ਓਟਵਾ : ਯੂਕਰੇਨ ਨਾਲ ਵਿੱਢੇ ਸੰਘਰਸ਼ ਦੇ ਮਾਮਲੇ ਵਿੱਚ ਰੂਸ ਦੀ ਹਮਾਇਤ ਕਰਨ ਵਾਲੇ ਬੇਲਾਰੂਸ ਖਿਲਾਫ ਕੈਨੇਡਾ ਵੱਲੋਂ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਜਾਵੇਗਾ। ਵਿਦੇਸ਼ ਮੰਤਰੀ ਮਿਲੇਨੀ ਜੋਲੀ ਵੱਲੋਂ ਇਨ੍ਹਾਂ ਪਾਬੰਦੀਆਂ ਦਾ ਐਲਾਨ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਬੇਲਾਰੂਸ ਦੀ ਵਿਰੋਧੀ ਧਿਰ ਦੀ ਆਗੂ ਕੈਨੇਡਾ ਦੇ ਦੌਰੇ ਉੱਤੇ ਆਈ ਹੋਈ ਹੈ। ਇੱਕ ਬਿਆਨ ਵਿੱਚ ਜੋਲੀ ਨੇ ਆਖਿਆ ਕਿ ਬੇਲਾਰੂਸ ਦੇ ਆਗੂਆਂ ਵੱਲੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲਿਆਂ ਦਾ ਸਾਥ ਦਿੱਤਾ ਜਾ ਰਿਹਾ ਹੈ ਤੇ ਰੂਸ ਵੱਲੋਂ ਬੇਕਸੂਰਾਂ ਉੱਤੇ ਕੀਤੇ ਜਾ ਰਹੇ ਹਮਲਿਆਂ ਲਈ ਰਾਹ ਪੱਧਰਾ ਕਰਕੇ ਦਿੱਤਾ ਜਾ ਰਿਹਾ ਹੈ। ਕੈਨੇਡਾ ਵੱਲੋਂ ਬੇਲਾਰੂਸ ਦੇ 22 ਅਧਿਕਾਰੀਆਂ ਨੂੰ ਪਾਬੰਦੀਆਂ ਵਾਲੀ ਸੂਚੀ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿੱਚ ਉਹ ਲੋਕ ਵੀ ਸ਼ਾਮਲ ਹੋਣਗੇ ਜਿਹੜੇ ਰੂਸੀ ਫੌਜ ਦੇ ਕਰਮਚਾਰੀਆਂ ਤੇ ਸਾਜੋ-ਸਮਾਨ ਦੀ ਢੋਆ ਢੁਆਈ ‘ਚ ਸ਼ਾਮਲ ਹੋਣਗੇ ਜਾਂ ਜਿਨ੍ਹਾਂ ਨੇ ਉਨ੍ਹਾਂ ਨੂੰ ਪਨਾਹ ਦਿੱਤੀ ਹੋਵੇਗੀ।