Breaking News
Home / ਹਫ਼ਤਾਵਾਰੀ ਫੇਰੀ / ਕੈਨੇਡਾ ‘ਚ ਸੰਸਦੀ ਚੋਣਾਂ 28 ਅਪ੍ਰੈਲ ਨੂੰ

ਕੈਨੇਡਾ ‘ਚ ਸੰਸਦੀ ਚੋਣਾਂ 28 ਅਪ੍ਰੈਲ ਨੂੰ

45ਵੀਂ ਲੋਕ ਸਭਾ ਲਈ 343 ਮੈਂਬਰਾਂ ਦੀ ਹੋਵੇਗੀ ਚੋਣ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦੇਸ਼ ਵਿੱਚ 28 ਅਪਰੈਲ ਨੂੰ ਸੰਸਦੀ ਚੋਣਾਂ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਗਵਰਨਰ ਜਨਰਲ ਮੈਰੀ ਸਾਈਮਨ ਨਾਲ ਮੁਲਾਕਾਤ ਕਰਕੇ ਲੋਕ ਸਭਾ ਭੰਗ ਕਰਨ ਅਤੇ ਫੌਰੀ ਚੋਣਾਂ ਕਰਵਾਉਣ ਦੀ ਬੇਨਤੀ ਕੀਤੀ ਸੀ। ਕਾਰਨੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਗਵਰਨਰ ਜਨਰਲ ਨੇ 28 ਅਪਰੈਲ ਨੂੰ ਚੋਣਾਂ ਕਰਵਾਉਣ ਸਬੰਧੀ ਉਨ੍ਹਾਂ ਦੀ ਬੇਨਤੀ ਮਨਜ਼ੂਰੀ ਕਰ ਲਈ ਹੈ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਕਹਿਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਟੈਰਿਫਾਂ ਬਾਰੇ ਦਿੱਤੀਆਂ ਜਾ ਰਹੀਆਂ ਧਮਕੀਆਂ ਤੋਂ ਨਜਿੱਠਣ ਲਈ ਉਨ੍ਹਾਂ ਨੂੰ ਸਪੱਸ਼ਟ ਬਹੁਮਤ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਮੌਜੂਦਾ 44ਵੀਂ ਲੋਕ ਸਭਾ ਦੇ 338 ਮੈਂਬਰ ਸਨ ਜਦਕਿ ਕੁਝ ਸੂਬਿਆਂ ਵਿੱਚ ਆਬਾਦੀ ਵਧਣ ਕਾਰਨ ਨਵੀਂ ਹੱਦਬੰਦੀ ਕਰਕੇ ਪੰਜ ਸੀਟਾਂ ਦਾ ਵਾਧਾ ਕੀਤਾ ਗਿਆ ਹੈ। 28 ਅਪਰੈਲ ਨੂੰ ਹੋਣ ਵਾਲੀਆਂ ਚੋਣਾਂ ਦੌਰਾਨ 45ਵੀਂ ਲੋਕ ਸਭਾ ਲਈ 343 ਮੈਂਬਰਾਂ ਦੀ ਚੋਣ ਕੀਤੀ ਜਾਵੇਗੀ ਅਤੇ ਬਹੁਮਤ ਹਾਸਲ ਕਰਨ ਲਈ ਕਿਸੇ ਵੀ ਪਾਰਟੀ ਨੂੰ 172 ਮੈਂਬਰਾਂ ਦੀ ਲੋੜ ਹੋਵੇਗੀ। ਕਾਰਨੀ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਦੀਆਂ ਗੈਰ-ਵਾਜਬ ਵਪਾਰਕ ਕਾਰਵਾਈਆਂ ਕਾਰਨ ਸਾਡੀ ਪ੍ਰਭੂਸੱਤਾ ਨੂੰ ਦਰਪੇਸ਼ ਖ਼ਤਰਿਆਂ ਕਰਕੇ ਅਸੀਂ ਆਪਣੇ ਜੀਵਨ ਕਾਲ ਦੇ ਸਭ ਤੋਂ ਵੱਡੇ ਸੰਕਟ ਦਾ ਸਾਹਮਣਾ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਕੈਨੇਡਾ ਨੂੰ ਸੁਰੱਖਿਅਤ ਕਰਨ ਲਈ ਬਹੁਤ ਕੁਝ ਕਰਨਾ ਬਾਕੀ ਹੈ। ਕੈਨੇਡਾ ਵਿੱਚ ਨਿਵੇਸ਼ ਕਰਨਾ, ਕੈਨੇਡਾ ਦਾ ਨਿਰਮਾਣ ਕਰਨਾ, ਕੈਨੇਡਾ ਨੂੰ ਇਕਜੁੱਟ ਕਰਨਾ। ਇਸ ਲਈ ਮੈਂ ਆਪਣੇ ਸਾਥੀ ਕੈਨੇਡਿਆਈ ਨਾਗਰਿਕਾਂ ਕੋਲੋਂ ਇੱਕ ਮਜ਼ਬੂਤ ਸਕਾਰਾਤਮਕ ਫਤਵਾ ਮੰਗ ਰਿਹਾ ਹਾਂ। ਮੈਂ ਗਵਰਨਰ ਜਨਰਲ ਨੂੰ ਸੰਸਦ ਭੰਗ ਕਰਨ ਅਤੇ 28 ਅਪਰੈਲ ਨੂੰ ਚੋਣਾਂ ਕਰਵਾਉਣ ਦੀ ਬੇਨਤੀ ਕੀਤੀ ਸੀ, ਜਿਸ ਨੂੰ ਉਨ੍ਹਾਂ ਨੇ ਮਨਜ਼ੂਰ ਕਰ ਲਿਆ ਹੈ।
ਚੋਣਾਂ ‘ਚ ਦਖਲ ਦੇ ਸਕਦੇ ਨੇ ਭਾਰਤ ਤੇ ਚੀਨ
ਓਟਵਾ : ਕੈਨੇਡਾ ਦੀ ਕੌਮੀ ਖੁਫੀਆ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਭਾਰਤ ਅਤੇ ਚੀਨ ਦੇਸ਼ ਵਿੱਚ 28 ਅਪਰੈਲ ਨੂੰ ਹੋਣ ਵਾਲੀਆਂ ਆਮ ਚੋਣਾਂ ਵਿੱਚ ਦਖਲਅੰਦਾਜ਼ੀ ਕਰ ਸਕਦੇ ਹਨ। ਏਜੰਸੀ ਨੇ ਰੂਸ ਅਤੇ ਪਾਕਿਸਤਾਨ ਦਾ ਨਾਮ ਵੀ ਅਜਿਹੇ ਦੇਸ਼ਾਂ ਵਜੋਂ ਲਿਆ ਹੈ, ਜੋ ਚੋਣਾਂ ਵਿੱਚ ਗੜਬੜੀ ਦੀ ਕੋਸ਼ਿਸ਼ ਕਰ ਸਕਦੇ ਹਨ। ਖੁਫੀਆ ਏਜੰਸੀ ਕੈਨੇਡਿਆਈ ਸੁਰੱਖਿਆ ਖੁਫੀਆ ਸੇਵਾ (ਸੀਐੱਸਆਈਐੱਸ) ਦੇ ਅਧਿਕਾਰੀਆਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਚੋਣਾਂ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦਾ ਦਾਅਵਾ ਕੀਤਾ।
ਇਹ ਟਿੱਪਣੀ ਅਜਿਹੇ ਸਮੇਂ ਕੀਤੀ ਗਈ ਹੈ, ਜਦੋਂ ਓਟਵਾ ਦੇ ਭਾਰਤ ਅਤੇ ਚੀਨ ਦੋਵਾਂ ਨਾਲ ਸਬੰਧਾਂ ਵਿੱਚ ਕੁੜੱਤਣ ਹੈ। ਜਨਵਰੀ ਵਿੱਚ ਜਾਰੀ ਅੰਤਿਮ ਰਿਪੋਰਟ ਵਿੱਚ ਸਿੱਟਾ ਕੱਢਿਆ ਗਿਆ ਹੈ ਕਿ ਭਾਰਤ ਅਤੇ ਚੀਨ ਨੇ 2019 ਅਤੇ 2021 ਦੀਆਂ ਚੋਣਾਂ ਵਿੱਚ ਦਖਲਅੰਦਾਜ਼ੀ ਦੀ ਕੋਸ਼ਿਸ਼ ਕੀਤੀ ਸੀ ਪਰ ਨਤੀਜੇ ਪ੍ਰਭਾਵਿਤ ਨਹੀਂ ਹੋ ਸਕੇ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਨੇ ਇਨ੍ਹਾਂ ਖਤਰਿਆਂ ਦਾ ਜਵਾਬ ਦੇਣ ਵਿੱਚ ਦੇਰੀ ਕੀਤੀ ਹੈ।
