20.8 C
Toronto
Thursday, September 18, 2025
spot_img
Homeਹਫ਼ਤਾਵਾਰੀ ਫੇਰੀਇੰਡੋਨੇਸ਼ੀਆ ਨੇ ਭਾਰਤ ਨੂੰ ਸੌਂਪੀ ਜੀ-20 ਸਿਖਰ ਸੰਮੇਲਨ ਦੀ ਪ੍ਰਧਾਨਗੀ

ਇੰਡੋਨੇਸ਼ੀਆ ਨੇ ਭਾਰਤ ਨੂੰ ਸੌਂਪੀ ਜੀ-20 ਸਿਖਰ ਸੰਮੇਲਨ ਦੀ ਪ੍ਰਧਾਨਗੀ

ਬਾਲੀ/ਬਿਊਰੋ ਨਿਊਜ਼ : ਇੰਡੋਨੇਸ਼ੀਆ ਦੇ ਬਾਲੀ ‘ਚ ਜੀ-20 ਸਿਖਰ ਸੰਮੇਲਨ ਦੀ ਸਮਾਪਤੀ ਮੌਕੇ ਅਗਲੇ ਸਾਲ ਦੇ ਜੀ-20 ਸਿਖਰ ਸੰਮੇਲਨ ਦੀ ਪ੍ਰਧਾਨਗੀ ਭਾਰਤ ਨੂੰ ਸੌਂਪ ਦਿੱਤੀ ਗਈ ਹੈ। ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੀ-20 ਸਿਖਰ ਸੰਮੇਲਨ ਦੀ ਪ੍ਰਧਾਨਗੀ ਸੌਂਪੀ। ਜ਼ਿਕਰਯੋਗ ਹੈ ਕਿ ਪ੍ਰਧਾਨਗੀ ਕਰਨ ਵਾਲਾ ਦੇਸ਼ ਇਸ ਕਾਨਫਰੰਸ ਵਿਚ ਵਿਚਾਰੇ ਜਾਣ ਵਾਲੇ ਮੁੱਦਿਆਂ ਲਈ ਇਕ ਬਲੂਪ੍ਰਿੰਟ ਤਿਆਰ ਕਰਨ ਦਾ ਹੱਕਦਾਰ ਹੁੰਦਾ ਹੈ। ਇਸ ਸੰਦਰਭ ਵਿਚ ਭਾਰਤ ਅਗਲੇ ਸਾਲ ਹੋਣ ਵਾਲੇ ਸੰਮੇਲਨ ਲਈ ਇਸ ਦਾ ਏਜੰਡਾ ਤਿਆਰ ਕਰੇਗਾ। ਭਾਰਤ 1 ਦਸੰਬਰ ਤੋਂ ਰਸਮੀ ਤੌਰ ‘ਤੇ ਜੀ-20 ਦੀ ਪ੍ਰਧਾਨਗੀ ਸੰਭਾਲੇਗਾ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜੀ-20 ਸਿਖਰ ਸੰਮੇਲਨ ਦੀ ਪ੍ਰਧਾਨਗੀ ਕਰਨਾ ਹਰ ਭਾਰਤੀ ਨਾਗਰਿਕ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਰੇ ਦੇਸ਼ਾਂ ਦੇ ਯਤਨਾਂ ਨਾਲ ਅਸੀਂ ਜੀ-20 ਸਿਖਰ ਸੰਮੇਲਨ ਨੂੰ ਵਿਸ਼ਵ ਭਲਾਈ ਦਾ ਵੱਡਾ ਸਰੋਤ ਬਣਾ ਸਕਦੇ ਹਾਂ। ਜੀ 20 ਅੰਤਰਰਾਸ਼ਟਰੀ ਆਰਥਿਕ ਭਾਈਵਾਲੀ ਦਾ ਇਕ ਪ੍ਰਮੁੱਖ ਸੰਗਠਨ ਹੈ ਜੋ ਵਿਸ਼ਵ ਦੀ ਕੁੱਲ ਜੀਡੀਪੀ ਵਿਚ 80 ਫੀਸਦੀ ਤੋਂ ਵੱਧ ਯੋਗਦਾਨ ਪਾਉਂਦਾ ਹੈ। ਦੁਨੀਆ ਦੇ ਕੁੱਲ ਵਪਾਰ ਦਾ ਲਗਭਗ 75 ਫੀਸਦੀ ਵਪਾਰ ਜੀ-20 ਦੇਸ਼ ਵਿਚਕਾਰ ਹੁੰਦਾ ਹੈ।ਇੰਡੋਨੇਸ਼ੀਆ ਦੀ ਮੇਜ਼ਬਾਨੀ ਵਿੱਚ ਰਿਜ਼ੌਰਟ ਟਾਪੂ ਬਾਲੀ ‘ਚ ਹੋਏ ਸਮਾਗਮ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰੇਗਾ ਕਿ ਜੀ-20 ਅਗਲੇ ਸਾਲ ਵਿੱਚ ਨਵੇਂ ਵਿਚਾਰਾਂ ਦੀ ਕਲਪਨਾ ਦੇ ਨਾਲ ਅਤੇ ਸਮੂਹਿਕ ਕਾਰਵਾਈ ਵਿੱਚ ਤੇਜ਼ੀ ਲਿਆਉਣ ਲਈ ‘ਮੋਹਰੇ ਹੋ ਕੇ’ ਕੰਮ ਕਰੇ। ਪ੍ਰਧਾਨ ਮੰਤਰੀ ਨੇ ਕਿਹਾ, ”ਭਾਰਤ ਅਜਿਹੇ ਮੌਕੇ ਜੀ-20 ਦਾ ਕੰਮਕਾਜ ਸੰਭਾਲ ਰਿਹਾ ਹੈ, ਜਦੋਂ ਕੁੱਲ ਆਲਮ ਭੂ-ਸਿਆਸੀ ਤਣਾਅ, ਆਰਥਿਕ ਮੰਦੀ, ਵਧਦੀ ਖੁਰਾਕੀ ਤੇ ਊਰਜਾ ਕੀਮਤਾਂ ਦੇ ਨਾਲ ਹੀ ਮਹਾਮਾਰੀ ਦੇ ਲੰਮੇ ਸਮੇਂ ਤੱਕ ਰਹਿਣ ਵਾਲੇ ਮਾੜੇ ਅਸਰਾਂ ਨਾਲ ਜੂਝ ਰਿਹਾ ਹੈ।” ਉਨ੍ਹਾਂ ਕਿਹਾ, ”ਅਜਿਹੇ ਸਮੇਂ ਵਿਸ਼ਵ, ਜੀ-20 ਵੱਲ ਉਮੀਦ ਨਾਲ ਵੇਖ ਰਿਹਾ ਹੈ। ਅੱਜ ਮੈਂ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਭਾਰਤ ਦੀ ਜੀ-20 ਪ੍ਰਧਾਨਗੀ ਸੰਮਲਿਤ, ਉਤਸ਼ਾਹੀ, ਫੈਸਲਾਕੁਨ ਤੇ ਕਾਰਵਾਈ ਕਰਨ ਵੱਲ ਕੇਂਦਰਤ ਹੋਵੇਗੀ।” ਮੋਦੀ ਨੇ ਕਿਹਾ ਕਿ ਭਾਰਤ ਵੱਲੋਂ ਜੀ-20 ਦੀ ਪ੍ਰਧਾਨਗੀ ਕਰਨਾ, ਹਰੇਕ ਭਾਰਤੀ ਲਈ ਮਾਣ ਵਾਲੀ ਗੱਲ ਹੈ ਅਤੇ ਦੇਸ਼ ਵੱਖ ਵੱਖ ਸ਼ਹਿਰਾਂ ਤੇ ਰਾਜਾਂ ਵਿੱਚ ਜੀ-20 ਦੀਆਂ ਮੀਟਿੰਗਾਂ ਕਰੇਗਾ।

RELATED ARTICLES
POPULAR POSTS