ਫਿਲੌਰ ਦੇ ਪਿੰਡ ਮੋਤੀਪੁਰ ਖਾਲਸਾ ਵਿਚ ਗੁਰਦੁਆਰਾ ਸਾਹਿਬ ‘ਚ ਪਾਣੀ ਭਰ ਗਿਆ, ਜਿਸ ਦੇ ਬਾਰੇ ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਐਸ.ਪੀ. ਰਵਿੰਦਰਪਾਲ ਸਿੰਘ ਸੰਧੂ ਦੀ ਅਗਵਾਈ ਵਿਚ ਫੌਜ ਦੀ ਟੁਕੜੀ ਮੌਕੇ ‘ਤੇ ਪਹੁੰਚੀ ਤੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਕਾਰ ਸਹਿਤ ਸੁਰੱਖਿਅਤ ਜਗ੍ਹਾ ‘ਤੇ ਪਹੁੰਚਾਇਆ।
ਕੀਤੇ ਗੁਨਾਹਾਂ ਦੀ ਸਜ਼ਾ ਜਾਂ ਬਦਲਾਖੋਰੀ ਦੀ ਸਿਆਸਤ!
ਚਿਦੰਬਰਮ ਗ੍ਰਿਫ਼ਤਾਰ…
ਭਾਰਤ ਦੇ ਪਹਿਲੇ ਅਜਿਹੇ ਸਾਬਕਾ ਗ੍ਰਹਿ ਤੇ ਵਿੱਤ ਮੰਤਰੀ ਜਿਸ ਨੂੰ ਸੀਬੀਆਈ ਨੇ ਭ੍ਰਿਸ਼ਟਾਚਾਰ ਦੇ ਕੇਸ ‘ਚ ਗ੍ਰਿਫ਼ਤਾਰ ਕੀਤਾ
ਨਵੀਂ ਦਿੱਲੀ/ਬਿਊਰੋ ਨਿਊਜ਼
ਆਈਐੱਨਐੱਕਸ ਮੀਡੀਆ ਮਾਮਲੇ ਵਿੱਚ ਦਾਇਰ ਪੇਸ਼ਗੀ ਜ਼ਮਾਨਤ ਦੀ ਅਰਜ਼ੀ ‘ਤੇ ਸੁਪਰੀਮ ਕੋਰਟ ਕੋਲੋਂ ਫ਼ੌਰੀ ਰਾਹਤ ਨਾ ਮਿਲਣ ਮਗਰੋਂ ਬੁੱਧਵਾਰ ਰਾਤ ਪੌਣੇ ਦਸ ਵਜੇ ਦੇ ਕਰੀਬ ਸੀਬੀਆਈ ਦੀ ਟੀਮ ਨੇ ਸਾਬਕਾ ਵਿੱਤ ਤੇ ਗ੍ਰਹਿ ਮੰਤਰੀ ਅਤੇ ਸੀਨੀਅਰ ਕਾਂਗਰਸ ਆਗੂ ਪੀ.ਚਿਦੰਬਰਮ ਨੂੰ ਗ੍ਰਿਫ਼ਤਾਰ ਕਰ ਲਿਆ। ਜਾਂਚ ਟੀਮ ਉਨ੍ਹਾਂ ਨੂੰ ਇਥੋਂ ਸਿੱਧਾ ਸੀਬੀਆਈ ਹੈੱਡਕੁਆਰਟਰ ਲੈ ਗਈ। ਇਸ ਦੌਰਾਨ ਸੀਬੀਆਈ ਹੈੱਡਕੁਆਰਟਰ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ। ਇਸ ਤੋਂ ਅਗਲੇ ਦਿਨ ਸੀਬੀਆਈ ਟੀਮ ਨੇ ਚਿਦੰਬਰਮ ਨੂੰ ਅਦਾਲਤ ‘ਚ ਪੇਸ਼ ਕਰਕੇ ਉਸ ਦਾ 4 ਦਿਨਾਂ ਦਾ ਰਿਮਾਂਡ ਵੀ ਹਾਸਲ ਕਰ ਲਿਆ।
ਸੀਬੀਆਈ ਦੇ ਬੁਲਾਰੇ ਨੇ ਕਿਹਾ ਕਿ ਕਾਂਗਰਸੀ ਆਗੂ ਨੂੰ ਸਮੱਰਥ ਅਦਾਲਤ ਵੱਲੋਂ ਜਾਰੀ ਵਾਰੰਟ ਦੇ ਅਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰੀ ਤੋਂ ਫੌਰੀ ਮਗਰੋਂ ਚਿਦੰਬਰਮ ਦਾ ਰਾਮ ਮਨੋਹਰ ਲੋਹੀਆ ਹਸਪਤਾਲ ਦੇ ਡਾਕਟਰਾਂ ਨੇ ਸੀਬੀਆਈ ਦਫਤਰ ਵਿੱਚ ਮੈਡੀਕਲ ਕੀਤਾ। ਚਿਦੰਬਰਮ ਨੂੰ ਸੀਬੀਆਈ ਗੈਸਟ ਹਾਊਸ ਦੇ ਗਰਾਊਂਡ ਫਲੋਰ ਸਥਿਤ ਕਮਰਾ ਨੰਬਰ 5 ਵਿੱਚ ਰੱਖਿਆ ਗਿਆ। ਚਿਦੰਬਰਮ ਨੂੰ ਗ੍ਰਿਫ਼ਤਾਰ ਕਰਨ ਗਈ ਸੀਬੀਆਈ ਦੀ 30 ਮੈਂਬਰੀ ਟੀਮ ਨੂੰ ਜੋਰ ਬਾਗ ਸਥਿਤ ਕਾਂਗਰਸੀ ਆਗੂ ਦੀ ਰਿਹਾਇਸ਼ ਬਾਹਰ ਇਕੱਠੇ ਹੋਏ ਕਾਂਗਰਸੀ ਵਰਕਰਾਂ ਦੇ ਰੋਹ ਨਾਲ ਦੋ ਚਾਰ ਹੋਣਾ ਪਿਆ। ਇਸ ਦੌਰਾਨ ਪਾਰਟੀ ਵਰਕਰਾਂ ਨੇ ਨਾਅਰੇਬਾਜ਼ੀ ਕੀਤੀ ਤੇ ਉਹ ਜਾਂਚ ਟੀਮ ਨਾਲ ਧੱਕਾ-ਮੁੱਕੀ ਵੀ ਹੋਏ। ਟੀਮ ਮਗਰੋਂ ਕੰਧ ਟੱਪ ਕੇ ਚਿਦੰਬਰਮ ਦੀ ਰਿਹਾਇਸ਼ ਅੰਦਰ ਦਾਖ਼ਲ ਹੋਈ। ਹਾਲਾਂਕਿ ਕਾਰ ਵਿੱਚ ਆਈ ਸੀਬੀਆਈ ਦੀ ਦੂਜੀ ਟੀਮ ਨੇ ਚਿਦੰਬਰਮ ਨੂੰ ਹਿਰਾਸਤ ਵਿੱਚ ਲੈ ਲਿਆ। ਉਂਜ ਚਿਦੰਬਰਮ ਨੇ ਰਾਤ ਅੱਠ ਵਜੇ ਦੇ ਕਰੀਬ ਕਾਂਗਰਸ ਵੱਲੋਂ ਪਾਰਟੀ ਹੈੱਡਕੁਆਰਟਰ ‘ਤੇ ਰੱਖੀ ਪ੍ਰੈੱਸ ਕਾਨਫ਼ਰੰਸ ਵਿੱਚ ਨਾਟਕੀ ਢੰਗ ਨਾਲ ਪੇਸ਼ ਹੋ ਕੇ ਲਿਖਤੀ ਬਿਆਨ ਰਾਹੀਂ ਆਪਣਾ ਪੱਖ ਰੱਖਿਆ ਤੇ ਬਿਨਾ ਕਿਸੇ ਸਵਾਲ ਦਾ ਜਵਾਬ ਦਿੱਤਿਆਂ ਉਥੋਂ ਆਪਣੀ ਰਿਹਾਇਸ਼ ‘ਤੇ ਪਰਤ ਗਏ।
