Breaking News
Home / ਜੀ.ਟੀ.ਏ. ਨਿਊਜ਼ / ਜਿਨ੍ਹਾਂ ਰੈਜੀਡੈਂਟਸ ਦੀ ਸੈਕਿੰਡ ਡੋਜ਼ ਪੈਂਡਿੰਗ ਹੈ ਉਨ੍ਹਾਂ ‘ਤੇ ਧਿਆਨ ਕੇਂਦਰਿਤ ਕਰੇਗਾ ਟੋਰਾਂਟੋ

ਜਿਨ੍ਹਾਂ ਰੈਜੀਡੈਂਟਸ ਦੀ ਸੈਕਿੰਡ ਡੋਜ਼ ਪੈਂਡਿੰਗ ਹੈ ਉਨ੍ਹਾਂ ‘ਤੇ ਧਿਆਨ ਕੇਂਦਰਿਤ ਕਰੇਗਾ ਟੋਰਾਂਟੋ

ਟੋਰਾਂਟੋ/ਬਿਊਰੋ ਨਿਊਜ਼ : ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਤੇ ਅੰਸ਼ਕ ਤੌਰ ਉੱਤੇ ਵੈਕਸੀਨੇਸ਼ਨ ਕਰਵਾ ਚੁੱਕੇ ਟੋਰਾਂਟੋ ਵਾਸੀਆਂ ਵਿਚਲੇ ਪਾੜੇ ਨੂੰ ਖਤਮ ਕਰਨ ਲਈ ਟੋਰਾਂਟੋ ਹੁਣ ਉਨ੍ਹਾਂ 50,000 ਰੈਜੀਡੈਂਟਸ ਉੱਤੇ ਆਪਣਾ ਧਿਆਨ ਕੇਂਦਰਿਤ ਕਰੇਗਾ ਜਿਨ੍ਹਾਂ ਨੇ ਅਜੇ ਤੱਕ ਕੋਵਿਡ-19 ਦੀ ਆਪਣੀ ਦੂਜੀ ਡੋਜ਼ ਨਹੀਂ ਲਗਵਾਈ।
ਇਸ ਸਮੇਂ ਟੋਰਾਂਟੋ ਦੇ 123,000 ਰੈਜੀਡੈਂਟਸ ਅਜਿਹੇ ਹਨ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਦੀ ਸਿਰਫ ਪਹਿਲੀ ਡੋਜ਼ ਹੀ ਲਵਾਈ ਗਈ ਹੈ। 48,200 ਲੋਕ ਅਜਿਹੇ ਹਨ ਜਿਨ੍ਹਾਂ ਨੂੰ ਸੈਕਿੰਡ ਡੋਜ਼ ਲੱਗਣ ਦੀ ਮਿਤੀ ਵੀ ਟੱਪ ਚੁੱਕੀ ਹੈ। ਇਸ ਨਵੀਂ ਰਣਨੀਤੀ ਤਹਿਤ ਅਧਿਕਾਰੀਆਂ ਨੇ ਦੱਸਿਆ ਕਿ ਜਿਨ੍ਹਾਂ ਨੇ ਅੰਸ਼ਕ ਤੌਰ ਉੱਤੇ ਵੈਕਸੀਨੇਸ਼ਨ ਕਰਵਾਈ ਹੈ ਉਨ੍ਹਾਂ ਤੱਕ ਸਿਟੀ ਵੱਲੋਂ ਫੋਨ ਕਾਲ ਤੇ ਟੈਕਸਟ ਮੈਸੇਜ ਰਾਹੀਂ ਪਹੁੰਚ ਕੀਤੀ ਜਾਵੇਗੀ। ਇਨ੍ਹਾਂ ਮੈਸੇਜ ਤੇ ਫੋਨ ਕਾਲ ਰਾਹੀਂ ਉਹ ਅੜਿੱਕੇ ਦੂਰ ਕੀਤੇ ਜਾਣਗੇ ਜਿਹੜੇ ਵੈਕਸੀਨੇਸ਼ਨ ਦੇ ਸਬੰਧ ਵਿੱਚ ਲੋਕਾਂ ਨੂੰ ਘੇਰੀ ਬੈਠੇ ਹਨ।
ਬੋਰਡ ਆਫ ਹੈਲਥ ਦੇ ਚੇਅਰ ਜੋਅ ਕ੍ਰੈਸੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਉਸੇ ਤਰ੍ਹਾਂ ਹੀ ਹੋਵੇਗਾ ਜਿਵੇਂ ਤੁਹਾਡੀ ਡੈਂਟਿਸਟ ਜਾਂ ਡਾਕਟਰ ਦੀ ਅਪੁਆਇੰਟਮੈਂਟ ਲਈ ਤੁਹਾਨੂੰ ਚੇਤੇ ਕਰਵਾਇਆ ਜਾਂਦਾ ਹੈ। ਇਸ ਸਮੇਂ ਤੁਹਾਨੂੰ ਤੁਹਾਡੀ ਸੈਕਿੰਡ ਡੋਜ਼ ਲਈ ਚੇਤੇ ਕਰਵਾਇਆ ਜਾਵੇਗਾ। ਅਸੀਂ ਇਹ ਵੀ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੀ ਕਲੀਨਿਕ ਤੱਕ ਪਹੁੰਚਣ ਲਈ ਤੁਹਾਨੂੰ ਰਾਈਡ ਦੀ ਲੋੜ ਹੈ? ਟੀਕਾ ਲਵਾਉਣ ਲਈ ਜਾਣ ਵਾਸਤੇ ਤੁਹਾਨੂੰ ਚਾਈਲਡਕੇਅਰ ਦੀ ਲੋੜ ਹੈ? ਕੀ ਤੁਸੀਂ ਆਪਣੇ ਤੌਖਲੇ ਮਿਟਾਉਣ ਲਈ ਕਿਸੇ ਪਬਲਿਕ ਹੈਲਥ ਨਰਸ ਤੋਂ ਆਪਣੇ ਸਵਾਲਾਂ ਦੇ ਜਵਾਬ ਚਾਹੁੰਦੇ ਹੋਂ? ਅਜਿਹਾ ਇਸ ਲਈ ਤਾਂ ਕਿ ਤੁਹਾਡੇ ਮਨ ਦੀ ਦੁਚਿੱਤੀ ਨੂੰ ਖਤਮ ਕੀਤਾ ਜਾ ਸਕੇ।
ਇੱਥੇ ਦੱਸਣਾ ਬਣਦਾ ਹੈ ਕਿ ਟੋਰਾਂਟੋ ਦੇ 86 ਫੀ ਸਦੀ ਰੈਜੀਡੈਂਟਸ ਤੋਂ ਵੱਧ ਕੋਵਿਡ-19 ਵੈਕਸੀਨ ਦੀ ਘੱਟੋ ਘੱਟ ਇੱਕ ਡੋਜ਼ ਲਵਾ ਚੁੱਕੇ ਹਨ ਤੇ 82 ਫੀਸਦੀ ਤੋਂ ਵੱਧ ਪੂਰੀ ਤਰ੍ਹਾਂ ਇਮਿਊਨਾਈਜਡ ਹਨ। ਸਿਟੀ ਦਾ ਕਹਿਣਾ ਹੈ ਕਿ ਉਸ ਦਾ ਟੀਚਾ ਜਲਦ ਤੋਂ ਜਲਦ 90 ਫੀਸਦੀ ਰੈਜੀਡੈਂਟਸ ਨੂੰ ਪੂਰੀ ਤਰ੍ਹਾਂ ਵੈਕਸੀਨੇਟ ਕਰਨਾ ਹੈ।

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …