ਪੰਜਾਬ ਦੇ 13% ਸਰਕਾਰੀ ਸਕੂਲਾਂ ‘ਚ ਸਿਰਫ 1-1 ਅਧਿਆਪਕ
ਚੰਡੀਗੜ੍ਹ ਤੇ ਦਿੱਲੀ ‘ਚ ਅਜਿਹਾ ਕੋਈ ਸਕੂਲ ਨਹੀਂ
ਲੁਧਿਆਣਾ/ਬਿਊਰੋ ਨਿਊਜ਼ : ਪੰਜਾਬ ਵਿਚ 29 ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਲਈ 1 ਅਧਿਆਪਕ ਉਪਲਬਧ ਹੈ। ਉਥੇ, 13% ਸਰਕਾਰੀ ਸਕੂਲ ਅਜਿਹੇ ਹਨ, ਜਿੱਥੇ ਸਿੰਗਲ ਟੀਚਰ ਹੀ ਸਕੂਲ ਚਲਾ ਰਹੇ ਹਨ। ਹੋਰ ਸੂਬਿਆਂ ਵਿਚ ਦੇਖਿਆ ਜਾਵੇ ਤਾਂ ਚੰਡੀਗੜ੍ਹ ਅਤੇ ਦਿੱਲੀ ਵਿਚ ਸਿੰਗਲ ਟੀਚਰ ਵਾਲਾ ਇਕ ਵੀ ਸਕੂਲ ਨਹੀਂ ਹੈ। ਬਿਹਾਰ ਵਿਚ ਵੀ ਮਹਿਜ 7% ਅਤੇ ਹਰਿਆਣਾ ਵਿਚ 5.6% ਹੀ ਅਜਿਹੇ ਸਕੂਲ ਹਨ, ਜਿੱਥੇ 1 ਅਧਿਆਪਕ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਕੰਮ ਕਰ ਰਿਹਾ ਹੈ। ਇਸ ਤੋਂ ਇਲਾਵਾ 89% ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਕੋਲ ਪੜ੍ਹਾਉਣ ਲਈ ਜ਼ਰੂਰੀ ਯੋਗਤਾਵਾਂ ਹੀ ਨਹੀਂ ਹਨ। ਇਹ ਖੁਲਾਸਾ ‘ਟਾਟਾ ਇੰਸਟੀਚਿਊਟ ਆਫ ਐਕਸੀਲੈਂਸ’ ਵਲੋਂ ਹਾਲ ਹੀ ਵਿਚ ਜਾਰੀ ‘ਸਟੇਟ ਆਫ ਟੀਚਰਜ਼, ਟੀਚਿੰਗ ਅਤੇ ਟੀਚਰ ਐਜੂਕੇਸ਼ਨ ਇਨ ਇੰਡੀਆ’ (ਐਸਓਟੀਟੀਟੀਈਆਈ-2023) ਰਿਪੋਰਟ ਵਿਚ ਹੋਇਆ ਹੈ। ਇਸ ਵਿਚ ਜਿਨ੍ਹਾਂ 8 ਸੂਬਿਆਂ ‘ਚ ਸਰਵੇ ਕੀਤੇ ਗਏ ਉਨ੍ਹਾਂ ਵਿਚ ਪੰਜਾਬ ਵੀ ਸ਼ਾਮਲ ਹੈ। ਹੋਰ ਸੂਬਿਆਂ ਵਿਚ ਅਸਾਮ, ਬਿਹਾਰ, ਛੱਤੀਸਗੜ੍ਹ, ਕਰਨਾਟਕ, ਮਹਾਰਾਸ਼ਟਰ, ਮਿਜ਼ੋਰਮ ਅਤੇ ਤੇਲੰਗਾਨਾ ਸ਼ਾਮਲ ਹੈ। ਸੂਬੇ ਵਿਚ ਟੀਚਿੰਗ ਦੇ ਖੇਤਰ ‘ਚ 75% ਮਹਿਲਾਵਾਂ ਕੰਮ ਕਰ ਰਹੀਆਂ ਹਨ। ਭਾਵੇਂ ਹੀ ਟੀਚਿੰਗ ਵਿਚ ਮਹਿਲਾਵਾਂ ਦਾ ਅਨੁਪਾਤ ਜ਼ਿਆਦਾ ਹੈ, ਪਰ ਸਕੂਲ ਮੁਖੀ ਦੇ ਤੌਰ ‘ਤੇ ਜ਼ਿੰਮੇਵਾਰੀ ‘ਚ ਦੇਖਿਆ ਜਾਵੇ ਤਾਂ ਸੂਬੇ ਦੇ ਮਹਿਜ 33% ਸਰਕਾਰੀ ਸਕੂਲਾਂ ਵਿਚ ਸਕੂਲ ਮੁਖੀ ਮਹਿਲਾਵਾਂ ਹਨ। ਜਦੋਂ ਕਿ ਪ੍ਰਾਈਵੇਟ ਸਕੂਲਾਂ ਵਿਚ 46% ਮਹਿਲਾਵਾਂ ਸਕੂਲ ਮੁਖੀ ਹਨ। ਜਦੋਂ ਕਿ ਏਡਿਡ ਸਕੂਲਾਂ ਵਿਚ 80% ਪ੍ਰਿੰਸੀਪਲ ਮਹਿਲਾਵਾਂ ਹਨ। ਟੀਚਿੰਗ ਵਿਚ ਏਡਿਡ ਵਿਚ 95% ਮਹਿਲਾਵਾਂ, ਸਰਕਾਰੀ ਵਿਚ 71% ਅਤੇ ਪ੍ਰਾਈਵੇਟ ਵਿਚ 89% ਅਤੇ ਪੇਂਡੂ ਇਲਾਕਿਆਂ ਵਿਚ 80% ਮਹਿਲਾਵਾਂ ਅਧਿਆਪਕ ਹਨ।
ਪੇਂਡੂ ਖੇਤਰਾਂ ਵਿਚ 63% ਸਕੂਲਾਂ ‘ਚ ਅਧਿਆਪਕਾਂ ਦੇ ਅਹੁਦੇ ਖਾਲੀ
ਪੰਜਾਬ ਵਿਚ ਇਕ ਅਧਿਆਪਕ ਇਕ ਹਫਤੇ ਵਿਚ ਔਸਤਨ 32 ਪੀਰਡ ਪੜ੍ਹਾ ਰਿਹਾ ਹੈ, ਜੋ ਕਿ ਹੋਰ ਸੂਬਿਆਂ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਹੈ।
ਸੂਬੇ ਦੇ 89% ਪ੍ਰਾਈਵੇਟ ਸਕੂਲ ਅਜਿਹੇ ਹਨ, ਜਿਨ੍ਹਾਂ ਵਿਚ ਕੰਮ ਕਰ ਰਹੇ ਅਧਿਆਪਕਾਂ ਕੋਲ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਜ਼ਰੂਰੀ ਯੋਗਤਾਵਾਂ ਵੀ ਨਹੀਂ ਹਨ। ਗੌਰਤਲਬ ਹੈ ਕਿ ਪ੍ਰਾਇਮਰੀ ਜਮਾਤਾਂ ਨੂੰ ਪੜ੍ਹਾਉਣ ਲਈ ਡੀਐਲਐਡ ਦੀ ਯੋਗਤਾ ਹੋਣੀ ਜ਼ਰੂਰੀ ਹੈ। ਰਿਪੋਰਟ ਦੇ ਮੁਤਾਬਕ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿਚ ਮੈਥ ਪੜ੍ਹਾਉਣ ਦੀ ਜ਼ਿੰਮੇਵਾਰੀ ਸਾਇੰਸ ਅਧਿਆਪਕਾਂ ਨੂੰ ਦਿੱਤੀ ਗਈ ਹੈ।
ਪੇਂਡੂ ਖੇਤਰਾਂ ਦੇ 63% ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੇ ਅਹੁਦੇ ਲੰਬੇ ਸਮੇਂ ਤੋਂ ਖਾਲੀ ਚੱਲ ਰਹੇ ਹਨ। ਸ਼ਹਿਰੀ ਇਲਾਕਿਆਂ ਦੇ ਸਰਕਾਰੀ ਸਕੂਲਾਂ ਵਿਚ 58% ਅਧਿਆਪਕਾਂ ਦੀ ਘਾਟ ਹੈ।