ਇਸ ਤੋਂ ਪਹਿਲਾਂ ਦਿੱਲੀ ਹਾਈਕੋਰਟ ਵੱਲੋਂ ਚਿਦੰਬਰਮ ਦੀ ਪੇਸ਼ਗੀ ਜ਼ਮਾਨਤ ਅਰਜ਼ੀ ਰੱਦ ਕਰਨ ਤੋਂ ਇਕ ਦਿਨ ਮਗਰੋਂ ਸਾਬਕਾ ਵਿੱਤ ਮੰਤਰੀ ‘ਤੇ ਸਾਰਾ ਦਿਨ ਗ੍ਰਿਫ਼ਤਾਰੀ ਦੀ ਤਲਵਾਰ ਲਟਕਦੀ ਰਹੀ। ਸਾਬਕਾ ਕੇਂਦਰੀ ਮੰਤਰੀ ਨੂੰ ਸੁਪਰੀਮ ਕੋਰਟ ‘ਚੋਂ ਕੁਝ ਰਾਹਤ ਮਿਲਣ ਦੀ ਆਸ ਸੀ, ਪਰ ਭਾਰਤ ਦੇ ਚੀਫ ਜਸਟਿਸ ਰੰਜਨ ਗੋਗੋਈ ਨੇ ਚਿਦੰਬਰਮ ਦੀ ਪਟੀਸ਼ਨ ‘ਤੇ ਸੁਣਵਾਈ ਸ਼ੁੱਕਰਵਾਰ ਲਈ ਅੱਗੇ ਪਾ ਦਿੱਤੀ। ਉਧਰ ਸੀਬੀਆਈ ਤੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਚਿਦੰਬਰਮ ਨੂੰ ਦੇਸ਼ ਛੱਡ ਕੇ ਜਾਣ ਤੋਂ ਰੋਕਣ ਲਈ ਲੁੱਕ-ਆਊਟ ਸਰਕੁਲਰ ਜਾਰੀ ਕਰਦਿਆਂ ਸਾਰੇ ਹਵਾਈ ਅੱਡਿਆਂ ਨੂੰ ਚੌਕਸ ਕਰ ਦਿੱਤਾ। ਜਾਂਚ ਏਜੰਸੀਆਂ ਵੱਲੋਂ ਪੇਸ਼ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਸੁਪਰੀਮ ਕੋਰਟ ਵਿੱਚ ਚਿਦੰਬਰਮ ਦੀ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਕਾਲੇ ਧਨ ਨੂੰ ਸਫ਼ੇਦ ਕਰਨ ਦਾ ‘ਬਹੁਤ ਵੱਡਾ ਮਾਮਲਾ’ ਹੈ।
ਸਾਲ 2004 ਤੋਂ 2014 ਦੇ ਅਰਸੇ ਦੌਰਾਨ ਯੂਪੀਏ ਸਰਕਾਰ ਵਿੱਚ ਗ੍ਰਹਿ ਮੰਤਰੀ ਤੇ ਵਿੱਤ ਮੰਤਰੀ ਦੇ ਅਹੁਦਿਆਂ ‘ਤੇ ਰਹੇ ਚਿਦੰਬਰਮ ਉੱਤੇ ਦੋਸ਼ ਹੈ ਕਿ ਉਨ੍ਹਾਂ ਨੇ ਸਾਲ 2007 ਵਿੱਚ ਆਈਐੱਨਐਕਸ ਮੀਡੀਆ ਨੂੰ ਵਿਦੇਸ਼ ਤੋਂ ਮਿਲੇ 305 ਕਰੋੜ ਦੇ ਫੰਡਾਂ ਨੂੰ ਵਿਦੇਸ਼ੀ ਨਿਵੇਸ਼ ਪ੍ਰਮੋਸ਼ਨ ਬੋਰਡ (ਐਫਆਈਪੀਬੀ) ਤੋਂ ਹਰੀ ਝੰਡੀ ਦਿਵਾਉਣ ਵਿੱਚ ਕਥਿਤ ਮਦਦ ਕੀਤੀ ਸੀ। ਸੀਬੀਆਈ ਤੇ ਈਡੀ ਵੱਲੋਂ ਪਿਛਲੇ ਦੋ ਸਾਲ ਤੋਂ ਚਿਦੰਬਰਮ ਤੋਂ ਇਸ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਸੀ। ਦਿੱਲੀ ਹਾਈਕੋਰਟ ਨੇ ਲੰਘੇ ਦਿਨ ਸੀਨੀਅਰ ਕਾਂਗਰਸੀ ਆਗੂ ਦੀ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਨੂੰ ਖਾਰਜ ਕਰ ਦਿੱਤਾ ਸੀ। ਚਿਦੰਬਰਮ ਦੀ ਅਰਜ਼ੀ ਦੀ ਪੈਰਵੀ ਕਰ ਰਹੀ ਸੀਨੀਅਰ ਵਕੀਲ ਕਪਿਲ ਸਿੱਬਲ ਦੀ ਅਗਵਾਈ ਵਾਲੀ ਵਕੀਲਾਂ ਦੀ ਟੀਮ ਨੇ ਸੁਪਰੀਮ ਕੋਰਟ ਦੇ ਰਜਿਸਟਰਾਰ (ਜੁਡੀਸ਼ਲ) ਸੂਰਿਆ ਪ੍ਰਤਾਪ ਸਿੰਘ ਨਾਲ ਸੰਖੇਪ ਸਲਾਹ-ਮਸ਼ਵਰਾ ਕੀਤਾ ਤੇ ਪਟੀਸ਼ਨ ਵਿਚਲੇ ਨੁਕਸਾਂ ਬਾਰੇ ਪਤਾ ਕੀਤਾ। ਸਿੱਬਲ ਨੇ ਮਗਰੋਂ ਪਟੀਸ਼ਨ ਜਸਟਿਸ ਐੱਨ.ਵੀ.ਰਾਮੰਨਾ, ਐੱਮ. ਸ਼ਾਂਤਨਾਗਾਉਡਰ ਤੇ ਅਜੈ ਰਸਤੋਗੀ ਦੀ ਸ਼ਮੂਲੀਅਤ ਵਾਲੇ ਬੈਂਚ ਅੱਗੇ ਰੱਖੀ, ਜਿਨ੍ਹਾਂ ਇਸ ਨੂੰ ਵਿਚਾਰ ਲਈ ਸੀਜੇਆਈ ਅੱਗੇ ਭੇਜ ਦਿੱਤਾ ਤਾਂ ਕਿ ਇਸ ‘ਤੇ ਜ਼ਰੂਰੀ ਸੁਣਵਾਈ ਹੋ ਸਕੇ। ਪਰ ਜਦੋਂ ਵਕੀਲਾਂ ਦੀ ਟੀਮ ਨੂੰ ਜ਼ਰੂਰੀ ਲਿਸਟਿੰਗ ਸਬੰਧੀ ਕੋਈ ਜਾਣਕਾਰੀ ਨਾ ਮਿਲੀ ਤਾਂ ਸਿੱਬਲ ਨੇ ਦੁਪਹਿਰ ਮਗਰੋਂ ਜੁੜੇ ਉਸੇ ਬੈਂਚ ਅੱਗੇ ਮੁੜ ਪਟੀਸ਼ਨ ਰੱਖ ਦਿੱਤੀ।
21 ਅਗਸਤ 2019
ਅਮਿਤ ਸ਼ਾਹ ਗ੍ਰਹਿ ਮੰਤਰੀ-ਪੀ ਚਿਦੰਬਰਮ ਗ੍ਰਿਫ਼ਤਾਰ
25 ਜੁਲਾਈ 2010
ਪੀ ਚਿਦੰਬਰਮ ਗ੍ਰਹਿ ਮੰਤਰੀ-ਅਮਿਤ ਸ਼ਾਹ ਗ੍ਰਿਫ਼ਤਾਰ
ਅਮਿਤ ਸ਼ਾਹ ਨੇ ਕਹਿ ਕੇ ਚਿਦੰਬਰਮ ਨੂੰ ਭਾਜੀ ਮੋੜੀ…
9 ਸਾਲ ਪਹਿਲਾਂ ਪੀ ਚਿਦੰਬਰਮ ਭਾਰਤ ਦੇ ਗ੍ਰਹਿ ਮੰਤਰੀ ਸਨ ਤੇ ਅਮਿਤ ਸ਼ਾਹ ਸ਼ੁਹਾਰਬੂਦੀਨ ਸ਼ੇਖ ਇਨਕਾਊਂਟਰ ਮਾਮਲੇ ‘ਚ ਘਿਰੇ ਹੋਏ ਸਨ। ਸੀਬੀਆਈ ਦੇ ਦਫ਼ਤਰ ਵਿਚ ਅਮਿਤ ਸ਼ਾਹ ਨੇ 25 ਜੁਲਾਈ 2010 ਨੂੰ ਆਤਮ ਸਮਰਪਣ ਕੀਤਾ ਤੇ ਸੀਬੀਆਈ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ 3 ਮਹੀਨਿਆਂ ਲਈ ਜੇਲ੍ਹ ਹੋਈ ਅਤੇ 2 ਸਾਲ ਗੁਜਰਾਤ ਨਾ ਵੜਨ ਦੀ ਹਦਾਇਤ। ਜਦੋਂ 2012 ਦੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਸਨ ਤਾਂ ਉਸ ਤੋਂ ਪਹਿਲਾਂ ਅਮਿਤ ਸ਼ਾਹ ਨੂੰ ਆਪਣੇ ਗ੍ਰਹਿ ਸੂਬੇ ਵਿਚ ਜਾਣ ਦੀ ਆਗਿਆ ਮਿਲੀ। ਗੁਜਰਾਤ ਪਰਤ ਕੇ ਅਮਿਤ ਸ਼ਾਹ ਨੇ ਇਕ ਮੀਟਿੰਗ ਵਿਚ ਇਕ ਸ਼ੇਅਰ ਪੜ੍ਹਿਆ, ਜਿਸ ਦਾ ਸਿੱਧਾ ਸੰਕੇਤ ਸੀ ਕਿ ਮੈਂ ਭਾਜੀ ਮੋੜਾਂਗਾ। ਸ਼ੇਅਰ ਕੁੱਝ ਇੰਝ ਸੀ :
‘ਮੇਰਾ ਪਾਨੀ ਉਤਰਤੇ ਦੇਖ, ਕਿਨਾਰੇ ਪਰ ਘਰ ਮਤ ਬਨਾ ਲੇਨਾ,
ਮੈਂ ਸਮੰਦਰ ਹੂੰ, ਲੌਟ ਕਰ ਜ਼ਰੂਰ ਆਊਂਗਾ॥’
ਭ੍ਰਿਸ਼ਟਾਚਾਰ ਦੇ 6 ਮਾਮਲੇ
ਚਿਦੰਬਰਮ ਦੇ ਨਾਲ-ਨਾਲ ਪਤਨੀ, ਪੁੱਤ ਤੇ ਨੂੰਹ ਵੀ ਜਾਂਚ ਦੇ ਘੇਰੇ ‘ਚ
1. ਆਈ ਐਨ ਐਕਸ ਮੀਡੀਆ ਮਾਮਲੇ ‘ਚ 305 ਕਰੋੜ ਰੁਪਏ ਦੇ ਵਿਦੇਸ਼ੀ ਫੰਡ ਦੇ ਘਪਲੇ ਦਾ ਆਰੋਪ।
2. ਸ਼ਾਰਦਾ ਚਿੱਟ ਫੰਡ ਮਾਮਲੇ ‘ਚ 1 .4 ਕਰੋੜ ਦੀ ਰਿਸ਼ਵਤ ਲੈਣ ਦਾ ਆਰੋਪ।
3. ਕਾਲਾ ਧਨ ਮਾਮਲੇ ਵਿਚ ਖੁਦ, ਘਰਵਾਲੀ, ਪੁੱਤ ਤੇ ਨੂੰਹ ਵੀ ਆਰੋਪੀ।
