Breaking News
Home / ਹਫ਼ਤਾਵਾਰੀ ਫੇਰੀ / ਸੰਯੁਕਤ ਕਿਸਾਨਮੋਰਚੇ ਵੱਲੋਂ ਕਾਲੇ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ਜਾਰੀ ਰੱਖਣਦਾ ਐਲਾਨ

ਸੰਯੁਕਤ ਕਿਸਾਨਮੋਰਚੇ ਵੱਲੋਂ ਕਾਲੇ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ਜਾਰੀ ਰੱਖਣਦਾ ਐਲਾਨ

26 ਮਾਰਚ ਨੂੰ ਫਿਰ ਭਾਰਤ ਬੰਦ

23 ਮਾਰਚ ਨੂੰ ਕਿਸਾਨੀ ਮੋਰਚਿਆਂ ‘ਚ ਬਸੰਤੀ ਪੱਗਾਂ ਬੰਨ੍ਹ ਕੇ ਸ਼ਾਮਲ ਹੋਣ ਦਾ ਸੱਦਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ ਕਿਸਾਨਾਂ ਵਲੋਂ ਕੀਤਾ ਜਾ ਰਿਹਾ ਸੰਘਰਸ਼ ਲਗਾਤਾਰ ਜਾਰੀ ਹੈ। ਕਿਸਾਨੀ ਅੰਦੋਲਨ ਚਲਾ ਰਹੀ ਕਿਸਾਨਾਂ ਦੀ ਸਾਂਝੀ ਜਥੇਬੰਦੀ ਸੰਯੁਕਤ ਕਿਸਾਨ ਮੋਰਚੇ ਨੇ 26 ਮਾਰਚ ਨੂੰ ‘ਭਾਰਤ ਬੰਦ’ ਕਰਨ ਦਾ ਐਲਾਨ ਕੀਤਾ ਹੈ। 26 ਮਾਰਚ ਨੂੰ ਦਿੱਲੀ ਦੀਆਂ ਬਰੂਹਾਂ ਉਪਰ ਮੋਰਚੇ ਸਾਂਭੀ ਬੈਠੇ ਕਿਸਾਨਾਂ ਨੂੰ 4 ਮਹੀਨੇ ਹੋ ਜਾਣਗੇ ਅਤੇ ਇਸ ਦਿਨ ਅੰਦੋਲਨ ਨੂੰ ਹੋਰ ਸੂਬਿਆਂ ‘ਚ ਫੈਲਾਉਣ ਲਈ ਦੇਸ਼ ‘ਚ ਪੂਰਨ ਬੰਦ ਰੱਖਿਆ ਜਾਵੇਗਾ। ਇਸ ਤਹਿਤ ਅਦਾਰੇ, ਸਨਅਤਾਂ, ਬੱਸਾਂ ਅਤੇ ਰੇਲਾਂ ਵੀ ਜਾਮ ਹੋਣਗੀਆਂ। ਹਾੜ੍ਹੀ ਅਤੇ ਸਾਉਣੀ ਦੀਆਂ ਰੁੱਤਾਂ ਦੌਰਾਨ ਵੀ ਮੋਰਚਾ ਜਾਰੀ ਰਹੇਗਾ। ਕਿਸਾਨ ਆਗੂ ਬੂਟਾ ਸਿੰਘ ਬੁਰਜਗਿੱਲ ਦੀ ਪ੍ਰਧਾਨਗੀ ਹੇਠ ਮੋਰਚੇ ਦੀ ਬੈਠਕ ਵਿੱਚ ਮਾਰਚ ਮਹੀਨੇ ਦੇ ਪ੍ਰੋਗਰਾਮ ਤੈਅ ਕੀਤੇ ਗਏ। ਬੂਟਾ ਸਿੰਘ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ 15 ਮਾਰਚ ਨੂੰ ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਖ਼ਿਲਾਫ਼ ਤੇ ਰੇਲਵੇ ਸਮੇਤ ਹੋਰ ਅਦਾਰਿਆਂ ਦੇ ਤੇਜ਼ੀ ਨਾਲ ਨਿੱਜੀਕਰਨ ਦੇ ਵਿਰੋਧ ‘ਚ ਟਰੇਡ ਯੂਨੀਅਨਾਂ ਨਾਲ ਦੇਸ਼ ਪੱਧਰ ‘ਤੇ ਐੱਸਡੀਐੱਮਜ਼ ਅਤੇ ਡੀਸੀਜ਼ ਨੂੰ ਮੰਗ ਪੱਤਰ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ 17 ਮਾਰਚ ਨੂੰ ਮੋਰਚੇ ਵੱਲੋਂ ਮਜ਼ਦੂਰ ਜਥੇਬੰਦੀਆਂ, ਵੱਖ-ਵੱਖ ਟਰਾਂਸਪੋਰਟਰਾਂ ਦੀਆਂ ਕੌਮੀ, ਸੂਬਾਈ ਜਥੇਬੰਦੀਆਂ ਤੇ ਹੋਰ ਯੂਨੀਅਨਾਂ ਨਾਲ ਮਿਲ ਕੇ ਸਿੰਘੂ ਬਾਰਡਰ ‘ਤੇ ਕਨਵੈਸ਼ਨ ਕੀਤੀ ਜਾਵੇਗੀ ਜਿਸ ਵਿੱਚ 26 ਮਾਰਚ ਨੂੰ ਭਾਰਤ ਬੰਦ ਬਾਰੇ ਰੂਪ-ਰੇਖਾ ਉਲੀਕੀ ਜਾਵੇਗੀ। ਪੰਜਾਬ ਦੀ ਮੁਜ਼ਾਰਾ ਲਹਿਰ ਦੀ ਯਾਦ ‘ਚ ਸਿੰਘੂ ਅਤੇ ਹੋਰ ਮੋਰਚਿਆਂ ਉਪਰ ਵੱਡੀ ਪੱਧਰ ‘ਤੇ 19 ਮਾਰਚ ਨੂੰ ਪ੍ਰੋਗਰਾਮ ਹੋਣਗੇ। ਇਸ ਦਿਨ ‘ਮੰਡੀ ਬਚਾਓ, ਖੇਤੀ ਬਚਾਓ’ ਦਿਵਸ ਮਨਾਉਂਦਿਆਂ ਐੱਫਸੀਆਈ ਨੂੰ ਖ਼ਤਮ ਕਰਨ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤੇ ਜਾਣਗੇ। ਸ਼ਹੀਦੇ ਆਜ਼ਮ ਭਗਤ ਸਿੰਘ ਅਤੇ ਸਾਥੀਆਂ ਦੇ ਸ਼ਹਾਦਤ ਦਿਵਸ ਮੌਕੇ 23 ਮਾਰਚ ਨੂੰ ਦੇਸ਼ ਦੇ ਨੌਜਵਾਨਾਂ ਨੂੰ ਮੋਰਚਿਆਂ ਵਿੱਚ ਬਸੰਤੀ ਪੱਗਾਂ ਬੰਨ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। 28 ਮਾਰਚ ਨੂੰ ਹੋਲੀ ਤੇ ਹੋਲਾ ਮਹੱਲਾ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਜਿਸ ਦੀ ਰੂਪ ਰੇਖਾ ਉਲੀਕ ਕੇ ਦੱਸੀ ਜਾਵੇਗੀ।

ਰਾਜੇਵਾਲ ਦੀ ਅਗਵਾਈ ‘ਚ ਸੰਯੁਕਤ ਕਿਸਾਨ ਮੋਰਚਾ ਭਾਜਪਾ ਖਿਲਾਫ਼
ਪ੍ਰਚਾਰ ਕਰਨ ਲਈ ਪੱਛਮੀ ਬੰਗਾਲ ਪੁੱਜਿਆ
ਚੰਡੀਗੜ੍ਹ : ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ‘ਚ ਸੰਯੁਕਤ ਕਿਸਾਨ ਮੋਰਚਾ ਭਾਜਪਾ ਖਿਲਾਫ਼ ਪ੍ਰਚਾਰ ਕਰਨ ਲਈ ਪੱਛਮੀ ਬੰਗਾਲ ਪਹੁੰਚ ਗਿਆ ਹੈ। ਕਲਕੱਤੇ ਲਈ ਰਵਾਨਾ ਹੋਣ ਤੋਂ ਪਹਿਲਾਂ ਚੰਡੀਗੜ੍ਹ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨ ਅੰਦੋਲਨ ਨੇ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਉਨ੍ਹਾਂ ਕਿਹਾ ਕਿ 5 ਸੂਬਿਆਂ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਕਿਸਾਨ ਭਾਜਪਾ ਖਿਲਾਫ ਪ੍ਰਚਾਰ ਕਰਨ ਲਈ ਜਾਣਗੇ। ਰਾਜੇਵਾਲ ਹੋਰਾਂ ਦੱਸਿਆ ਕਿ ਕਿਸਾਨ ਆਗੂ ਪੰਜ ਰਾਜਾਂ ਵਿੱਚ ਜਾ ਕੇ ਲੋਕਾਂ ਨੂੰ ਭਾਜਪਾ ਖਿਲਾਫ਼ ਵੋਟ ਪਾਉਣ ਲਈ ਜਾਗਰੂਕ ਕਰਨਗੇ। ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ, ਅਸਾਮ, ਤਮਿਲਨਾਡੂ, ਕੇਰਲਾ ਅਤੇ ਪੂਡੁਚੇਰੀ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਬਲਬੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਸਰਕਾਰ ਨੇ ਚਾਰ ਵਿਭਾਗ ਛੱਡ ਕੇ ਬਾਕੀ ਸਾਰੇ ਵਿਭਾਗਾਂ ਦਾ ਨਿੱਜੀਕਰਨ ਕਰਨ ਦੀ ਤਿਆਰੀ ਕੀਤੀ ਹੋਈ ਹੈ। ਇਸ ਲਈ ਉਨ੍ਹਾਂ ਨੇ ਲੋਕਾਂ ਨੂੰ ਨਿੱਜੀਕਰਨ ਖਿਲਾਫ਼ ਸੜਕਾਂ ‘ਤੇ ਆਉਣ ਦਾ ਸੱਦਾ ਦਿੱਤਾ। ਇਸ ਮੌਕੇ ਪ੍ਰੋਫੈਸਰ ਮਨਜੀਤ ਸਿੰਘ ਨੇ ਕਿਹਾ ਕਿ ਦਿੱਲੀ ਵਿਖੇ ਚੱਲ ਰਿਹਾ ਕਿਸਾਨ ਅੰਦੋਲਨ ਸਿਰਫ਼ ਕਿਸਾਨਾਂ ਦੀ ਲੜਾਈ ਨਹੀਂ ਬਲਕਿ ਹਰ ਵਰਗ ਦੀ ਲੜਾਈ ਹੈ। ਉਨ੍ਹਾਂ 26 ਮਾਰਚ ਨੂੰ ਭਾਰਤ ਬੰਦ ਨੂੰ ਸਫ਼ਲ ਬਣਾਉਣ ਦੀ ਅਪੀਲ ਵੀ ਕੀਤੀ।
ਬੰਗਾਲੀਆਂ ਨੂੰ ਭਾਜਪਾ ਖ਼ਿਲਾਫ਼ ਵੋਟ ਪਾਉਣ ਦਾ ਹੋਕਾ
ਨਵੀਂ ਦਿੱਲੀ : ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿੱਚ ਵਿਦਿਆਰਥੀਆਂ, ਨੌਜਵਾਨਾਂ ਅਤੇ ਬੁੱਧੀਜੀਵੀਆਂ ਦੇ ਫੋਰਮ ਵੱਲੋਂ ਤਿੰਨ ਖੇਤੀ ਕਾਨੂੰਨਾਂ ਖਿਲਾਫ ਰੈਲੀ ਕਰਕੇ ਭਾਜਪਾ ਨੂੰ ਵੋਟਾਂ ਨਾ ਪਾਉਣ ਦਾ ਸੱਦਾ ਦਿੱਤਾ ਗਿਆ। ਰੈਲੀ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਮਨਜੀਤ ਸਿੰਘ ਧਨੇਰ, ਰਮਿੰਦਰ ਸਿੰਘ ਪਟਿਆਲਾ, ਸੁਰੇਸ਼ ਕੈਂਥ, ਹਰਨੇਕ ਸਿੰਘ ਮਹਿਮਾ, ਮਨਜੀਤ ਸਿੰਘ ਰਾਏ, ਗੁਰਅਮਨੀਤ ਸਿੰਘ ਮਾਂਗਟ, ਰਜਿੰਦਰ ਸਿੰਘ ਰਾਜੂ, ਅਭਿਮੰਨਿਊ ਕੋਹਾੜ, ਬੰਗਾਲ ਤੋਂ ਕੁਸ਼ਲ ਦੇਵ ਨਾਥ, ਸਰਨਿਸ਼ਠਾ ਚੌਧਰੀ, ਅਨਿਕੇਤ ਚਟੋਪਾਧਿਆਏ, ਸਮੀਰਉਲ ਇਸਲਾਮ ਅਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ ਤਿੰਨ ਕਾਨੂੰਨਾਂ ਨੂੰ ਰੱਦ ਕਰਾਉਣ ਅਤੇ ਐੱਮਐੱਸਪੀ ਨੂੰ ਕਾਨੂੰਨੀ ਅਧਿਕਾਰ ਬਣਾਉਣ ਦੀ ਮੰਗ ਨੂੰ ਲੈ ਕੇ ਕਿਸਾਨ ਪਿਛਲੇ ਤਿੰਨ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ‘ਤੇ ਬੈਠੇ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਅੰਦੋਲਨ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਤਿਲੰਗਾਨਾ ਅਤੇ ਹੋਰ ਕਈ ਸੂਬਿਆ ਵਿੱਚ ਫੈਲ ਗਿਆ ਹੈ। ਉਨ੍ਹਾਂ ਕਿਹਾ ਕਿ ਅੰਦੋਲਨ ਦੌਰਾਨ 300 ਤੋਂ ਵੀ ਜ਼ਿਆਦਾ ਕਿਸਾਨ ਸ਼ਹੀਦ ਹੋ ਚੁੱਕੇ ਹਨ ਪਰ ਸਰਕਾਰ ‘ਤੇ ਕੋਈ ਅਸਰ ਨਹੀਂ ਹੋ ਰਿਹਾ ਹੈ। ਬੁਲਾਰਿਆਂ ਨੇ ਕਿਹਾ ਕਿ ਹੁਣ ਵੇਲਾ ਆ ਗਿਆ ਹੈ ਕਿ ਭਾਜਪਾ ਨੂੰ ਚੋਣਾਂ ‘ਚ ਮਾਤ ਦਿੱਤੀ ਜਾਵੇ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …