Breaking News
Home / ਪੰਜਾਬ / ਭਾਸ਼ਾ ਵਿਭਾਗ ਪੰਜਾਬ, ਪਟਿਆਲ਼ਾ ਵਿਖੇ ਕਾਵਿ ਪੁਸਤਕ ‘ਮਹਿਕਦੇ ਅਲਫ਼ਾਜ਼’ ਦਾ ਲੋਕ ਅਰਪਣ

ਭਾਸ਼ਾ ਵਿਭਾਗ ਪੰਜਾਬ, ਪਟਿਆਲ਼ਾ ਵਿਖੇ ਕਾਵਿ ਪੁਸਤਕ ‘ਮਹਿਕਦੇ ਅਲਫ਼ਾਜ਼’ ਦਾ ਲੋਕ ਅਰਪਣ

ਪਟਿਆਲਾ : ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਡਾ. ਰਵਿੰਦਰ ਕੌਰ ਭਾਟੀਆ ਅਤੇ ਡਾ. ਜਗਮੋਹਨ ਸੰਘਾ ਕੈਨੇਡਾ ਵੱਲੋਂ ਸੰਪਾਦਿਤ ਸਾਂਝਾ ਕਾਵਿ-ਸੰਗ੍ਰਹਿ ‘ਮਹਿਕਦੇ ਅਲਫ਼ਾਜ਼’ ਜਿਸ ਦਾ ਲੋਕ ਅਰਪਣ ਸਮਾਰੋਹ ਮਿਤੀ 17 ਜੁਲਾਈ 2022 ਦਿਨ ਐਤਵਾਰ ਨੂੰ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਵਿਖੇ ਹੋਇਆ। ਜਿਸ ਵਿਚ ਦੇਸ਼-ਵਿਦੇਸ਼ ਦੇ 70 ਉੱਘੇ ਕਵੀਆਂ ਦੀਆਂ ਰਚਨਾਵਾਂ ਹਨ। ਪ੍ਰੋਗਰਾਮ ਦਾ ਆਗਾਜ਼ ਪ੍ਰੋ. ਕਵਲਜੀਤ ਨੇ ਕਾਵਿਮਈ ਅੰਦਾਜ਼ ਵਿੱਚ ਕੀਤਾ।
ਕੈਨੇਡਾ ਤੋਂ ਤਸ਼ਰੀਫ਼ ਲਿਆਏ ਪੁਸਤਕ ਦੇ ਸੰਪਾਦਕ ਡਾ. ਜਗਮੋਹਨ ਸੰਘਾ ਨੇ ਮੁੱਖ ਮਹਿਮਾਨ ਡਾ. ਦੀਪਕ ਮਨਮੋਹਨ ਸਿੰਘ ਜੀ ਅਤੇ ਹੋਰ ਮਹਿਮਾਨਾਂ ਦਾ ਸਵਾਗਤ ਕੀਤਾ। ਡਾ . ਸੰਘਾ ਨੇ ਪੁਸਤਕ ਦੀ ਸੰਪਾਦਨਾਂ ਸੰਬੰਧੀ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਪੁਸਤਕ ਵਿੱਚ ਸ਼ਾਮਿਲ ਕਰਨ ਤੋਂ ਪਹਿਲਾਂ ਬਜ਼ਾਤੇ ਖੁਦ ਇੰਨਾਂ ਰਚਨਾਵਾਂ ਵਿਚਲੀ ਸ਼ਗੁਫਤਗੀ ਤੇ ਮਹਿਕ ਨੂੰ ਮਾਣਿਆ ਹੈ। ਉਨ੍ਹਾਂ ਕਵੀਆਂ ਨੂੰ ਉਤਸ਼ਾਹਿਤ ਵੀ ਕੀਤਾ ਤੇ ਹੋਰ ਚੰਗਾ ਲਿਖਣ ਲਈ ਪ੍ਰੇਰਿਤ ਵੀ ਕੀਤਾ।
ਡਾ.ਰਵਿੰਦਰ ਕੌਰ ਭਾਟੀਆ ਨੇ ‘ਮਹਿਕਦੇ ਅਲਫ਼ਾਜ਼’ ਪੁਸਤਕ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਅੱਜ ਦੇ ਸਮੇਂ ਵਿਚ ਮਾਂ ਬੋਲੀ ਪੰਜਾਬੀ ਨੂੰ ਬਿਲਕੁਲ ਖਤਮ ਕੀਤਾ ਜਾ ਰਿਹਾ ਹੈ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਇਸ ਦੇ ਭਵਿੱਖ ਨੂੰ ਸੁਰੱਖਿਅਤ ਰੱਖਣ ਲਈ ਵੱਧ ਤੋਂ ਵੱਧ ਉਪਰਾਲੇ ਕਰੀਏ।
ਮੁੱਖ ਮਹਿਮਾਨ ਡਾ. ਦੀਪਕ ਮਨਮੋਹਨ ਸਿੰਘ ਜੀ ਨੇ ਕਾਵਿ ਪੁਸਤਕ ਸਾਹਿਤ ਪ੍ਰੇਮੀਆਂ ਨੂੰ ਸਮਰਪਿਤ ਕੀਤੀ। ਉਨ੍ਹਾਂ ਨੇ ਸੰਪਾਦਕਾਂ ਨੂੰ ਇਸ ਕਾਰਜ ਲਈ ਵਧਾਈ ਦਿੰਦਿਆਂ ਕਿਹਾ ਕਿ ਦੇਸ਼-ਵਿਦੇਸ਼ ਦੇ 70 ਕਵੀਆਂ ਦੀਆਂ ਰਚਨਾਵਾਂ ਨੂੰ ਇਕ ਥਾਂ ਸੰਪਾਦਿਤ ਕਰਨਾ ਬੜਾ ਕਠਿਨ ਕਾਰਜ਼ ਹੈ। ਇਸ ਤੋਂ ਇਲਾਵਾ ਪੁਸਤਕ ਵਿਚ ਸ਼ਾਮਿਲ ਕਵਿਤਾਵਾਂ ਸੰਬੰਧੀ ਮੀਨਾ ਮਹਿਰੋਕ ਨੇ ਪੇਪਰ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ‘ਮਹਿਕਦੇ ਅਲਫਾਜ਼’ ਵਿਚਲੀਆਂ ਰਚਨਾਵਾਂ ਨੇ ਹੱਦਾਂ-ਸਰਹੱਦਾਂ ਦੇ ਹੱਦ ਬੰਨੇ ਟੱਪ ਕੇ ਹਰ ਚੰਗੀ ਕਲਮ ਨੂੰ ਆਪਣੀ ਬੁੱਕਲ਼ ਵਿੱਚ ਲਿਆ ਹੈ। ਬੰਦੂਕਾਂ ਦੇ ਇਸ ਦੌਰ ਵਿੱਚ ਸ਼ਬਦ ਦੀ ਗੱਲ ਕਰਨੀ ਹੀ ਪੁਸਤਕ ‘ਮਹਿਕਦੇ ਅਲਫਾਜ਼’ ਅਤੇ ਇਸ ਕਿਤਾਬ ਦੇ ਸੰਪਾਦਕਾਂ ਦੀ ਵੱਡੀ ਪ੍ਰਾਪਤੀ ਹੈ।
ਡਾ ਜੀ. ਐਸ. ਆਨੰਦ, ਸ਼੍ਰੋਮਣੀ ਕਵੀ ਦਰਸ਼ਨ ਬੁਟਰ, ਉੱਘੇ ਆਲੋਚਕ ਡਾ. ਸਦਿਰ ਪਾਲ ਸਿੰਘ, ਪੱਤਰਕਾਰ ਅਤੇ ਸ਼ਾਇਰ ਸ਼ੁਸ਼ੀਲ ਦੁਸਾਂਝ, ਮੈਡਮ ਗੁਰਚਰਨ ਕੋਛੜ ਨੇ ਵੀ ਆਪਣੇ ਕੀਮਤੀ ਵਿਚਾਰ ਅਤੇ ਕਾਵਿ ਰਚਨਾਵਾਂ ਪੇਸ਼ ਕੀਤੀਆਂ।
ਅੱਜ ਦੇ ਇਸ ਲੋਕ ਅਰਪਣ ਸਮਾਰੋਹ ਵਿੱਚ ਡਾ. ਰਵਿੰਦਰ ਭਾਟੀਆ ਅਤੇ ਡਾ. ਜਗਮੋਹਨ ਸੰਘਾ ਜੀ ਵੱਲੋਂ ਪੁਸਤਕ ਵਿੱਚ ਯੋਗਦਾਨ ਪਾਉਣ ਵਾਲੇ ਕਵੀ ਕਵਿੱਤਰੀਆਂ ਅਤੇ ਹਾਜ਼ਰ ਮਹਿਮਾਨਾਂ ਨੂੰ ਖ਼ੂਬਸੂਰਤ ਲੋਈਆਂ ਤੇ ਫੁਲਕਾਰੀਆਂ ਨਾਲ ਸਨਮਾਨਿਤ ਕੀਤਾ ਗਿਆ।
ਪ੍ਰੋਗਰਾਮ ਵਿੱਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਆਏ ਕਵੀਆਂ ਪ੍ਰੋ. ਕਵਲਜੀਤ, ਆਸ਼ਾ ਸ਼ਰਮਾ, ਕੁਲਦੀਪ ਧੰਜੂ, ਮੀਨਾ ਮਹਿਰੋਕ, ਸੁਦੇਸ਼ ਮੋਦਗਿਲ, ਭਾਰਤ ਭੂਸ਼ਣ, ਜੋਬਨਰੂਪ ਕੋਰ ਛੀਨਾ, ਸ਼ਾਇਰ ਭੱਟੀ, ਹਰਪ੍ਰੀਤ, ਗੁਲਸ਼ਨ ਕੋਮਲ, ਪਰਮਜੀਤ ਕਲਾਕਾਰ, ਗੁਰਦਰਸ਼ਨ ਗੁਸੀਲ, ਰਮਨਦੀਪ ਰਮੀ, ਹਰਪ੍ਰੀਤ, ਅਮਰਜੀਤ ਕੋਂਕੇ, ਕੰਵਰ ਜਸਵਿੰਦਰ, ਸਤਪਾਲ, ਸ਼ਿਵਨਾਥ ਦਰਦੀ, ਹਰਜੀਤ ਸੱਧਰ, ਹਰਜਿੰਦਰ ਸੱਧਰ ਨੇ ਵੀ ਹਾਜ਼ਰੀ ਲਵਾਈ।
ਪ੍ਰੋ. ਕਵਲਜੀਤ ਨੇ ਮੰਚ ਸੰਚਾਲਨ ਬੜੇ ਉਮਦਾ ਤੇ ਸਾਹਿਤਕ ਅੰਦਾਜ਼ ਵਿਚ ਕੀਤਾ। ਸਮਾਰੋਹ ਬਹੁਤ ਹੀ ਸ਼ਾਨਦਾਰ ਰਿਹਾ। ਹਰ ਕਿਸੇ ਦੇ ਦਿਲ ਵਿਚ ਇਕ ਅਨੋਖੀ ਖੁਸ਼ੀ ਸੀ। ਡਾ. ਰਵਿੰਦਰ ਭਾਟੀਆ ਨੇ ਆਏ ਮਹਿਮਾਨਾਂ ਅਤੇ ਕਵੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਅਸੀਂ ਭਵਿਖ ਵਿਚ ਵੀ ਆਪਣੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਲਈ ਅਜਿਹੇ ਉਪਰਾਲੇ ਕਰਦੇ ਰਹਾਂਗੇ।

 

Check Also

ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ

ਕਿਹਾ : ਸਿਹਤ ਠੀਕ ਨਾ ਹੋਣ ਕਰਕੇ ਲਈ ਹੈ ਵੀਆਰਐਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ …