Breaking News
Home / ਪੰਜਾਬ / ਗੁਰਪ੍ਰੀਤ ਗਰੇਵਾਲ ਦੀ ਹਾਸ ਵਿਅੰਗ ਕਿਤਾਬ ‘ਇਸ਼ਕ ਵਿਸ਼ਕ ਨੂਡਲਜ਼’ ਹੋਈ ਰਿਲੀਜ਼

ਗੁਰਪ੍ਰੀਤ ਗਰੇਵਾਲ ਦੀ ਹਾਸ ਵਿਅੰਗ ਕਿਤਾਬ ‘ਇਸ਼ਕ ਵਿਸ਼ਕ ਨੂਡਲਜ਼’ ਹੋਈ ਰਿਲੀਜ਼

ਗਰੇਵਾਲ ਦੀਆਂ ਸੱਚੀਆਂ ਲਿਖਤਾਂ ਸਰੀਰ ‘ਚ ਕੰਬਣੀ ਪੈਦਾ ਕਰ ਦਿੰਦੀਆਂ ਹਨ : ਸੁਰਜੀਤ ਪਾਤਰ
ਚੰਡੀਗੜ੍ਹ : ਲੇਖਕ ਗੁਰਪ੍ਰੀਤ ਗਰੇਵਾਲ ਦੀ ਹਾਸ ਵਿਅੰਗ ਅਤੇ ਲੇਖਾਂ ਵਾਲੀ ਕਿਤਾਬ ‘ਇਸ਼ਕ ਵਿਸ਼ਕ ਨੂਡਲਜ਼’ ਪੰਜਾਬ ਕਲਾ ਭਵਨ ਦੇ ਵਿਹੜੇ ਵਿਚ ਰਿਲੀਜ਼ ਕੀਤੀ ਗਈ। ਪੰਜਾਬ ਕਲਾ ਪਰਿਸ਼ਦ ਦੀ ਅਗਵਾਈ ਹੇਠ ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵਲੋਂ ਆਯੋਜਿਤ ਸਾਹਿਤਕ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਡਾ. ਸੁਰਜੀਤ ਪਾਤਰ, ਪ੍ਰਧਾਨਗੀ ਡਾ. ਲਖਵਿੰਦਰ ਜੌਹਲ, ਵਿਸ਼ੇਸ਼ ਮਹਿਮਾਨ ਬਲਜੀਤ ਬਡਵਾਲ, ਏਡੀਸੀ ਲਖਬੀਰ ਸਿੰਘ ਰਾਜਪੂਤ, ਬਲਬੀਰ ਸੈਣੀ ਹੋਰਾਂ ਨੇ ਸ਼ਿਰਕਤ ਕੀਤੀ। ਆਏ ਮਹਿਮਾਨਾਂ ਦਾ ਜਿੱਥੇ ਫੁੱਲਾਂ ਨਾਲ ਸਵਾਗਤ ਕੀਤਾ ਗਿਆ, ਉਥੇ ਸ਼ਬਦੀ ਜੀ ਆਇਆਂ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਹੋਰਾਂ ਨੇ ਕਰਦਿਆਂ ਲੇਖਕ ਨੂੰ ਵਧਾਈਆਂ ਵੀ ਦਿੱਤੀਆਂ। ਕਿਤਾਬ ‘ਇਸ਼ਕ ਵਿਸ਼ਕ ਨੂਡਲਜ਼’ ਨੂੰ ਲੋਕ ਅਰਪਣ ਕਰਨ ਉਪਰੰਤ ਬਤੌਰ ਮੁੱਖ ਮਹਿਮਾਨ ਆਪਣੇ ਵਿਚਾਰ ਰੱਖਦਿਆਂ ਕਲਾ ਪਰਿਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਹੋਰਾਂ ਨੇ ਆਖਿਆ ਕਿ ਗਰੇਵਾਲ ਦੀਆਂ ਲਿਖਤਾਂ ਵਿਚ ਜਿੱਥੇ ਤਿੱਖਾ ਵਿਅੰਗ ਛੁਪਿਆ ਹੈ, ਉਥੇ ਵਿਅੰਗ ਦੇ ਓਹਲੇ ਇਕ ਤਲਖ ਸਚਾਈ ਵੀ ਲੁਕੀ ਹੋਈ ਹੈ। ਇਨ੍ਹਾਂ ਲਿਖਤਾਂ ਨੂੰ ਪੜ੍ਹਦਿਆਂ ਸਰੀਰ ਵਿਚ ਕੰਬਣੀ ਛਿੜ ਜਾਂਦੀ ਹੈ ਤੇ ਆਪਣੇ ਆਪ ਨਾਲ ਸਵਾਲ ਕਰਨ ਨੂੰ ਮਨ ਕਰਦਾ ਹੈ ਕਿ ਅਸੀਂ ਕਿੱਥੇ ਖਲੋਤੇ ਹਾਂ। ਡਾ. ਸੁਰਜੀਤ ਪਾਤਰ ਹੋਰਾਂ ਨੇ ਜਿੱਥੇ ਲੇਖਕ ਦੀ ਕਾਰਜਸ਼ੈਲੀ ‘ਤੇ ਉਸ ਨੂੰ ਮੁਬਾਰਕਾਂ ਦਿੱਤੀਆਂ, ਉਥੇ ਪੰਜਾਬੀ ਲੇਖਕ ਸਭਾ ਦੇ ਉਦਮ ਨੂੰ ਵੀ ਸਲਾਹਿਆ। ਇਸ ਮੌਕੇ ‘ਤੇ ਮੁੱਖ ਪਰਚਾ ਪ੍ਰੋ. ਸੁਖਬੀਰ ਕੌਰ ਹੋਰਾਂ ਨੇ ਪੜ੍ਹਦਿਆਂ ਕਿਤਾਬ ਨੂੰ ਵਿਸ਼ੇ ਪੱਖੋਂ, ਲਿਖਤ ਪੱਖੋਂ, ਸਾਹਿਤਕ ਪੱਖੋਂ ਤੇ ਪੱਤਰਕਾਰਤਾ ਪੱਖੋਂ ਸੰਪੂਰਨ ਦੱਸਿਆ। ਇਸੇ ਪ੍ਰਕਾਰ ਡਾ. ਅਵਤਾਰ ਸਿੰਘ ਪਤੰਗ ਹੋਰਾਂ ਨੇ ਵੀ ਕਿਤਾਬ ਦੀਆਂ ਅਣਛੋਹੀਆਂ ਗੱਲਾਂ ਨੂੰ ਛੋਹਦਿਆਂ ਕਿਹਾ ਕਿ ਇਹ ਵਿਅੰਗਮਈ ਲੇਖ ਜੀਵਨ ਦੀ ਹਕੀਕਤ ਨਾਲ ਖਹਿ ਕੇ ਲੰਘਦੇ ਹਨ। ਕਿਤਾਬ ਸਬੰਧੀ ਆਪਣੀ ਗੱਲ ਰੱਖਦਿਆਂ ਗੁਰਪ੍ਰੀਤ ਗਰੇਵਾਲ ਨੇ ਜਿੱਥੇ ਕੁਝ ਦਿਲ ਨੂੰ ਟੁੰਬ ਲੈਣ ਵਾਲੇ ਆਪਣੀ ਜ਼ਿੰਦਗੀ ਦੇ ਤਲਖ ਕਿੱਸੇ ਸੁਣਾਏ, ਉਥੇ ਹੀ ਕਿਤਾਬ ਦੀ ਰਚਨਾ ਤੇ ਵਿਸ਼ਿਆਂ ਦੀ ਚੋਣ ਬਾਰੇ ਵੀ ਉਨ੍ਹਾਂ ਖੁੱਲ੍ਹ ਕੇ ਗੱਲ ਕੀਤੀ। ‘ਪਰਵਾਸੀ ਫਰੈਂਡਜ਼ ਕਲੱਬ ਨੰਗਲ’ ਦੇ ਪ੍ਰਧਾਨ ਤੇ ਉਘੇ ਸਮਾਜ ਸੇਵੀ ਬਲਜੀਤ ਬਡਵਾਲ ਨੇ ਵੀ ਜਿੱਥੇ ਸਭਨਾਂ ਸਹਿਯੋਗੀਆਂ ਦਾ ਧੰਨਵਾਦ ਕੀਤਾ, ਉਥੇ ਕਲਾ ਪਰਿਸ਼ਦ ਤੇ ਲੇਖਕ ਸਭਾ ਦਾ ਸ਼ੁਕਰਾਨਾ ਕਰਨ ਦੇ ਨਾਲ ਉਨ੍ਹਾਂ ਲੇਖਕ ਗਰੇਵਾਲ ਨੂੰ ਮੁਬਾਰਕ ਵੀ ਦਿੱਤੀ। ਕਿਤਾਬ ‘ਤੇ ਡਾ. ਅਸ਼ੋਕ ਸ਼ਰਮਾ, ਯੋਗੇਸ਼ ਸਚਦੇਵਾ, ਨਾਮਵਰ ਸ਼ਾਇਰ ਬਲਬੀਰ ਸੈਣੀ, ਏਡੀਸੀ ਰੋਪੜ ਲਖਬੀਰ ਸਿੰਘ ਰਾਜਪੂਤ ਨੇ ਜਿੱਥੇ ਵਿਚਾਰ ਪੇਸ਼ ਕੀਤੇ, ਉਥੇ ਪ੍ਰਧਾਨਗੀ ਭਾਸ਼ਣ ਦਿੰਦਿਆਂ ਪੰਜਾਬ ਕਲਾ ਪਰਿਸ਼ਦ ਦੇ ਜਨਰਲ ਸਕੱਤਰ ਡਾ. ਲਖਵਿੰਦਰ ਜੌਹਲ ਨੇ ਆਖਿਆ ਕਿ ਸਿਹਤਮੰਦ ਸਾਹਿਤ ਸਿਰਜਣ ਵਾਲਿਆਂ ਲਈ ਕਲਾ ਪਰਿਸ਼ਦ ਦੇ ਬੂਹੇ ਹਮੇਸ਼ਾ ਖੁੱਲ੍ਹੇ ਹਨ। ਜ਼ਿਕਰਯੋਗ ਹੈ ਕਿ ਇਸ ਮੌਕੇ ‘ਤੇ ਪੰਜਾਬੀ ਲੇਖਕ ਸਭਾ ਦੇ ਪ੍ਰਮੁੱਖ ਨੁਮਾਇੰਦੇ ਮਨਮੋਹਨ ਸਿੰਘ ਦਾਊਂ ਹੋਰਾਂ ਨੂੰ ‘ਬਾਬਾ ਫਰੀਦ ਪਲੇਠਾ ਸਾਹਿਤ ਪੁਰਸਕਾਰ 2018’ ਮਿਲਣ ‘ਤੇ ਸਭਾ ਨੇ ਉਚੇਚੇ ਤੌਰ ‘ਤੇ ਸਨਮਾਨਿਤ ਵੀ ਕੀਤਾ। ਮਨਮੋਹਨ ਸਿੰਘ ਦਾਊਂ ਹੋਰਾਂ ਨੇ ਸਨਮਾਨਿਤ ਹੋਣ ‘ਤੇ ਸਭਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਮੇਰਾ ਨਹੀਂ ਕਲਮਾਂ ਦਾ ਸਨਮਾਨ ਹੈ। ਇਸ ਪੁਸਤਕ ਰਿਲੀਜ਼ ਸਮਾਗਮ ਵਿਚ ਗੁਰਨਾਮ ਕੰਵਰ, ਹਰਮਿੰਦਰ ਕਾਲੜਾ, ਮਨਜੀਤ ਕੌਰ ਮੀਤ, ਜਗਦੀਪ ਨੂਰਾਨੀ, ਕੁਲਤਾਰ ਮੀਆਂਪੁਰੀ, ਸ਼ਿਵ ਕੁਮਾਰ ਕਾਲੀਆ, ਕਰਨੈਲ ਸਿੰਘ ਸੰਧੂ, ਡਾ. ਅਸ਼ੋਕ ਸ਼ਰਮਾ, ਉਮੇਸ਼ ਠਾਕੁਰ, ਯੋਗੇਸ਼ ਸਚਦੇਵਾ, ਅੰਮ੍ਰਿਤ ਲਾਲ, ਰਫੀਕ ਮੁਹੰਮਦ, ਐਫਐਸਓ ਇੰਦੂ ਬਾਲਾ, ਸੁਰਜੀਤ ਕੌਰ ਸੰਧੂ, ਸੁਰਿੰਦਰ ਸ਼ਰਮਾ, ਇੰਸਪੈਕਟਰ ਲਖਵੀਰ ਸਿੰਘ, ਇੰਸਪੈਕਟਰ ਦਲਜੀਤ ਸਿੰਘ, ਭੁਪਿੰਦਰ ਸਿੰਘ ਸੰਧੂ, ਮਲਕੀਤ ਬਸਰਾ, ਊਸ਼ਾ ਕੰਵਰ, ਦਲਜੀਤ ਕੌਰ ਦਾਊਂ, ਦਰਸ਼ਨ ਤ੍ਰਿਊਣਾ, ਧਿਆਨ ਸਿੰਘ ਕਾਹਲੋਂ, ਰਾਕੇਸ਼ ਵਰਮਾ, ਪ੍ਰੋ. ਅਵਤਾਰ ਸਿੰਘ, ਰਾਕੇਸ਼ ਸ਼ਰਮਾ, ਗੁਰਦੀਪ ਗੁਲ, ਸਤਨਾਮ ਸਿੰਘ, ਪ੍ਰਭਾਤ ਭੱਟੀ ਸਮੇਤ ਹੋਰ ਨਾਮਵਰ ਲੇਖਕ, ਸਾਹਿਤਕਾਰ ਤੇ ਸਾਹਿਤ ਪ੍ਰੇਮੀ ਮੌਜੂਦ ਸਨ। ਸਮੁੱਚੇ ਸਮਾਗਮ ਦੌਰਾਨ ਮੰਚ ਸੰਚਾਲਨ ਦੀ ਕਾਰਵਾਈ ਦੀਪਕ ਸ਼ਰਮਾ ਚਨਾਰਥਲ ਨੇ ਕਾਵਿਕ ਰੂਪ ਵਿਚ ਨਿਭਾਈ।
ਬਲਜੀਤ ਬਡਵਾਲ ਦਾ ਹੋਇਆ ਵਿਸ਼ੇਸ਼ ਸਨਮਾਨ
ਪਰਵਾਸੀ ਫਰੈਂਡਜ਼ ਕਲੱਬ ਨੰਗਲ-ਕੈਨੇਡਾ ਦੇ ਪ੍ਰਧਾਨ ਤੇ ਉਘੇ ਸਮਾਜ ਸੇਵੀ ਬਲਜੀਤ ਸਿੰਘ ਬਡਵਾਲ ਨੂੰ ਉਨ੍ਹਾਂ ਦੀਆਂ ਦੀਆਂ ਸਮਾਜਿਕ ਗਤੀਵਿਧੀਆਂ ਸਦਕਾ ਚੰਡੀਗੜ੍ਹ ਦੇ ਪੰਜਾਬ ਕਲਾ ਭਵਨ ਵਿਖੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਬਲਜੀਤ ਬਡਵਾਲ ਦੀ ਅਗਵਾਈ ‘ਚ ਨੰਗਲ ਵਿਖੇ ਜਿੱਥੇ ਹਰ ਮਹੀਨੇ ਕੋਈ ਨਾ ਕੋਈ ਸਮਾਜ ਸੁਧਾਰਕ ਸਮਾਗਮ ਹੁੰਦਾ ਹੈ, ਉਥੇ ਸਲਾਨਾ ਸਮਾਗਮ ਦੌਰਾਨ ਲੋੜਵੰਦ ਵਿਦਿਆਰਥੀਆਂ ਤੇ ਵਿਅਕਤੀਆਂ ਅਤੇ ਪਰਿਵਾਰਾਂ ਦੀ ਹਰ ਮਦਦ ਕੀਤੀ ਜਾਂਦੀ ਹੈ।

Check Also

ਸੁਖਬੀਰ ਬਾਦਲ ਨੇ ਲੋਕ ਸਭਾ ਚੋਣਾਂ ’ਚ ਭਾਜਪਾ ਦੀ ਹਾਰ ਨੂੰ ਲੈ ਕੇ ਕੀਤਾ ਵੱਡਾ ਦਾਅਵਾ

ਕਿਹਾ : ਪ੍ਰਧਾਨ ਮੰਤਰੀ ਦੇ ਭਾਸ਼ਣਾਂ ਤੋਂ ਨਜ਼ਰ ਆਉਂਦੀ ਭਾਜਪਾ ਦੀ ਹਾਰ ਬਠਿੰਡਾ/ਬਿਊਰੋ ਨਿਊਜ਼ : …