ਸਟੱਡੀ ਵੀਜ਼ਾ ‘ਚ 50 ਫੀਸਦੀ ਦੀ ਗਿਰਾਵਟ
ਓਟਵਾ : ਕੈਨੇਡਾ ਵਿਚ ਸਟੱਡੀ ਦੀ ਚਾਹਤ ਰੱਖਣ ਵਾਲੇ ਭਾਰਤੀਆਂ ਦੇ ਲਈ ਹੁਣ ਕਾਫੀ ਮੁਸ਼ਕਲ ਹੋਣ ਵਾਲੀ ਹੈ।
ਉਤਰੀ ਅਮਰੀਕੀ ਦੇਸ਼ ਵਿਚ ਇਸ ਸਾਲ ਸਟੱਡੀ ਪਰਮਿਟ ਦੀ ਮਨਜੂਰੀ ‘ਚ 50 ਫੀਸਦੀ ਦੀ ਗਿਰਾਵਟ ਆਉਣ ਦੀ ਉਮੀਦ ਹੈ। ਜਸਟਿਨ ਟਰੂਡੋ ਦੀ ਲਿਬਰਲ ਸਰਕਾਰ ਦੇਸ਼ ‘ਚ ਅਪਰਵਾਸੀਆਂ ਦੀ ਸੰਖਿਆ ਨੂੰ ਘੱਟ ਕਰਨ ਦੇ ਲਈ ਸਖਤ ਰੁਖ ਅਪਣਾ ਰਹੀ ਹੈ।
ਇਸਦੇ ਤਹਿਤ ਵੀਜ਼ਾ ਮਨਜੂਰੀ ਨੂੰ ਇਕ ਵਾਰ ਫਿਰ 2018 ਅਤੇ 2019 ਦੇ ਪੱਧਰ ‘ਤੇ ਵਾਪਸ ਆਉਣ ਦਾ ਅਨੁਮਾਨ ਹੈ। ਕੈਨੇਡੀਆਈ ਮੀਡੀਆ ‘ਆਊਟਲੈਟ ਦ ਗਲੋਬ ਐਂਡ ਮੇਲ’ ਵਿਚ ਪਿਛਲੇ ਦਿਨੀਂ ਪ੍ਰਕਾਸ਼ਿਤ ਇਕ ਰਿਪੋਰਟ ਵਿਚ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ।
ਕੈਨੇਡਾ ਵਿਚ ਜਸਟਿਨ ਟਰੂਡੋ ਦੀ ਲਿਬਰਲ ਸਰਕਾਰ ਇਮੀਗਰੇਸ਼ਨ ਨੂੰ ਰੋਕਣ ਲਈ ਸਖਤ ਰੁਖ ਅਪਣਾ ਰਹੀ ਹੈ।
ਇਸਦੇ ਤਹਿਤ ਕੈਨੇਡੀਆਈ ਇਮੀਗਰੇਸ਼ਨ ਵਿਭਾਗ ਵੀਜ਼ਾ ਅਰਜ਼ੀਆਂ ਨੂੰ ਤੇਜ਼ੀ ਨਾਲ ਖਾਰਜ ਕਰ ਰਿਹਾ ਹੈ। ਕੈਨੇਡਾ ਪਹੁੰਚਣ ਦੀ ਇੱਛਾ ਰੱਖਣ ਵਾਲੇ ਭਾਰਤੀਆਂ ‘ਤੇ ਇਸਦਾ ਸਭ ਤੋਂ ਜ਼ਿਆਦਾ ਅਸਰ ਪੈ ਰਿਹਾ ਹੈ ਅਤੇ ਉਨ੍ਹਾਂ ਦੀਆਂ ਅਰਜ਼ੀਆਂ ਖਾਰਜ ਹੋ ਰਹੀਆਂ ਹਨ।
ਅਪਲਾਈ ਬੋਰਡ ਦੀ ਰਿਪੋਰਟ ਦੇ ਅਨੁਸਾਰ, ਇਸ ਸਾਲ ਦੀ ਪਹਿਲੀ ਛਿਮਾਹੀ ਵਿਚ ਭਾਰਤ ਤੋਂ ਸਟੱਡੀ ਪਰਮਿਟ ਦੀ ਮਨਜੂਰੀ ਅੱਧੀ ਹੋ ਗਈ ਹੈ। ਇਹ ਦੱਸਣ ਲਈ ਕਾਫੀ ਹੈ ਕਿ ਬਾਕੀ ਦਾ ਸਾਲ ਕਿਸ ਤਰ੍ਹਾਂ ਦਾ ਰਹੇਗਾ। ਅਪਲਾਈ ਬੋਰਡ ਇਕ ਕੰਪਨੀ ਹੈ, ਜੋ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦੁਨੀਆ ਭਰ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਨਾਲ ਜੋੜਦੀ ਹੈ। ਇਸਦੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ 2024 ਦੇ ਅੰਤ ਤੱਕ ਦਿੱਤੇ ਜਾਣ ਵਾਲੇ ਸਟੱਡੀ ਪਰਮਿਟਾਂ ਦੀ ਸੰਖਿਆ 231,000 ਤੋਂ ਥੋੜ੍ਹੀ ਜ਼ਿਆਦਾ ਹੋਵੇਗੀ, ਜੋ 2023 ਵਿਚ ਮਨਜੂਰ ਕੀਤੇ ਗਏ 436,000 ਦੀ ਸੰਖਿਆ ਤੋਂ ਕਾਫੀ ਘੱਟ ਹੈ।
ਸਟੱਡੀ ਪਰਮਿਟ ਸਬੰਧੀ ਅਰਜ਼ੀਆਂ ‘ਚ ਵੀ ਕਮੀ
ਰਿਪੋਰਟ ਵਿਚ ਅਨੁਮਾਨ ਲਗਾਇਆ ਗਿਆ ਹੈ ਕਿ ਸਾਲ 2023 ਦੀ ਤੁਲਨਾ ਵਿਚ 2024 ‘ਚ ਕੈਨੇਡਾ ਵਿਚ ਸਟੱਡੀ ਪਰਮਿਟ ਦੇ ਲਈ ਗਲੋਬਲ ਅਰਜ਼ੀਆਂ ਵਿਚ 39 ਪ੍ਰਤੀਸ਼ਤ ਦੀ ਗਿਰਾਵਟ ਆਵੇਗੀ। ਸਾਲ 2022 ਵਿਚ ਕੈਨੇਡਾ ‘ਚ ਕੁੱਲ 5.5 ਲੱਖ ਅੰਤਰਰਾਸ਼ਟਰੀ ਵਿਦਿਆਰਥੀ ਸਨ, ਜਿਨ੍ਹਾਂ ਵਿਚ 2.26 ਲੱਖ ਭਾਰਤੀ ਸਨ। ਉਸੇ ਦੌਰਾਨ 3.2 ਲੱਖ ਭਾਰਤੀ ਵਿਦਿਆਰਥੀ ਵੀਜ਼ਾ ‘ਤੇ ਰਹਿੰਦੇ ਹੋਏ ਗਿਗ ਵਰਕਰ ਦੇ ਰੂਪ ਵਿਚ ਕੈਨੇਡਾ ਦੀ ਅਰਥ ਵਿਵਸਥਾ ਵਿਚ ਯੋਗਦਾਨ ਦੇ ਰਹੇ ਸਨ।
ਕੈਨੇਡਾ ਤੋਂ ਹੋ ਰਿਹਾ ਮੋਹ ਭੰਗ
ਅਪਲਾਈ ਬੋਰਡ ਦੇ ਸੀਈਓ ਅਤੇ ਸਹਿ ਸੰਸਥਾਪਕ ਮੇਟੀ ਬਸੀਰੀ ਨੇ ਦੱਸਿਆ ਕਿ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਅਪਰਵਾਸੀਆਂ ਦੇ ਲਈ ਖਰਚ ਨੂੰ ਵਧਾਉਣ ਵਾਲੇ ਕੈਨੇਡੀਆਈ ਸਰਕਾਰ ਦੇ ਫੈਸਲੇ ਅਤੇ ਸਖਤ ਇਮੀਗਰੇਸ਼ਨ ਨੀਤੀਆਂ ਨੇ ਕਈ ਸੰਭਾਵਿਤ ਵਿਦਿਆਰਥੀਆਂ ਨੂੰ ਨਿਰਾਸ਼ ਕੀਤਾ ਹੈ। ਬਸੀਰੀ ਦਾ ਹਵਾਲਾ ਦਿੰਦੇ ਹੋਏ ‘ਗਲੋਬ ਐਂਡ ਮੇਲ’ ਨੇ ਕਿਹਾ ਕਿ ਹਾਲ ਹੀ ਦੇ ਮਹੀਨਿਆਂ ਵਿਚ ਕੈਨੇਡਾ ‘ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਪਹਿਲਾਂ ਦੀ ਤਰ੍ਹਾਂ ਸਵਾਗਤ ਨਹੀਂ ਦੇਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀ ਹੁਣ ਆਪਣੀਆਂ ਅਰਜ਼ੀਆਂ ਮੁਲਤਵੀ ਕਰ ਰਹੇ ਹਨ ਅਤੇ ਅਮਰੀਕਾ, ਜਰਮਨੀ ਅਤੇ ਫਰਾਂਸ ਵਰਗੀਆਂ ਥਾਵਾਂ ਦੀ ਚੋਣ ਕਰ ਰਹੇ ਹਨ।
Check Also
ਕੈਨੇਡਾ ‘ਚ ਭਾਰਤੀ ਵਿਦਿਆਰਥੀਆਂ ਨੂੰ ਨੌਕਰੀ ਲੱਭਣਾ ਹੋਇਆ ਔਖਾ
ਵਿਦਿਆਰਥੀਆਂ ਨੂੰ ਆਪਣਾ ਖਰਚਾ ਕੱਢਣਾ ਵੀ ਹੋਇਆ ਮੁਸ਼ਕਲ ਓਟਾਵਾ/ਬਿਊਰੋ ਨਿਊਜ਼ : ਕੈਨੋੇਡਾ ਵਿਚ ਭਾਰਤੀ ਵਿਦਿਆਰਥੀਆਂ …