ਕਈ ਵਰ੍ਹਿਆਂ ਦੀ ਮੰਗ ਨੂੰ ਪਿਆ ਬੂਰ, ਉਚ ਸਿੱਖਿਆ ਦਾ ਖੁੱਲ੍ਹਿਆ ਰਾਹ
ਬਰੈਂਪਟਨ/ਬਿਊਰੋ ਨਿਊਜ਼
ਕਵੀਨ ਪਾਰਕ ਤੋਂ ਬਰੈਂਪਟਨ ‘ਚ ਨਵੀਂ ਯੂਨੀਵਰਸਿਟੀ ਦੀ ਸ਼ੁਰੂਆਤ ਅਤੇ ਸਾਈਟ ਨੂੰ ਹਰੀ ਝੰਡੀ ਮਿਲਣ ਤੋਂ ਬਾਅਦ ਸ਼ਹਿਰ ‘ਚ ਉਚ ਸਿੱਖਿਆ ਖੇਤਰ ‘ਚ ਇਕ ਵੱਡਾ ਬਦਲਾਅ ਆਉਣਾ ਤੈਅ ਹੈ। ਇਸ ਬਾਰੇ ‘ਚ ਕਾਫ਼ੀ ਸਾਲਾਂ ਤੋਂ ਚਰਚਾ ਚੱਲ ਰਹੀ ਸੀ ਅਤੇ ਹੁਣ ਜਾ ਕੇ ਉਸ ‘ਤੇ ਮੋਹਰ ਲੱਗ ਗਈ ਹੈ। ਮੇਅਰ ਲਿੰਡਾ ਜੈਫਰੀ, ਸਥਾਨਕ ਐਮਪੀਪੀ ਅਤੇ ਹੋਰ ਲੋਕਾਂ ਦੇ ਨਾਲ ਓਨਟਾਰੀਓ ਦੇ ਵਿੱਤ ਮੰਤਰੀ ਚਾਰਲਸ ਸਾਸਾ ਨੇ ਨਵੀਂ ਯੂਨੀਵਰਸਿਟੀ ਦੀਆਂ ਯੋਜਨਾਵਾਂ ਦਾ ਖੁਲਾਸਾ ਕੀਤਾ।
ਵਿੱਤ ਮੰਤਰੀ ਨੇ ਕਿਹਾ ਕਿ ਕਾਫ਼ੀ ਸੋਚ ਵਿਚਾਰ ਤੋਂ ਬਾਅਦ ਅਸੀਂ ਇਥੇ ਦੋ ਨਵੀਆਂ ਪੋਸਟਾਂ ਸੈਕੰਡਰੀ ਸਹੂਲਤਾਂ ਦੇ ਮਤੇ ‘ਤੇ ਫੈਸਲਾ ਕੀਤਾ ਹੈ ਅਤੇ ਮੈਨੂੰ ਇਹ ਐਲਾਨ ਕਰਦੇ ਹੋਏ ਬੇਹੱਦ ਖੁਸ਼ੀ ਹੋ ਰਹੀ ਹੈ ਕਿ ਬਰੈਂਪਟਨ ‘ਚ ਇਕ ਨਵੀਂ ਯੂਨੀਵਰਸਿਟੀ ਦੀ ਸ਼ੁਰੂਆਤ ਹੋਣ ਜਾ ਰਹੀ ਹੈ।
ਸਿਟੀ ਹਾਲ ‘ਚ ਉਨ੍ਹਾਂ ਦੇ ਇਸ ਐਲਾਨ ਤੋਂ ਬਾਅਦ ਸਾਰਿਆਂ ਨੇ ਤਾੜੀਆਂ ਵਜਾ ਕੇ ਇਸ ਦਾ ਸਵਾਗਤ ਕੀਤਾ। ਉਥੇ ਡਿਪਟੀ ਪ੍ਰੀਮੀਅਰ ਡੇਬ ਮੈਥਿਊਜ਼ ਨੇ ਮਿਲਟਨ ‘ਚ ਵੀ ਅਜਿਹਾ ਹੀ ਐਲਾਨ ਕੀਤਾ। ਰਾਜ ਇਨ੍ਹਾਂ ਦੇ ਲਈ ਜਨਵਰੀ ‘ਚ ਮਤਾ ਲਿਆਵੇਗਾ। ਇਨ੍ਹਾਂ ਦੋਵੇਂ ਯੂਨੀਵਰਸਿਟੀਆਂ ਨੂੰ ਤੇਜੀ ਨਾਲ ਵਧਦੇ ਸ਼ਹਿਰਾਂ ‘ਚ ਸਾਇੰਸ, ਟੈਕਨਾਲੋਜੀ, ਇੰਜੀਨੀਅਰਿੰਗ, ਆਰਟਸ ਅਤੇ ਮੈਥ ਦੀ ਉਚ ਵਿੱਦਿਆ ਦੇ ਲਈ ਸਥਾਪਿਤ ਕੀਤਾ ਜਾ ਰਿਹਾ ਹੈ।
ਸਾਸਾ ਨੇ ਕਿਹਾ ਕਿ ਬਰੈਂਪਟਨ ‘ਚ ਨਵੀਂ ਯੂਨੀਵਰਸਿਟੀ ਦੀ ਸ਼ੁਰੂਆਤ ਤੋਂ ਪੋਸਟ ਸੈਕੰਡਰੀ ਸਿੱਖਿਆ ਨੂੰ ਸ਼ਹਿਰ ਦੇ ਲੋਕਾਂ ਦੇ ਨੇੜੇ ਲਿਆਂਦਾ ਜਾ ਸਕੇ। 150 ਲੋਕਾਂ ਦੀ ਮੌਜੂਦਗੀ ‘ਚ ਉਨ੍ਹਾਂ ਨੇ ਕਿਹਾ ਕਿ ਰਾਜ ਸਰਕਾਰ ਇਸ ਪ੍ਰੋਜੈਕਟ ‘ਤੇ 180 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗੀ। ਇਹ ਇਕ ਵੱਡਾ ਵਿਸਥਾਰ ਹੈ।
ਮੇਅਰ ਜੈਫਰੀ ਨੇ ਕਿਹਾ ਕਿ ਲੰਘੇ ਸਾਲ ਰਾਜਨੀਤਿਕ ਤੌਰ ‘ਤੇ ਅਸਫ਼ਲਤਾ ਦੇਖਣ ਤੋਂ ਬਾਅਦ ਉਨ੍ਹਾਂ ਨੇ ਫਿਰ ਤੋਂ ਇਸ ਸਬੰਧੀ ਨਵੇਂ ਯਤਨ ਕੀਤੇ ਅਤੇ ਇਸ ਵਾਰ ਸਫ਼ਲਤਾ ਮਿਲ ਗਈ। ਹੁਣ ਇਤਿਹਾਸਕ ਐਲਾਨ ਕੀਤਾ ਗਿਆ, ਮੈਨੂੰ ਅਤੇ ਪੂਰੇ ਸ਼ਹਿਰ ਦੇ ਨਿਵਾਸੀਆਂ ਨੂੰ ਇਸ ‘ਤੇ ਖੁਸ਼ੀ ਹੈ। ਜੈਫਰੀ ਨੇ ਓਨਟਾਰੀਓ ਦੇ ਸਾਬਕਾ ਪ੍ਰੀਮੀਅਰ ਬਿਲ ਡੇਵਿਸ ਦਾ ਵੀ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਬਲੂ ਰਿਬਨ ਪੈਨਲ ਦੇ ਪ੍ਰਧਾਨ ਦੇ ਤੌਰ ‘ਤੇ ਇਸ ਮਤੇ ਨੂੰ ਮਜ਼ਬੂਤੀ ਨਾਲ ਰਾਜ ਸਰਕਾਰ ਦੇ ਸਾਹਮਣੇ ਰੱਖਿਆ ਅਤੇ ਉਸ ਮਤੇ ਨੂੰ ਪਾਸ ਕਰ ਦਿੱਤਾ ਗਿਆ।ਡੇਵਿਸ ਨੇ ਵੀ ਕਿਹਾ ਕਿ ਅਸੀਂ ਰਾਜ ਸਰਕਾਰ ਦੁਆਰਾ ਸ਼ਹਿਰ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤੇ ਜਾਣ ‘ਤੇ ਬੇਹੱਦ ਖੁਸ਼ ਹਾਂ। ਇਥੇ ਨਵੀਂ ਯੂਨੀਵਰਸਿਟੀ ਸਥਾਪਿਤ ਹੋਣ ਨਾਲ ਨੌਜਵਾਨਾਂ ਨੂੰ ਉਚ ਵਿੱਦਿਆ ਦੇ ਲਈ ਇਥੇ ਵਧੀਆ ਬਦਲ ਪ੍ਰਾਪਤ ਹੋਵੇਗਾ।
ਪ੍ਰੀਮੀਅਰ ਨੇ ਲਿਆ ਵੱਡਾ ਫੈਸਲਾ :ਪ੍ਰੀਮੀਅਰ ਕੈਥਲਿਨ ਵਿੰਨ ਨੇ ਵੀ ਯੂਨੀਵਰਸਿਟੀ ਦੀ ਸ਼ੁਰੂਆਤ ਨੂੰ ਲੈ ਕੇ ਵੱਡਾ ਫੈਸਲਾ ਕਰਕੇ ਸ਼ਹਿਰ ਨੂੰ ਤੋਹਫ਼ਾ ਦਿੱਤਾ ਹੈ। ਮਿਲਟਨ ਅਤੇ ਬਰੈਂਪਟਨ ‘ਚ ਇਸ ਦੀ ਜ਼ਰੂਰਤ ਲੰਬੇ ਸਮੇਂ ਤੋਂ ਸੀ ਅਤੇ ਹੁਣ ਉਨ੍ਹਾਂ ਨੇ ਇਸ ਜ਼ਰੂਰਤ ਨੂੰ ਪੂਰਾ ਕਰਨ ਦਾ ਫੈਸਲਾ ਕਰ ਲਿਆ ਹੈ। ਇਸ ਨਾਲ ਕੈਨੇਡਾ ਦੀ ਇਕਾਨਮੀ ਨੂੰ ਵੀ ਵਧੀਆ ਬਣਾਉਣ ‘ਚ ਮਦਦ ਮਿਲੇਗੀ।
ਸਹੋਤਾ ਨੇ ਕੀਤਾ ਸਵਾਗਤ
ਮੇਅਰ ਲਿੰਡਾ ਜੈਫਰੀ, ਓਨਟਾਰੀਓ ਸਰਕਾਰ, ਬਰੈਂਪਟਨ ਤੋਂ ਸਾਰੇ ਐਮ ਪੀ ਅਤੇ ਬਲੂ ਰਿਬਨ ਐਸਲੋਰੇਟਰੀ ਪੈਨਲ ਦਾ ਧੰਨਵਾਦ ਕਰਦੇ ਹੋਏ ਰੂਬੀ ਸਹੋਤਾ ਨੇ ਇਸ ਫੈਸਲੇ ਦਾ ਭਰਵਾਂ ਸਵਾਗਤ ਕੀਤਾ ਹੈ।
ਢਿੱਲੋਂ ਸਮੇਤ ਸਭਨਾਂ ਵੱਲੋਂ ਸਵਾਗਤ
