸ਼ ਮਾਡਲ ਸਕੂਲ ਦੇ ਅਧਿਆਪਕਾਂ ਦੀ ਤਨਖਾਹ ‘ਚ ਕਟੌਤੀ ਖਿਲਾਫ ‘ਆਪ’ ਸੰਘਰਸ ਦੇ ਰੌਂਅ ਵਿਚ
ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਆਦਰਸ਼ ਮਾਡਲ ਸਕੂਲ ਦੇ ਅਧਿਆਪਕਾਂ ਦੀ ਤਨਖ਼ਾਹ ਵਿੱਚ 65 ਤੋਂ 70 ਪ੍ਰਤੀਸ਼ਤ ਕਟੌਤੀ ਕੀਤੀ ਗਈ ਹੈ। ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਕੈਪਟਨ ਸਰਕਾਰ ਨੂੰ ਘੇਰਨ ਦੇ ਰੌਂਅ ਵਿੱਚ ਹੈ। ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਕੈਬਨਿਟ ਵਿੱਚ ਪੇਸ਼ ਕੀਤੇ ਗਏ ਅਧਿਆਪਕਾਂ ਦੇ 94 ਪ੍ਰਤੀਸ਼ਤ ਸਹਿਮਤੀ ਵਾਲੇ ਕਥਿਤ ਡਾਟੇ ਨੂੰ ਜਨਤਕ ਕਰੇ। ‘ਆਪ’ ਦੇ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਫ਼ੈਸਲੇ ਨੂੰ ਵਾਪਸ ਨਾ ਲਿਆ ਤਾਂ ਉਨ੍ਹਾਂ ਦੀ ਪਾਰਟੀ ਪੰਜਾਬ ਦੇ ਰਾਜਪਾਲ ਨੂੰ ਮਿਲੇਗੀ। ਚੀਮਾ ਨੇ ਕਿਹਾ ਕਿ ਸਰਕਾਰ ਦਸ-ਦਸ ਸਾਲਾਂ ਤੋਂ ਅਧਿਆਪਨ ਦਾ ਕਾਰਜ ਕਰ ਰਹੇ ਇਨ੍ਹਾਂ ਅਧਿਆਪਕਾਂ ਨਾਲ ਧੱਕਾ ਕਰ ਰਹੀ ਹੈ। ਦੂਜੇ ਪਾਸੇ ਪੰਜਾਬ ਦੇ ਸਿੱਖਿਆ ਮੰਤਰੀ ਓਪੀ ਸੋਨੀ ਨੇ ਕਿਹਾ ਕਿ ਸਰਕਾਰ ਵੱਲੋਂ ਤਨਖਾਹ ਘਟਾ ਕੇ ਰੈਗੂਲਰ ਕਰਨ ਦੀ ਨੀਤੀ ਦਾ ਕੁਝ ਕੁ ਅਧਿਆਪਕ ਹੀ ਵਿਰੋਧ ਕਰ ਰਹੇ ਹਨ।

Check Also

ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਮਨਜਿੰਦਰ ਸਿੰਘ ਸਿਰਸਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕੀਤਾ ਤਲਬ

ਅਕਾਲੀ ਸਰਕਾਰ ਸਮੇਂ ਸਿਰਸਾ ਕੋਲ ਵੀ ਸੀ ਕੈਬਨਿਟ ਰੈਂਕ ਅੰਮਿ੍ਰਤਸਰ/ਬਿਊਰੋ ਨਿਊਜ਼ : ਸ੍ਰੀ ਅਕਾਲ ਤਖਤ …