ਜੱਲ੍ਹਿਆਂਵਾਲਾ ਬਾਗ ‘ਚ ਸ਼ਹੀਦੀ ਖੂਹ ਦਾ ਖੁੱਲ੍ਹਾ ਓਪਰੀ ਹਿੱਸਾ ਹੋਵੇਗਾ ਬੰਦ
ਤਰਕ : ਪੈਸੇ ਸੁੱਟਣ ਨਾਲ ਹੁੰਦਾ ਹੈ ਸ਼ਹੀਦਾਂ ਦਾ ਅਪਮਾਨ
ਅੰਮ੍ਰਿਤਸਰ/ਬਿਊਰੋ ਨਿਊਜ਼ : ਕੇਂਦਰੀ ਸੰਸਕ੍ਰਿਤਕ ਮੰਤਰਾਲੇ ਨੇ ਜੱਲ੍ਹਿਆਂਵਾਲਾ ਬਾਗ ਦੇ ਸ਼ਹੀਦੀ ਖੂਹ ਵਿਚ ਪੈਸੇ ਸੁੱਟਣ ‘ਤੇ ਰੋਕ ਲਗਾ ਦਿੱਤੀ ਹੈ। ਇਸਦੇ ਲਈ ਖੂਹ ਦੇ ਖੁੱਲ੍ਹੇ ਓਪਰੀ ਹਿੱਸੇ ਨੂੰ ਬੰਦ ਕੀਤਾ ਜਾਵੇਗਾ। ਜੱਲ੍ਹਿਆਂਵਾਲਾ ਬਾਗ ਵਿਚ ਆਉਣ ਵਾਲੇ ਸੈਲਾਨੀ ਇੱਥੇ ਸ਼ਹੀਦਾਂ ਦੇ ਸਨਮਾਨ ‘ਚ ਪੈਸੇ ਸੁੱਟਦੇ ਸਨ। ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸੈਲਾਨੀ ਜੱਲ੍ਹਿਆਂਵਾਲਾ ਬਾਗ ਵਿਚ ਸ਼ਹੀਦਾਂ ਨੂੰ ਨਮਨ ਕਰਦੇ ਸਮੇਂ ਅਕਸਰ ਖੂਹ ਵਿਚ ਪੈਸੇ ਸੁੱਟਦੇ ਸਨ। ਜ਼ਿਕਰਯੋਗ ਹੈ ਕਿ 2019 ਵਿਚ ਜੱਲ੍ਹਿਆਂਵਾਲਾ ਬਾਗ ਕਾਂਡ ਦੀ ਸ਼ਤਾਬਦੀ ਦੇ ਸੰਦਰਭ ਵਿਚ ਕੇਂਦਰ ਸਰਕਾਰ ਨੇ ਇਸਦਾ ਨਵੀਨੀਕਰਨ ਕਰਵਾਇਆ ਸੀ। ਨਾਲ ਹੀ ਖੂਹ ਦੀ ਦਿੱਖ ਵੀ ਬਦਲ ਦਿੱਤੀ ਗਈ ਸੀ ਅਤੇ ਉਸਦੀਆਂ ਦੀਵਾਰਾਂ ਉਚੀਆਂ ਕਰਕੇ ਖੁੱਲ੍ਹੀ ਖਿੜਕੀਆਂ ‘ਤੇ ਸ਼ੀਸ਼ਾ ਚੜ੍ਹਾ ਦਿੱਤਾ ਗਿਆ। ਪਰ ਓਪਰੀ ਹਿੱਸੇ ‘ਤੇ ਕਰੀਬ ਦੋ ਫੁੱਟ ਜਗ੍ਹਾ ਖੁੱਲ੍ਹੀ ਰਹਿ ਗਈ ਸੀ ਅਤੇ ਸੈਲਾਨੀ ਉਸੇ ‘ਚ ਪੈਸਾ ਸੁੱਟਦੇ ਹਨ। ਨਵੀਨੀਕਰਨ ਤੋਂ ਬਾਅਦ ਬਾਗ 28 ਅਗਸਤ 2021 ਨੂੰ ਖੋਲ੍ਹਿਆ ਗਿਆ। ਉਦੋਂ ਤੋਂ ਹੁਣ ਤੱਕ ਬਾਗ ‘ਚੋਂ 8 ਲੱਖ ਰੁਪਏ ਕੱਢੇ ਗਏ ਹਨ ਅਤੇ ਇਸ ਨੂੰ ਜੱਲ੍ਹਿਆਂਵਾਲਾ ਬਾਗ ਮੈਮੋਰੀਅਲ ਟਰੱਸਟ ਦੇ ਖਾਤੇ ਵਿਚ ਜਮ੍ਹਾ ਕਰਵਾ ਦਿੱਤਾ ਗਿਆ ਹੈ। ਕੇਂਦਰੀ ਸੰਸਕ੍ਰਿਤਕ ਮੰਤਰਾਲੇ ਨੇ ਆਰਕਿਓਲੌਜੀਕਲ ਸਰਵੇ ਆਫ ਇੰਡੀਆ (ਏਐਸਆਈ) ਨੇ ਦੇਖ ਰੇਖ ਕਰਨ ਵਾਲੀ ਕੰਪਨੀ ਨੂੰ ਇਸ ਨੂੰ ਬੰਦ ਕਰਨ ਲਈ ਕਿਹਾ ਹੈ।
ਇਕ ਕਾਰਨ ਇਹ ਵੀ
ਚੜ੍ਹਾਵੇ ਦੇ ਪੈਸੇ ਦਾ ਹਿਸਾਬ ਰੱਖਣ ਲਈ ਨਹੀਂ ਹੈ ਸਟਾਫ
ਨਵੀਨੀਕਰਨ ਤੋਂ ਪਹਿਲਾਂ ਵੀ ਲੋਕ ਸ਼ਹੀਦੀ ਖੂਹ ਵਿਚ ਪੈਸੇ ਸੁੱਟਦੇ ਰਹੇ। ਇਸ ਨੂੰ ਲੈ ਕੇ ਕਈ ਵਾਰ ਵਿਵਾਦ ਉਠਿਆ ਕਿ ਪੈਸੇ ਕਿੱਥੇ ਜਾਂਦੇ ਹਨ। ਪੈਸੇ ਸੁੱਟਣ ਲਈ ਲੋਕ ਜਾਲੀਆਂ ਤੱਕ ਤੋੜ ਦਿੰਦੇ ਸਨ। ਇਸ ਨੂੰ ਰੋਕਣ ਲਈ ਇੱਥੇ ਦਾਨ ਪੇਟੀ ਲਗਾਉਣ ਦੀ ਗੱਲ ਹੋਈ, ਪਰ ਲੋਕਾਂ ਨੇ ਇਸ ਨੂੰ ਸ਼ਹੀਦਾਂ ਦਾ ਅਪਮਾਨ ਦੱਸਦਿਆਂ ਵਿਰੋਧ ਕੀਤਾ। ਇਸ ਤੋਂ ਬਾਅਦ ਨਵੀਨੀਕਰਨ ਦੇ ਬਾਅਦ ਖੂਹ ਨੂੰ ਪੂਰਾ ਢੱਕ ਦਿੱਤਾ ਗਿਆ ਫਿਰ ਵੀ ਓਪਰੀ ਖੁੱਲ੍ਹੇ ਹਿੱਸੇ ਤੋਂ ਲੋਕ ਪੈਸੇ ਸੁੱਟ ਜਾਂਦੇ ਹਨ। ਇੱਥੇ ਪੈਸੇ ਦੇ ਚੜ੍ਹਾਵੇ ਨੂੰ ਲੋਕ ਸ਼ਹੀਦਾਂ ਦਾ ਅਪਮਾਨ ਦੱਸਦੇ ਹਨ ਤਾਂ ਉਥੇ ਦੂਜੇ ਪਾਸੇ ਇਸ ਨੂੰ ਇਕੱਠਾ ਕਰਨ, ਲੇਖਾ ਜੋਖਾ ਰੱਖਣ ਅਤੇ ਬੈਂਕ ਵਿਚ ਜਮ੍ਹਾਂ ਕਰਵਾਉਣ ਵਿਚ ਅਲੱਗ ਤੋਂ ਸਟਾਫ ਦੀ ਜ਼ਰੂਰਤ ਹੁੰਦੀ ਹੈ, ਜੋ ਇੱਥੇ ਨਹੀਂ ਹੈ।