ਬਰੈਂਪਟਨ/ਪਰਵਾਸੀ ਬਿਊਰੋ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਦੇ ਮੱਧਵਰਗੀ ਪਰਿਵਾਰਾਂ ਨੂੰ ਬੱਚਿਆਂ ਸੰਬੰਧੀ ਮਿਲਣ ਵਾਲੇ ਭੱਤੇ ਵਿੱਚ ਲਗਭਗ 500 ਡਾਲਰ ਪ੍ਰਤੀ ਬੱਚੇ ਦੇ ਹਿਸਾਬ ਨਾਲ ਵਾਧਾ ਕੀਤਾ ਜਾਵੇਗਾ।
ਵੀਰਵਾਰ ਨੂੰ ਬਰੈਂਪਟਨ ਵਿੱਚ ਗੋਰ-ਮੀਡੋ ਕਮਿਊਨਿਟੀ ਸੈਂਟਰ ਵਿਖੇ ਮੀਡੀਆ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਗਲੇ ਸਾਲ ਜੂਨ ਮਹੀਨੇ ਤੋਂ ਇਸ ਨੂੰ ਲਾਗੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 30,000 ਡਾਲਰ ਤੱਕ ਦੀ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਨੂੰ ਛੇ ਸਾਲ ਤੋਂ ਘੱਟ ਉਮਰ ਦੇ ਬੱਚੇ ਲਈ 533 ਅਤੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਲਈ 450 ਡਾਲਰ ਹਰ ਸਾਲ ਵਧੇਰੇ ਮਿਲਣਗੇ। ਜਿਉਂ-ਜਿਉਂ ਆਮਦਨ ਵਿੱਚ ਵਾਧਾ ਹੁੰਦਾ ਜਾਵੇਗਾ, ਇਹ ਭੱਤਾ ਘਟਦਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਭੱਤੇ ਨੂੰ ਮਹਿੰਗਾਈ ਦੀ ਦਰ ਨਾਲ ਵੀ ਜੋੜਿਆ ਜਾਵੇਗਾ ਤਾਂ ਕਿ ਵਧੀ ਹੋਈ ਮਹਿੰਗਾਈ ਵਿੱਚ ਭੱਤੇ ਵਿੱਚ ਵੀ ਵਾਧਾ ਹੋ ਸਕੇ। ਪੱਤਰਕਾਰਾਂ ਦੇ ਵੱਖ-ਵੱਖ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਕੈਨੇਡੀਅਨ ਲੰਬਰ ਇੰਡਸਟਰੀ, ਵਾਤਾਰਵਰਣ ਨਾਲ ਸੰਬੰਧਤ ਕਈ ਵਿਸ਼ਿਆਂ ਬਾਰੇ ਗੱਲਬਾਤ ਵੀ ਕੀਤੀ।
ਅਦਾਰਾ ‘ਪਰਵਾਸੀ’ ਦੇ ਮੁਖੀ ਰਜਿੰਦਰ ਸੈਣੀ ਨੇ ਪ੍ਰਧਾਨ ਮੰਤਰੀ ਨੂੰ ਵਧਾਈ ਦਿੱਤੀ ਕਿ ਉਨ੍ਹਾਂ ਦੀ ਸਰਕਾਰ ਅਗਲੇ 3 ਤਿੰਨ ਸਾਲਾਂ ਦੌਰਾਨ ਲਗਭਗ ਇਕ ਮਿਲੀਅਨ ਨਵੇਂ ਇੰਮੀਗ੍ਰੈਂਟਾਂ ਨੂੰ ਲਿਆਉਣ ਲਈ ਵਚਨਬੱਧ ਹੈ। ਵਰਨਣਯੋਗ ਹੈ ਕਿ ਇਹ ਐਲਾਨ ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰੀ ਅਹਿਮਦ ਹੂਸੈਨ ਨੇ ਖੁਦ ਪਰਵਾਸੀ ਰੇਡਿਓ ‘ਤੇ ਵੀਰਵਾਰ ਨੂੰ ਕੀਤਾ ਸੀ।
ਰਜਿੰਦਰ ਸੈਣੀ ਹੋਰਾਂ ਨੇ ਪਹਿਲੇ ਸਵਾਲ ਵਿੱਚ ਪ੍ਰਧਾਨ ਮੰਤਰੀ ਨੂੰ ਯਾਦ ਕਰਵਾਇਆ ਕਿ ਪਿਛਲੇ ਦਿਨੀਂ ਵਿੱਤ ਮੰਤਰੀ ਵੱਲੋਂ ਟੈਕਸ ਬਿੱਲ ਲਿਆਉਂਦੀਆਂ ਤਜਵੀਜ਼ਾਂ ਦਾ ਛੋਟੇ ਕਾਰੋਬਾਰੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਆਰਥਿਕ ਪੱਖੋਂ ਬਹੁਤ ਵੱਡਾ ਨੁਕਸਾਨ ਹੋਵੇਗਾ। ਜਿਸ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਇਸ ਗੱਲ ਨੂੰ ਭਲੀ ਭਾਂਤ ਸਮਝਦੇ ਅਤੇ ਇਨ੍ਹਾਂ ਤਜਵੀਜ਼ਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਹਰ ਪੱਖੋਂ ਵਿਚਾਰ ਜ਼ਰੂਰ ਕਰਾਂਗੇ। ਉਨ੍ਹਾਂ ਨਾਲ ਹੀ ਦੱਸਿਆ ਕਿ ਅਸੀਂ ਕਾਰਪੋੇਰਟ ਟੈਕਸ ਦੀ ਦਰ 10.5 ਪ੍ਰਤੀਸ਼ਤ ਤੋਂ ਘਟਾ ਕੇ 9% ਕਰਨ ਦਾ ਫੈਸਲਾ ਕੀਤਾ ਹੈ, ਜਿਸ ਨਾਲ ਕਾਰੋਬਾਰੀਆਂ ਨੂੰ ਰਾਹਤ ਮਿਲੇਗੀ।
ਰਜਿੰਦਰ ਸੈਣੀ ਹੋਰਾਂ ਦਾ ਦੂਸਰਾ ਸਵਾਲ ਅਮਰੀਕਾ ਵਿੱਚ ਦਿਨੋਂ ਦਿਨ ਵਧ ਰਹੀਆਂ ਅੱਤਵਾਦੀ ਘਟਨਾਵਾਂ ਬਾਰੇ ਸੀ ਕਿ ਕੈਨੇਡਾ ਇਨ੍ਹਾਂ ਘਟਨਾਵਾਂ ਨਾਲ ਨਿਪਟਣ ਕਈ ਕਿੰਨਾ ਕੁ ਤਿਆਰ ਹੈ?
ਪ੍ਰਧਾਨ ਮੰਤਰੀ ਨੇ ਇਸ ਬਾਰੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅਸੀਂ ਇਸ ਗੱਲ ਨੂੰ ਨਿਸ਼ਚਤ ਕਰਨਾ ਚਾਹੁੰਦੇ ਹਾਂ ਕਿ ਕੈਨੇਡੀਅਨ ਲੋਕ ਸੁਰੱਖਿਅਤ ਰਹਿਣ ਪਰੰਤੂ ਅੱਤਵਾਦ ਨਾਲ ਨਜਿੱਠਣ ਕਾਰਣ ਕਿਤੇ ਆਮ ਲੋਕਾਂ ਦੇ ਮਾਨਵੀ ਹੱਕਾਂ ਦਾ ਹਨਣ ਵੀ ਨਾ ਹੋਵੇ।
ਉਨ੍ਹਾਂ ਅੱਗੇ ਦੱਸਿਆ ਕਿ ਅਸੀਂ ਇਸ ਸਬੰਧ ਵਿੱਚ ਇਕ ਪਾਰਲੀਮਾਨੀ ਕਮੇਟੀ ਦਾ ਗਠਨ ਵੀ ਕੀਤਾ ਹੈ, ਜੋ ਲਗਾਤਾਰ ਇਸ ਨਾਲ ਨਜਿੱਠਣ ਬਾਰੇ ਆਪਣੇ ਵਿਚਾਰ ਦੇ ਰਹੀ ਹੈ।
ਇਸ ਮੌਕੇ ‘ਤੇ ਜਿੱਥੇ ਕਈ ਸਕੂਲੀ ਬੱਚਿਆਂ ਨੇ ਕਈ ਗੇਮਾਂ ਦਾ ਪ੍ਰਦਰਸ਼ਨ ਕੀਤਾ, ਉੱਥੇ ਪ੍ਰਧਾਨ ਮੰਤਰੀ ਨੇ ਵੀ ਉਨ੍ਹਾਂ ਨਾਲ ਗੇਮਾਂ ਖੇਡਣ ਵਿੱਚ ਪੂਰੀ ਦਿਲਚਸਪੀ ਦਿਖਾਈ।
ਮੌਕੇ ‘ਤੇ ਹਾਜ਼ਰ ਪ੍ਰਮੁੱਖ ਲੋਕਾਂ ਵਿੱਚ ਬਰੈਂਪਟਨ ਦੈ ਮੇਅਰ ਲਿੰਡਾ ਜੈਫਰੀ, ਬਰੈਂਪਟਨ ਈਸਟ ਦੇ ਐਮਪੀ ਰਾਜ ਗਰੇਵਾਲ ਅਤੇ ਰਮੇਸ਼ਵਰ ਸੰਘਾ, ਰੂਬੀ ਸਹੋਤਾ ਅਤੇ ਸੋਨੀਆ ਸਿੱਧੂ ਐਮਪੀ ਵੀ ਹਾਜ਼ਰ ਸਨ।