ਕੈਨੇਡਾ ਨੇ ਅਮਰੀਕਾ ਅਤੇ ਚੀਨ ਜਾਣ ਵਾਲੇ ਨਾਗਰਿਕਾਂ ਲਈ ਐਡਵਾਈਜ਼ਰੀ ਕੀਤੀ ਜਾਰੀ
ਟੋਰਾਂਟੋ : ਕੈਨੇਡਾ ਨੇ ਅਮਰੀਕਾ ਅਤੇ ਚੀਨ ਜਾਣ ਵਾਲੇ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਐਡਵਾਈਜ਼ਰੀ ਵਿਚ ਕਿਹਾ ਗਿਆ ਹੈ ਕਿ ਕੈਨੇਡਿਆਈ ਅਤੇ ਹੋਰ ਵਿਦੇਸ਼ੀ ਨਾਗਰਿਕ, ਜੋ ਅਮਰੀਕਾ ਵਿਚ 30 ਦਿਨਾਂ ਤੋਂ ਵੱਧ ਸਮੇਂ ਲਈ ਜਾ ਰਹੇ ਹਨ, ਨੂੰ ਉੱਥੋਂ ਦੀ ਸਰਕਾਰ ਕੋਲ ਰਜਿਸਟਰਡ ਕਰਵਾਉਣਾ ਲਾਜ਼ਮੀ ਹੈ। ਰਜਿਸਟ੍ਰੇਸ਼ਨ ਦੀ ਸ਼ਰਤ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਜ਼ਾ, ਜੁਰਮਾਨੇ ਅਤੇ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕੈਨੇਡਿਆਈ ਨਾਗਰਿਕਾਂ ਨੂੰ ਚੀਨ ਵਿੱਚ ਬਹੁਤ ਜ਼ਿਆਦਾ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ, ਖ਼ਾਸ ਕਰਕੇ ਦੋਹਰੀ ਨਾਗਰਿਕਤਾ ਵਾਲੇ ਨਾਗਿਰਕਾਂ ਨੂੰ। ਜ਼ਿਕਰਯੋਗ ਹੈ ਕਿ ਚੀਨ ਵੱਲੋਂ ਇਸ ਸਾਲ ਦੇ ਸ਼ੁਰੂ ਵਿਚ ਚਾਰ ਕੈਨੇਡਿਆਈ ਨਾਗਰਿਕਾਂ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਮਗਰੋਂ ਕੈਨੇਡਾ ਦੀ ਵਿਦੇਸ਼ ਮੰਤਰੀ ਮੈਲੋਨੀ ਜੌਲੀ ਨੇ ਚੀਨ ਦੀ ਨਿਖੇਧੀ ਕੀਤੀ ਸੀ।

 

 

 

 

 

 

 

 

Check Also

ਸਰਵੇਖਣਾਂ ਅਨੁਸਾਰ ਲਿਬਰਲਾਂ ਦਾ ਗਰਾਫ ਡਿੱਗਿਆ ਪਰ ਹੱਥ ਹਾਲੇ ਵੀ ਕੰਸਰਵੇਟਿਵਾਂ ਤੋਂ ਉਪਰ

ਪ੍ਰਧਾਨ ਮੰਤਰੀ ਦੇ ਅਹੁਦੇ ਲਈ ਮਾਰਕ ਕਾਰਨੀ ਨੂੰ 41 ਫੀਸਦੀ ਅਤੇ ਪੀਅਰ ਪੋਲੀਵਰ ਨੂੰ 36 …