4. ਏਅਰ ਸੇਲ ਮੈਕਸਿਸ ਸੌਦੇ ‘ਚ 3500 ਕਰੋੜ ਦੀ ਡੀਲ ਚੁੱਪ ਇਕੱਲਿਆਂ ਪਾਸ ਕਰਨ ਦਾ ਆਰੋਪ।
5. ਐਵੀਏਸ਼ਨ ਘੁਟਾਲੇ ‘ਚ 1250 ਕਰੋੜ ਦੇ ਲਾਭ ਦਾ ਆਰੋਪ।
6. ਇਸ਼ਰਤ ਜਹਾਂ ਕੇਸ ‘ਚ ਹਲਫ਼ਨਾਮੇ ਨਾਲ ਛੇੜਛਾੜ ਦਾ ਆਰੋਪ
ਕਹਾਣੀ ਉਹੀ ਪਹਿਲਾਂ ਐਕਟਰ ਸ਼ਾਹ ਹੁਣ ਚਿਦੰਬਰਮ
ਕਹਾਣੀ ਪਹਿਲਾਂ ਵਾਲੀ ਹੀ ਦੁਹਰਾਈ ਗਈ ਹੈ ਬਸ ਚਿਹਰੇ ਹੀ ਬਦਲੇ ਹਨ। ਸਾਲ 2010 ਵਿਚ ਜਿਸ ਭੂਮਿਕਾ ਵਿਚ ਅਮਿਤ ਸ਼ਾਹ ਸਨ ਅੱਜ ਉਸ ਭੂਮਿਕਾ ਵਿਚ ਪੀ ਚਿਦੰਬਰਮ ਹਨ। ਉਸ ਸਮੇਂ ਭਾਰਤ ਦੇ ਗ੍ਰਹਿ ਮੰਤਰੀ ਪੀ ਚਿਦੰਬਰਮ ਸਨ ਅਤੇ ਸ਼ਹਾਰਬੂਦੀਨ ਸ਼ੇਖ ਇਨਕਾਊਂਟਰ ਮੁਕਾਬਲੇ ਵਿਚ ਸੀਬੀਆਈ ਅਮਿਤ ਸ਼ਾਹ ਨੂੰ ਲੱਭ ਰਹੀ ਸੀ ਪਰ ਉਹ 4 ਦਿਨ ਲਾਪਤਾ ਰਹੇ, ਲੁਕਦੇ-ਛਿਪਦੇ ਰਹੇ। ਉਸੇ ਤਰ੍ਹਾਂ ਹੁਣ ਦੇ ਦ੍ਰਿਸ਼ ਵਿਚ ਅਮਿਤ ਸ਼ਾਹ ਗ੍ਰਹਿ ਮੰਤਰੀ ਹਨ ਤੇ ਆਈ ਐਨ ਐਕਸ ਮੀਡੀਆ ਮਾਮਲੇ ਵਿਚ ਪੀ ਚਿਦੰਬਰਮ ਸੀਬੀਆਈ ਦੀ ਟੀਮ ਭਾਲ ਰਹੀ ਸੀ, ਪਰ ਉਹ ਇਕ ਦਿਨ ਤੋਂ ਵੱਧ ਕਰੀਬ 27 ਘੰਟੇ ਲੁਕਦੇ ਛਿਪਦੇ ਰਹੇ। ਉਸ ਸਮੇਂ ਅਮਿਤ ਸ਼ਾਹ ਨੇ ਆਤਮ ਸਮਰਪਣ ਕਰਨ ਤੋਂ ਪਹਿਲਾਂ ਭਾਜਪਾ ਦੇ ਦਫ਼ਤਰ ਵਿਚ ਜਾ ਕੇ ਪ੍ਰੈਸ ਕਾਨਫਰੰਸ ਕੀਤੀ, ਫਿਰ ਗ੍ਰਿਫਤਾਰੀ ਦਿੱਤੀ। ਹੁਣ ਫਿਰ ਉਂਝ ਹੀ ਵਾਪਰਿਆ ਪੀ ਚਿਦੰਬਰਮ ਨੇ ਪਹਿਲਾਂ ਕਾਂਗਰਸ ਦੇ ਮੁੱਖ ਦਫ਼ਤਰ ‘ਚ ਪਹੁੰਚ ਕੇ ਕਾਨਫਰੰਸ ਕੀਤੀ ਤੇ ਫਿਰ ਸੀਬੀਆਈ ਟੀਮ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …