Breaking News
Home / ਹਫ਼ਤਾਵਾਰੀ ਫੇਰੀ / ਮੰਤਰੀ ਸਾਬ੍ਹ ਲਈ ਦਿੱਲੀ ਦੀ ਜੇਲ੍ਹ ਪਹਿਲਾਂ ਬਣੀ ਮਸਾਜ ਸੈਂਟਰ ਫਿਰ ਬਣੀ ਰੈਸਟੋਰੈਂਟ ਸਤੇਂਦਰ ਜੈਨ ਦੀ ਤਿਹਾੜ ਜੇਲ੍ਹ ‘ਚ ਮਾਲਸ਼ ਕਰਵਾਉਂਦੇ ਦੀ ਵੀਡੀਓ ਵਾਇਰਲ ਸਪਾਅ ਐਂਡ ਮਸਾਜ ਪਾਰਟੀ ਬਣੀ ‘ਆਪ’ : ਭਾਜਪਾ ਤੇ ਕਾਂਗਰਸ

ਮੰਤਰੀ ਸਾਬ੍ਹ ਲਈ ਦਿੱਲੀ ਦੀ ਜੇਲ੍ਹ ਪਹਿਲਾਂ ਬਣੀ ਮਸਾਜ ਸੈਂਟਰ ਫਿਰ ਬਣੀ ਰੈਸਟੋਰੈਂਟ ਸਤੇਂਦਰ ਜੈਨ ਦੀ ਤਿਹਾੜ ਜੇਲ੍ਹ ‘ਚ ਮਾਲਸ਼ ਕਰਵਾਉਂਦੇ ਦੀ ਵੀਡੀਓ ਵਾਇਰਲ ਸਪਾਅ ਐਂਡ ਮਸਾਜ ਪਾਰਟੀ ਬਣੀ ‘ਆਪ’ : ਭਾਜਪਾ ਤੇ ਕਾਂਗਰਸ

‘ਆਪ’ ਨੇ ਸੱਟ ਕਾਰਨ ਫਿਜ਼ੀਓਥੈਰੇਪੀ ਕਰਾਉਣ ਦਾ ਕੀਤਾ ਦਾਅਵਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਅਰਵਿੰਦ ਕੇਜਰੀਵਾਲ ਸਰਕਾਰ ‘ਚ ਜੇਲ੍ਹ ਮੰਤਰੀ ਸਤੇਂਦਰ ਜੈਨ ਦੀ ਤਿਹਾੜ ਜੇਲ੍ਹ ‘ਚ ਮਾਲਸ਼ ਕਰਵਾਉਣ ਦੀ ਵੀਡੀਓ ਵਾਇਰਲ ਹੋਣ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ‘ਚ ਐੱਮਸੀਡੀ ਚੋਣਾਂ ਤੋਂ ਪਹਿਲਾਂ ਸਿਆਸਤ ਭਖ ਗਈ ਹੈ। ਤਿਹਾੜ ਜੇਲ੍ਹ ਦੇ ਸੁਪਰਡੈਂਟ ਅਜੀਤ ਕੁਮਾਰ ਵੱਲੋਂ ਸਤੇਂਦਰ ਜੈਨ ਨੂੰ ਕਥਿਤ ਤੌਰ ‘ਤੇ ਵੀਆਈਪੀ ਸਹੂਲਤਾਂ ਦੇਣ ਦੇ ਆਰੋਪ ਹੇਠ ਮੁਅੱਤਲ ਕੀਤੇ ਜਾਣ ਦੇ ਕੁਝ ਦਿਨਾਂ ਬਾਅਦ ਇਹ ਵੀਡੀਓ ਵਾਇਰਲ ਹੋਈ ਹੈ। ਭਾਜਪਾ ਅਤੇ ਕਾਂਗਰਸ ਨੇ ਮੁੱਖ ਮੰਤਰੀ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਇਸ ਮਾਮਲੇ ‘ਚ ਖਾਮੋਸ਼ੀ ‘ਤੇ ਸਵਾਲ ਉਠਾਉਂਦਿਆਂ ਕਿਹਾ ਹੈ ਕਿ ਆਮ ਆਦਮੀ ਪਾਰਟੀ ਹੁਣ ‘ਸਪਾਅ ਐਂਡ ਮਸਾਜ ਪਾਰਟੀ’ ਬਣ ਗਈ ਹੈ। ਉਧਰ ‘ਆਪ’ ਨੇ ਆਰੋਪ ਲਾਇਆ ਹੈ ਕਿ ਗੁਜਰਾਤ ਵਿਧਾਨ ਸਭਾ ਅਤੇ ਐੱਮਸੀਡੀ ਦੀਆਂ ਚੋਣਾਂ ‘ਚ ਹਾਰ ਨੂੰ ਦੇਖਦਿਆਂ ਭਾਜਪਾ ਨੇ ਇਹ ਵੀਡੀਓ ਲੀਕ ਕਰਵਾਈ ਹੈ ਜਦਕਿ ਸਤੇਂਦਰ ਜੈਨ ਰੀੜ੍ਹ ਦੀ ਹੱਡੀ ‘ਚ ਸੱਟ ਲੱਗਣ ਕਾਰਨ ਫਿਜ਼ੀਓਥੈਰੇਪੀ ਕਰਵਾ ਰਹੇ ਸਨ। ਈਡੀ ਵੱਲੋਂ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਜੈਨ ਦਾ ਤਿਹਾੜ ਜੇਲ੍ਹ ਦੇ ਅੰਦਰ ਵਿਸ਼ੇਸ਼ ਇਲਾਜ ਕਰਵਾਉਣ ਦੇ ਲਗਭਗ 10 ਦਿਨਾਂ ਬਾਅਦ ਸੋਸ਼ਲ ਮੀਡੀਆ ‘ਤੇ ਵੀਡੀਓ ਸਾਹਮਣੇ ਆਏ ਹਨ। ਫੁਟੇਜ ਵਿੱਚ ਮੰਤਰੀ ਜੇਲ੍ਹ ਅੰਦਰ ਬਿਸਤਰੇ ‘ਤੇ ਕੁਝ ਕਾਗਜ਼ ਪੜ੍ਹਦਿਆਂ ਦਿਖਾਈ ਦੇ ਰਿਹਾ ਹੈ ਜਦੋਂ ਕਿ ਉਸ ਕੋਲ ਬੈਠਾ ਇੱਕ ਵਿਅਕਤੀ ਉਨ੍ਹਾਂ ਦੇ ਪੈਰਾਂ ਦੀ ਮਾਲਸ਼ ਕਰਦਾ ਦਿਖਾਈ ਦੇ ਰਿਹਾ ਹੈ। ਭਾਜਪਾ ਦੇ ਰਾਸ਼ਟਰੀ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਸਾਂਝੇ ਕੀਤੇ ਗਏ ਵੀਡੀਓ ਨਾਲ ਟਵੀਟ ਕੀਤਾ, ‘ਸਜ਼ਾ ਦੀ ਬਜਾਏ ਸਤੇਂਦਰ ਜੈਨ ਨੂੰ ਪੂਰਾ ਵੀਵੀਆਈਪੀ ਮਜ਼ਾ ਮਿਲ ਰਿਹਾ ਹੈ? ਤਿਹਾੜ ਜੇਲ੍ਹ ਦੇ ਅੰਦਰ ਮਾਲਸ਼? ਹਵਾਲਾਬਾਜ਼, ਜਿਨ੍ਹਾਂ ਨੂੰ 5 ਮਹੀਨਿਆਂ ਤੋਂ ਜ਼ਮਾਨਤ ਨਹੀਂ ਮਿਲੀ ਹੈ, ਦੇ ਸਿਰ ਦੀ ਮਾਲਸ਼! ‘ਆਪ’ ਸਰਕਾਰ ਵੱਲੋਂ ਚਲਾਈ ਜਾ ਰਹੀ ਜੇਲ੍ਹ ਵਿੱਚ ਨਿਯਮਾਂ ਦੀ ਉਲੰਘਣਾ ਹੋ ਰਹੀ ਹੈ।’ ਭਾਜਪਾ ਦੇ ਇਕ ਹੋਰ ਤਰਜਮਾਨ ਗੌਰਵ ਭਾਟੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ‘ਸਪਾ ਅਤੇ ਮਸਾਜ ਪਾਰਟੀ’ ਬਣ ਗਈ ਹੈ। ਉਨ੍ਹਾਂ ਵੀਡੀਓ ਦਾ ਹਵਾਲਾ ਦਿੰਦਿਆਂ ਕੇਜਰੀਵਾਲ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਜੇਲ੍ਹ ‘ਚ ਜੈਨ ਨੂੰ ਮਿਲ ਰਹੀ ਵੀਆਈਪੀ ਸਹੂਲਤ ਦਾ ਜਵਾਬ ਦੇਣ।

ਸਤੇਂਦਰ ਜੈਨ ਨੂੰ ਜੇਲ੍ਹ ‘ਚ ਰੈਸਟੋਰੈਂਟ ਵਰਗਾ ਖਾਣਾ
ਨਵੀਂ ਦਿੱਲੀ : ਮਨੀ ਲਾਂਡਰਿੰਗ ਦੇ ਮਾਮਲੇ ਵਿਚ ਤਿਹਾੜ ਜੇਲ੍ਹ ਵਿਚ ਬੰਦ ਦਿੱਲੀ ਸਰਕਾਰ ਦੇ ਮੰਤਰੀ ਸਤੇਂਦਰ ਜੈਨ ਦਾ ਨਵਾਂ ਵੀਡੀਓ ਸਾਹਮਣੇ ਆਇਆ ਹੈ। ਕਰੀਬ ਡੇਢ ਮਿੰਟ ਦਾ ਇਹ ਵੀਡੀਓ ਸ਼ੋਸ਼ਲ ਮੀਡੀਆ ‘ਤੇ ਸ਼ੇਅਰ ਹੋਇਆ ਹੈ। ਇਸ ਵੀਡੀਓ ਮੁਤਾਬਕ ਜੇਲ੍ਹ ਦੀ ਬੈਰਕ ਦੇ ਅੰਦਰ ਹੀ ਸਤੇਂਦਰ ਜੈਨ ਨੂੰ ਖਾਣਾ ਪਰੋਸਿਆ ਜਾ ਰਿਹਾ ਹੈ ਅਤੇ ਇਕ ਵਿਅਕਤੀ ਲਗਾਤਾਰ ਉਸਦੀ ਸੇਵਾ ਵਿਚ ਜੁਟਿਆ ਹੋਇਆ ਹੈ। ਇਸ ਤੋਂ ਪਹਿਲਾਂ ਵੀ ਜੈਨ ਦੇ ਚਾਰ ਵੀਡੀਓ ਸਾਹਮਣੇ ਆਏ ਸਨ, ਜਿਸ ਵਿਚ ਉਹ ਜੇਲ੍ਹ ‘ਚ ਮਸਾਜ ਕਰਵਾਉਂਦੇ ਦਿਸ ਰਹੇ ਸਨ। ਉਧਰ ਦੂਜੇ ਪਾਸੇ ਸਤੇਂਦਰ ਜੈਨ ਦੇ ਇਸ ਵੀਡੀਓ ਤੋਂ ਬਾਅਦ ਭਾਜਪਾ ਆਗੂਆਂ ਨੇ ਕਿਹਾ ਕਿ ਸਤੇਂਦਰ ਜੈਨ ਲਜ਼ੀਜ਼ ਖਾਣੇ ਦਾ ਲੁਤਫ ਉਠਾਉਂਦੇ ਦਿਸ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਲੱਗ ਰਿਹਾ ਹੈ ਕਿ ਜੈਨ ਰਿਜੌਰਟ ਵਿਚ ਛੁੱਟੀਆਂ ਬਿਤਾ ਰਹੇ ਹਨ। ਭਾਜਪਾ ਦਾ ਕਹਿਣਾ ਹੈ ਕਿ ਕੇਜਰੀਵਾਲ ਨੇ ਇਹ ਨਿਸ਼ਚਿਤ ਕਰ ਦਿੱਤਾ ਹੈ ਕਿ ਹਵਾਲਾਬਾਜ਼ ਨੂੰ ਜੇਲ੍ਹ ਵਿਚ ਸਜ਼ਾ ਨਹੀਂ ਮਜ਼ਾ ਮਿਲੇ। ਮੀਡੀਆ ਰਿਪੋਰਟਾਂ ਮੁਤਾਬਕ ਸਤੇਂਦਰ ਜੈਨ ਨੇ ਅਦਾਲਤ ‘ਚ ਕਿਹਾ ਸੀ ਕਿ ਜੇਲ੍ਹ ‘ਚ ਉਨ੍ਹਾਂ ਨੂੰ ਵਧੀਆ ਖਾਣਾ ਅਤੇ ਲੋੜੀਂਦੀ ਮੈਡੀਕਲ ਸਹੂਲਤ ਨਹੀਂ ਦਿੱਤੀ ਜਾ ਰਹੀ ਹੈ ਅਤੇ ਜੇਲ੍ਹ ਵਿਚ ਬੰਦ ਰਹਿਣ ਕਰਕੇ ਉਨ੍ਹਾਂ ਦਾ ਭਾਰ ਵੀ 28 ਕਿਲੋ ਤੱਕ ਘਟ ਗਿਆ ਹੈ।
ਭਾਜਪਾ ਨੇ ਚੋਣਾਂ ‘ਚ ਹਾਰ ਦੇ ਡਰ ਕਾਰਨ ਵੀਡੀਓ ਲੀਕ ਕੀਤੀ : ਸਿਸੋਦੀਆ
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਭਾਜਪਾ ‘ਤੇ ਆਰੋਪ ਲਾਇਆ ਹੈ ਕਿ ਉਸ ਨੇ ਗੁਜਰਾਤ ਵਿਧਾਨ ਸਭਾ ਅਤੇ ਐੱਮਸੀਡੀ ਚੋਣਾਂ ‘ਚ ਹਾਰ ਦੇ ਡਰ ਕਾਰਨ ਸਤੇਂਦਰ ਜੈਨ ਦੀ ਜੇਲ੍ਹ ‘ਚ ਮਾਲਸ਼ ਕਰਾਉਣ ਦੀ ਵੀਡੀਓ ਲੀਕ ਕਰਵਾਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜੈਨ ਦੀ ਰੀੜ੍ਹ ਦੀ ਹੱਡੀ ‘ਚ ਸੱਟ ਕਾਰਨ ਫਿਜ਼ੀਓਥੈਰੇਪੀ ਕਰਵਾ ਰਹੇ ਸਨ। ਭਗਵਾ ਪਾਰਟੀ ‘ਤੇ ਸੌੜੀ ਸਿਆਸਤ ਕਰਨ ਦਾ ਆਰੋਪ ਲਾਉਂਦਿਆਂ ਉਨ੍ਹਾਂ ਕਿਹਾ ਕਿ ਜੈਨ ਜੇਲ੍ਹ ‘ਚ ਡਿੱਗ ਗਏ ਸਨ ਜਿਸ ਕਾਰਨ ਉਨ੍ਹਾਂ ਨੂੰ ਰੀੜ੍ਹ ਦੀ ਹੱਡੀ ਦੇ ਦੋ ਅਪਰੇਸ਼ਨ ਵੀ ਕਰਾਉਣੇ ਪਏ ਸਨ ਅਤੇ ਡਾਕਟਰਾਂ ਨੇ ਹੀ ਉਨ੍ਹਾਂ ਨੂੰ ਫਿਜ਼ੀਓਥੈਰੇਪੀ ਕਰਾਉਣ ਦੀ ਸਲਾਹ ਦਿੱਤੀ ਸੀ। ਸਿਸੋਦੀਆ ਨੇ ਕਿਹਾ ਕਿ ਜੈਨ ਨੂੰ ਝੂਠੇ ਕੇਸ ‘ਚ ਫਸਾਇਆ ਗਿਆ ਹੈ ਅਤੇ ਹੁਣ ਭਾਜਪਾ ਉਨ੍ਹਾਂ ਦੀ ਬਿਮਾਰੀ ਦਾ ਮਖੌਲ ਉਡਾ ਰਹੀ ਹੈ।

Check Also

ਪੰਜਾਬ ਦੀ ਬੱਤੀ ਹੋ ਸਕਦੀ ਹੈ ਗੁੱਲ

ਚੀਫ਼ ਇੰਜੀਨੀਅਰ ਦੀ ਚਿੱਠੀ ‘ਚ ਚਿਤਾਵਨੀ : ਝੋਨੇ ਦੇ ਸੀਜਨ ਦੌਰਾਨ ਪੰਜਾਬ ‘ਚ ਪੈਦਾ ਹੋ …