ਸਿਟੀ ਕੌਂਸਲਰ ਗੁਰਪ੍ਰੀਤ ਢਿੱਲੋਂ, ਵਾਰਡ ਨੰ. 9 ਅਤੇ 10 ਅਤੇ ਰੀਜਨਲ ਕੌਂਸਲ ਮਾਰਟਿਨ ਮੇਡਿਅਰਸ, ਵਾਰਡ ਨੰ. 3 ਅਤੇ 4 ਸਮੇਤ ਸਭਨਾਂ ਨੇ ਹੀ ਯੂਨੀਵਰਸਿਟੀ ਖੋਲ੍ਹੇ ਜਾਣ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ।
ਗਰੀਬਾਂ ਦੇ ਬੱਚੇ ਪੜ੍ਹਨਗੇ ਮੁਫਤ
ਬਰੈਂਪਟਨ/ਅਜੀਤ ਸਿੰਘ ਰੱਖੜਾ : ਇਸੇ ਹਫਤੇ ਬੁੱਧਵਾਰ 26 ਅਕਤੂਬਰ, 2016 ਨੂੰ ਕੇਂਦਰੀ ਸਰਕਾਰ ਦੇ ਖਜ਼ਾਨਾ ਮੰਤਰੀ ਚਾਰਲਜ਼ ਸੂਸਾ ਬਰੈਂਪਟਨ ਸਿਟੀਹਾਲ ਦੇ ਮੇਨ ਲੈਵਿਲ ਲਾਬੀ ਵਿਖੇ ਸਵੇਰੇ ਸਵੇਰੇ ਇਕ ਬਹੁਤ ਵਡੀ ਘੋਸ਼ਣਾ ਕਰਨ ਆਏ। ਸਿਟੀ ਮੇਅਰ ਲ਼ਿੰਡਾ ਜੈਫਰੀ ਨੇ ਉਨ੍ਹਾਂ ਦਾ 9 ਵਜੇ ਖੈਰਮ ਕਦਮ ਕੀਤਾ ਅਤੇ ਪ੍ਰੋਗਰਾਮ ਲਈ ਐਮਸੀ ਦੀ ਭੂਮਿਕਾ ਵੀ ਨਿਭਾਈ। ਜਦ ਸੂਸਾ ਨੇ ਇਹ ਦਸਿਆ ਕਿ ਉਸਦੀ ਸਰਕਾਰ ਨੇ ਪੀਲ ਰਿਜ਼ਨ ਲਈ ਐਜੂਕੇਸ਼ਨ ਵਾਸਤੇ ਕਈ ਮਿਲੀਅਨ ਡਾਲਰ ਦੀ ਮੱਦਦ ਦੇਣੀ ਮੰਨ ਲਈ ਹੈ ਅਤੇ ਇਕ ਯੂਨੀਵਰਸਿਟੀ ਰਾਈਟ ਇਨ ਬਰੈਂਪਟਨ ਵਿਚ ਬਣਨ ਦੀ ਮਨਜ਼ੂਰੀ ਦੇ ਦਿੱਤੀ ਹੈ ਤਾਂ 250 ਲੋਕਾਂ ਦੀ ਹਾਜ਼ਰੀ ਵਿਚ ਬੈਠੇ ਸਰੋਤੇ ਖੜੇ ਹੋਕੇ ਖੁਸ਼ੀ ਵਿਚ ਚੀਕਾਂ ਮਾਰਨ ਲਗ ਪਏ। ਉਨ੍ਹਾਂ ਅਗੇ ਗੱਲ ਕਰਦਿਆਂ ਦਸਿਆ ਕਿ ਯੂਨੀਵਰਸਿਟੀ ਹਿਤ 180 ਮਿਲੀਅਨ ਡਾਲਰ ਅਤੇ ਗਰੀਬ ਬੱਚਿਆਂ ਨੂੰ ਯੂਨੀਵਰਸਿਟੀ ਵਿਚ ਮੁਫਤ ਪੜ੍ਹਾਈ ਖਾਤਰ 150 ਹਜ਼ਾਰ ਡਾਲਰ ਮੱਦਦ ਦਿਤੀ ਜਾਵੇਗੀ।
ਇਸ ਸਮੇਂ ਸ਼ਹਿਰ ਦਾ ਤਕਰੀਬਨ ਸਾਰਾ ਮੀਡੀਆ ਅਤੇ ਸਿਟੀ ਹਾਲ ਦਾ ਬਹੁਤਾ ਅਮਲਾ ਹਾਜ਼ਰ ਸੀ। ਐਮ ਪੀਪੀ ਅਮ੍ਰਿਤ ਮਾਂਗਟ, ਹਰਿੰਦਰ ਮੱਲੀ ਅਤੇ ਵਿੱਕ ਢਿੱਲੋਂ ਸਟੇਜ ਉਪਰ ਸੁਸ਼ੋਬਿਤ ਸਨ। ਸੀਨੀਅਰ ਸੋਸ਼ਿਲ ਸਰਵਿਸ ਗਰੁਪ ਦੇ ਜਨਰਲ ਸਕੱਤਰ ਅਤੇ ਪਰਵਾਸੀ ਮੀਡੀਆ ਦੇ ਸੀਨੀਅਰ ਰੀਪੋਟਰ ਅਜੀਤ ਸਿੰਘ ਰੱਖੜਾ ਨੇ ਖਜ਼ਾਨਾ ਮੰਤਰੀ ਨੂੰ ਸੀਨੀਅਰਾਂ ਦੀ ਇਕ ਨਿਕੀ ਜਿਹੀ ਡੀਮਾਂਡ ਵਾਸਤੇ ਮੈਮੋਰੰਡਮ ਪੇਸ਼ ਕੀਤਾ। ਮੈਮੋਰੰਡਮ ਵਿਚ ਲਿਖਿਆ ਹੈ ਕਿ ਸੀਨੀਅਰਜ਼ ਲਈ ਵਿਦੇਸ਼ੀ ਆਮਦਨ ਲਈ ਇਕ ਵੇਵੇਬਲ ਰਾਸ਼ੀ ਨਿਸਚਤ ਕੀਤੀ ਜਾਵੇ। ਬਾਰਡਰ ਉਪਰ ਵਿਦੇਸ਼ੋ ਵਾਪਸੀ ਉਪਰ 10,000 ਡਾਲਰ ਜੇਬ ਵਿਚ ਪਾਕੇ ਲਿਆਂਦਾ ਜਾ ਸਕਦਾ ਹੈ। ਜੇਕਰ ਇਹੀ 10,000 ਡਾਲਰ ਵਿਦੇਸ਼ੀ ਆਮਦਨ ਲਈ ਵੇਵੇਬਲ ਮੰਨ ਲਿਆ ਜਾਵੇ ਤਾਂ ਵੀ ਪੈਨਸ਼ਨਰ ਖੁਸ਼ ਹੋ ਜਾਣਗੇ। ਮੌਜੂਦਾ ਸਿਚੂਏਸ਼ਨ ਵਿਚ ਬਜ਼ੁਰਗ ਬਹੁਤ ਭੌਚੱਕੇ ਮਹਿਸੂਸ ਕਰ ਰਹੇ ਹਨ। ਪਿਛਲੇ ਮੁਲਕਾਂ ਵਿਚ ਤਕਰੀਬਨ ਸਭ ਲੋਕਾਂ ਕੋਲ 100,000 ਤੋਂ ਵਧ ਦੀ ਮਲਕੀਅਤ ਹੈ ਪਰ ਜ਼ਮੀਨਾਂ ਵਿਚੋਂ ਆਮਦਨ ਕੋਈ ਨਹੀਂ। ਉਹ ਇਨਕਮ ਟੈਕਸ ਰਿਟਰਨ ਵਿਚ ਕੀ ਭਰਨ ਜਦ ਕਿ ਆਪਣੇ ਮੁਲਕ ਦਾ ਇਕ ਚਕਰ ਮਾਰਨ ਖਾਤਰ ਹਜ਼ਾਰਾਂ ਡਾਲਰ ਖਰਚ ਹੋ ਜਾਂਦੇ ਹਨ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …