-8.5 C
Toronto
Saturday, December 27, 2025
spot_img
Homeਪੰਜਾਬਬਾਦਲਾਂ ਦੀ ਸੁਰੱਖਿਆ ਲਈ ਲਾਈ 'ਘੋੜਾ ਬ੍ਰਿਗੇਡ' ਲਈ ਵਾਪਸ

ਬਾਦਲਾਂ ਦੀ ਸੁਰੱਖਿਆ ਲਈ ਲਾਈ ‘ਘੋੜਾ ਬ੍ਰਿਗੇਡ’ ਲਈ ਵਾਪਸ

ਹਕੂਮਤ ਬਦਲਣ ਮਗਰੋਂ ਪਿੰਡ ਬਾਦਲ ਵਿੱਚ ਹੋਣ ਵਾਲੀ ਗਸ਼ਤ ਕੀਤੀ ਬੰਦ
ਬਠਿੰਡਾ/ਬਿਊਰੋ ਨਿਊਜ਼ : ਪੰਜਾਬ ਦੀ ਕਾਂਗਰਸ ਸਰਕਾਰ ਨੇ ਬਾਦਲਾਂ ਦੀ ਸੁਰੱਖਿਆ ‘ਤੇ ਲਾਈ ‘ਘੋੜਾ ਬ੍ਰਿਗੇਡ’ ਵਾਪਸ ਲੈ ਲਈ ਹੈ। ਪਹਿਲਾਂ ਪਿੰਡ ਬਾਦਲ ਵਿਚੋਂ ਸੁਰੱਖਿਆ ਮੁਲਾਜ਼ਮ ਵਾਪਸ ਬੁਲਾਏ ਗਏ ਸਨ। ਹੁਣ ‘ਘੋੜਾ ਬ੍ਰਿਗੇਡ’ ਨੂੰ ਬਠਿੰਡਾ ਸ਼ਿਫਟ ਕੀਤਾ ਜਾਣਾ ਹੈ। ਬਠਿੰਡਾ ਪੁਲਿਸ ਨੇ ‘ਘੋੜਾ ਬ੍ਰਿਗੇਡ’ ਲਈ ਨਵਾਂ ਤਬੇਲਾ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ।
ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ઠ15 ਜਨਵਰੀ 2011 ਨੂੰ ਪੀਏਪੀ 7 ਬਟਾਲੀਅਨ, ਜਲੰਧਰ ਦੇ ਛੇ ਘੋੜੇ ਪਿੰਡ ਬਾਦਲ ਲਈ ਤਾਇਨਾਤ ਕੀਤੇ ਗਏ ਸਨ। ਪਿੰਡ ਮਹਿਣਾ ਦੇ ਨਹਿਰੀ ਆਰਾਮ ਘਰ ਵਿੱਚ ਇਨ੍ਹਾਂ ਘੋੜਿਆਂ ਦਾ ਤਬੇਲਾ ਬਣਿਆ ਹੋਇਆ ਹੈ, ਜਿਥੇ ਘੋੜ ਸਵਾਰ ਪੁਲਿਸ ਦੇ ਛੇ ਮੁਲਾਜ਼ਮ ਵੀ ਤਾਇਨਾਤ ਹਨ। ਪਿੰਡ ਬਾਦਲ ਵਿੱਚ ਬਾਦਲ ਪਰਿਵਾਰ ਦੀ ਕਿਲਾਨੁਮਾ ਰਿਹਾਇਸ਼ ਦੇ ਚਾਰ-ਚੁਫੇਰੇ ਇਹ ਘੋੜ ਸਵਾਰ ਪੁਲਿਸ ਗਸ਼ਤ ਕਰਦੀ ਰਹੀ ਹੈ।
ਰਾਤ ਦੇ ਸਮੇਂ ਘੋੜਿਆਂ ਦੀ ਡਿਊਟੀ ਸ਼ੁਰੂ ਹੁੰਦੀ ਸੀ। ਹਕੂਮਤ ਬਦਲਣ ਮਗਰੋਂ ਹੁਣ ਪਿੰਡ ਬਾਦਲ ਵਿੱਚ ਹੋਣ ਵਾਲੀ ਗਸ਼ਤ ਬੰਦ ਕਰ ਦਿੱਤੀ ਗਈ ਹੈ। ਉਂਜ, ਇਨ੍ਹਾਂ ਘੋੜਿਆਂ ਨੂੰ ਮੇਲਿਆਂ ਵਿੱਚ ਡਿਊਟੀ ਖਾਤਰ ਵੀ ਵਰਤਿਆ ਜਾਂਦਾ ਰਿਹਾ ਸੀ। ਹੁਣ ਬਠਿੰਡਾ ਸ਼ਹਿਰ ਵਿੱਚ ਇਸ ‘ਘੋੜ ਸਵਾਰ’ ਪੁਲਿਸ ਨੂੰ ਅਮਨ-ਸ਼ਾਂਤੀ ਬਣਾਏ ਰੱਖਣ ਲਈ ਵਰਤਿਆ ਜਾਵੇਗਾ। ਪੰਜਾਬ ਪੁਲਿਸ ਇਨ੍ਹਾਂ ਘੋੜਿਆਂ ਨੂੰ ਸਕੂਲੀ ਬੱਚਿਆਂ ਨੂੰ ਘੋੜ ਸਵਾਰੀ ਸਿਖਾਉਣ ਲਈ ਵੀ ਵਰਤੇਗੀ।
ਇਨ੍ਹਾਂ ਘੋੜਿਆਂ ਦੀ ਖੁਰਾਕ ਦਾ ਸਾਲਾਨਾ ਖ਼ਰਚਾ ਕਰੀਬ ਪੰਜ ਲੱਖ ਰੁਪਏ ਹੈ ਅਤੇ ਮੁਲਾਜ਼ਮਾਂ ਦੀ ਤਨਖਾਹ ਇਸ ਤੋਂ ਵੱਖਰੀ ਹੈ। ਸੂਤਰਾਂ ਅਨੁਸਾਰ ਇਨ੍ਹਾਂ ਘੋੜਿਆਂ ਲਈ ਬਠਿੰਡਾ ਦੀ ਲਾਲ ਸਿੰਘ ਬਸਤੀ ਵਿਚ ਤਬੇਲਾ ਤਿਆਰ ਹੋ ਰਿਹਾ ਹੈ, ਜਿਥੇ ਮੁਲਾਜ਼ਮਾਂ ਦੀ ਰਿਹਾਇਸ਼ ਦਾ ਇੰਤਜ਼ਾਮ ਵੀ ਹੋਵੇਗਾ। ਸੂਤਰ ਦੱਸਦੇ ਹਨ ਕਿ ਹੁਣ ਖੁਰਾਕ ਦਾ ਖਰਚਾ ਬਠਿੰਡਾ ਪੁਲਿਸ ਚੁੱਕੇਗੀ।
‘ਲਾਅ ਐਂਡ ਆਰਡਰ’ ਲਈ ਵਰਤਾਂਗੇ: ਛੀਨਾ
ਬਠਿੰਡਾ ਜ਼ੋਨ ਦੇ ਆਈ.ਜੀ. ਮੁਖਵਿੰਦਰ ਸਿੰਘ ਛੀਨਾ ਦਾ ਕਹਿਣਾ ਹੈ ਕਿ ਘੋੜ ਸਵਾਰ ਪੁਲਿਸ ਦੀ ਤਾਇਨਾਤੀ ਪਹਿਲਾਂ ਪਿੰਡ ਬਾਦਲ ਵਿੱਚ ਸੀ ਅਤੇ ਇਹ ਪੁਲਿਸ ਸਾਬਕਾ ਮੁੱਖ ਮੰਤਰੀ ਦੀ ਰਿਹਾਇਸ਼ ਦੇ ਆਸ-ਪਾਸ ਗਸ਼ਤ ਕਰਦੀ ਸੀ। ਹੁਣ ਇਹ ਘੋੜ ਸਵਾਰ ਪੁਲਿਸ ਵਾਪਸ ਬੁਲਾ ਲਈ ਗਈ ਹੈ ਅਤੇ ਇਸ ਨੂੰ ਲਾਅ ਐਂਡ ਆਰਡਰ ਵਾਸਤੇ ਵਰਤਿਆ ਜਾਵੇਗਾ। ਪੁਲਿਸ ਪਬਲਿਕ ਸਕੂਲ ਦੇ ਬੱਚਿਆਂ ਨੂੰ ਸਿਖਲਾਈ ਵਾਸਤੇ ਵੀ ਇਹ ਘੋੜੇ ਵਰਤੇ ਜਾਣਗੇ।

RELATED ARTICLES
POPULAR POSTS