ਹਰਜੀਤ ਸੰਧੂ ਛੁਪਿਆ ਰੁਸਤਮ ਹੈ। ਉਸ ਬਾਰੇ ਦੋ ਪੁਸਤਕਾਂ ਛਪੀਆਂ ਹਨ। ਪੰਜਾਬੀ ਵਿਚ ਛਪੀ ਪੁਸਤਕ ‘ઑਪੋਟੇ ਬੋਲ ਪਏ਼’ ਦਾ ਲੇਖਕ ਬਲਦੇਵ ਸਿੰਘ ਸੜਕਨਾਮਾ ਹੈ ਤੇ ਅੰਗਰੇਜ਼ੀ ‘ਚ ਛਪੀ ‘ઑਰੀਵਿਜ਼ਟਿੰਗ ਦੀ ਪਾਸਟ ਐਂਡ ਪ੍ਰੈਜ਼ੈਂਟ ਥਰੂ ਕਲਰਡ ਮਿਰਰਜ਼’਼ ਦੀ ਲੇਖਿਕਾ ਪੰਜਾਬੀ ਯੂਨੀਵਰਸਿਟੀ ਦੇ ਫਾਈਨ ਆਰਟਸ ਵਿਭਾਗ ਦੀ ਸਾਬਕਾ ਮੁਖੀ ਪ੍ਰੋ. (ਡਾ.) ਸਰੋਜ ਰਾਣੀ। ਪੀਟੀ ਮਾਸਟਰ ਹਰਜੀਤ ਸੰਧੂ ਨੂੰ 1970ਵਿਆਂ ਤੋਂ ਜਾਣਦਾ ਹਾਂ। ਉਦੋਂ ਉਹ ਤਹਿਸੀਲ ਮੋਗੇ ਦੇ ਸਕੂਲਾਂ ਦੀਆਂ ਖੇਡਾਂ ਦਾ ਧੁਰਾ ਹੁੰਦਾ ਸੀ। ਖਿਡਾਰੀ ਤੋਂ ਮੋਜ਼ੇਕ ਕਲਾਕਾਰ ਤਾਂ ਉਹ ਨਿਊਯਾਰਕ ਜਾ ਕੇ ਬਣਿਆ ਜਿਸ ਦੀ ਦਿਲਚਸਪ ਕਹਾਣੀ ਇਨ੍ਹਾਂ ਕਿਤਾਬਾਂ ‘ਚੋਂ ਪੜ੍ਹੀ ਜਾ ਸਕਦੀ ਹੈ।
ਵੇਖਣ ਨੂੰ ਉਹ ਓਡਾ ਵੱਡਾ ਕਲਾਕਾਰ ਨਹੀਂ ਲੱਗਦਾ ਜਿੱਡਾ ਹੈਗਾ। ਅਸਲੋਂ ਸਾਧਾਰਨ ਜਿਹਾ ਜਾਪਦੈ। ਪੱਕਾ ਰੰਗ, ਕਰੜ ਬਰੜੀ ਦਾੜ੍ਹੀ, ਸੰਘਣੀਆਂ ਸਿਹਲੀਆਂ, ਭਿੱਜੀਆਂ ਅੱਖਾਂ, ਫੁੱਲੀਆਂ ਗੰਨੀਆਂ, ਢਾਲੂ ਮੁੱਛਾਂ, ਅੱਟਣਾਂ ਵਾਲੇ ਹੱਥ ਤੇ ਝਰੀਟੀਆਂ ਉਂਗਲਾਂ। ਚੁੱਪ ਰਹੇ ਤਾਂ ਚੁੱਪ, ਪਰ ਜਦੋਂ ਬੋਲਦੈ ਤਾਂ ਵਾਰੀ ਨਹੀਂ ਲੈਣ ਦਿੰਦਾ। ਤੇਜ਼-ਤਰਾਰ ਗੱਲਾਂ ਕਰਦਾ ਬੜਬੋਲਾ ਵੀ ਲੱਗਦੈ। ਪਰ ਚੁਹੱਤਰ ਸਾਲਾਂ ਦਾ ਹੋ ਕੇ ਵੀ ਜੁਆਨ ਦਿਸਦੈ। ਉਹਦੀ ਮੋਜ਼ੇਕੀ ਦੀਆਂ ਧੁੰਮਾਂ ਹੁਣ ਮੋਗੇ, ਚੰਡੀਗੜ੍ਹ ਤੇ ਦਿੱਲੀ ਤੋਂ ਨਿਊਯਾਰਕ ਤੱਕ ਪੈਣ ਲੱਗੀਆਂ ਹਨ। ਪੰਜਾਹ ਕੁ ਸਾਲ ਪਹਿਲਾਂ ਮੈਂ ਉਸ ਨੂੰ ਢੁੱਡੀਕੇ ਦੇ ਖੇਡ ਮੇਲੇ ਵਿਚ ਫੁੱਟਬਾਲ ਖੇਡਦੇ ਵੇਖਿਆ ਸੀ। ਉਹਦੀਆਂ ਕਿੱਕਾਂ ‘ਚ ਜਾਨ ਸੀ। ਪੈਰਾਂ ‘ਚ ਤੇਜ਼ੀ ਸੀ ਤੇ ਪਾਸ ਦਿੰਦਾ ਲੈਂਦਾ ਖੇਡ ਦੀ ਸੋਹਣੀ ਕਲਾਕਾਰੀ ਵਿਖਾ ਰਿਹਾ ਸੀ। ਉਦੋਂ ਉਹ ਫੁੱਟਬਾਲ ਦਾ ਖਿਡਾਰੀ ਸੀ, ਫਿਰ ਕਈ ਸਾਲ ਸਕੂਲਾਂ ‘ਚ ਪੀਟੀ ਮਾਸਟਰ ਰਿਹਾ ਤੇ ਹੁਣ ਹਰਫ਼ਨ ਮੌਲਾ ਕਲਾਕਾਰ ਹੈ। ਕੱਚ ਦੀਆਂ ਰੰਗ ਬਰੰਗੀਆਂ ਟੁਕੜੀਆਂ ਨਾਲ ਕਲਾਤਮਿਕ ਚਿੱਤਰ ਚਿੱਤਰਨ ਵਾਲਾ। ਲਲਿਤ ਕਲਾ ਅਕੈਡਮੀ ਚੰਡੀਗੜ੍ਹ ਤੋਂ ਲੈ ਕੇ ਦਿੱਲੀ, ਟੋਰਾਂਟੋ ਤੇ ਨਿਊਯਾਰਕ ਦੇ ਨਾਮਵਰ ਕਲਾ ਕਦਰਦਾਨਾਂ ਵੱਲੋਂ ਉਸ ਨੂੰ ਅਨੇਕਾਂ ਐਵਾਰਡ ਮਿਲੇ ਹਨ। ਮੋਜ਼ੇਕ ਕਲਾ ਦੀ ਚੇਟਕ ਉਸ ਨੂੰ ਰੌਕ ਗਾਰਡਨ ਚੰਡੀਗੜ੍ਹ ਵਿਚ ਟੁੱਟੀਆਂ ਭੱਜੀਆਂ ਵਸਤਾਂ ਦੀ ਜੋੜਵੀਂ ਕਲਾ ਵੇਖ ਕੇ ਲੱਗੀ ਸੀ। ਉਹ ਤਨੋ ਮਨੋ ਨੇਕ ਚੰਦ ਨੂੰ ਆਪਣਾ ਉਸਤਾਦ ਮੰਨਦਾ ਹੈ।
ਦਰਸ਼ਕ ਹੈਰਾਨ ਹੁੰਦੇ ਹਨ ਕਿ ਉਹ ਰੰਗ ਬਰੰਗੇ ਕੱਚ ਦੇ ਟੁਕੜਿਆਂ ਨੂੰ ਕੱਟ ਤਰਾਸ਼ ਕੇ ਫਿਰ ਉਨ੍ਹਾਂ ਦੀਆਂ ਨਿੱਕੀਆਂ-ਨਿੱਕੀਆਂ ਟਿੱਕੀਆਂ ਤੇ ਕਣ ਬਣਾ ਕੇ ਚਿੱਤਰ ‘ਚ ਜੋੜ ਕਿਵੇਂ ਲੈਂਦੈ? ਕਿਵੇਂ ਉਹ ਬਾਬਾ ਫਰੀਦ ਦੇ ਦੁਆਵਾਂ ਮੰਗਦੇ ਹੱਥ ਬਣ ਜਾਂਦੀਆਂ ਨੇ, ਕਿਵੇਂ ਬੰਦਗੀ ਕਰਦੇ ਬਾਬਾ ਫਰੀਦ ਦਾ ਸਮੁੱਚਾ ਵਜੂਦ ਤੇ ਕਿਵੇਂ ਮਦਰ ਟੈਰੇਸਾ ਦਾ ਸੇਵਾ ਭਾਵੀ ਚਿਹਰਾ। ਕਿਵੇਂ ਕਰਤਾਰ ਸਿੰਘ ਸਰਾਭਾ ਤੇ ਹੱਥਕੜੀ ਲੱਗੇ ਭਗਤ ਸਿੰਘ ਦਾ ਹੂਬਹੂ ਸਰੂਪ। ਕਿਵੇਂ ਰੰਗੀਨ ਟੁਕੜੀਆਂ ਨਾਲ ਸਜਾਏ ਦਰਬਾਰ ਸਾਹਿਬ ਤੇ ਉਸ ਦੀ ਸੁਨਹਿਰੀ ਝਲਕ ਸਰੋਵਰ ਵਿਚ ਲਹਿਰਾਉਂਦੀ ਦੇ ਦਰਸ਼ਨ ਕਰਵਾ ਦਿੰਦਾ ਹੈ। ਕੱਚ ਦੀਆਂ ਟੁਕੜੀਆਂ ਵਿਚ ਦੀ ਸਰੋਵਰ ਦੇ ਪਾਣੀ ‘ਚ ਝਿਲਮਲਾਉਂਦੀ ਝਲਕ ਨੂੰ ਠੋਸ ਕਲਾਕ੍ਰਿਤੀ ਰਾਹੀਂ ਵਿਖਾਉਣਾ ਲਾਸਾਨੀ ਸਿਰਜਣਾ ਹੈ। ਦੋ ਚਾਰ ਦਿਨ ਨਹੀਂ, ਮਹੀਨੇ ਤੇ ਕਈ ਵਾਰ ਸਾਲ ਲੱਗ ਜਾਂਦੇ ਹਨ ਅਜਿਹੀ ਸਿਰਜਣਾ ਨੂੰ ਨੇਪਰੇ ਚਾੜ੍ਹਦਿਆਂ। ਅਜਿਹੀ ਕਲਾਕਾਰੀ ਦੀ ਕਦਰ ਮੁਜ਼ੇਕ ਕਲਾ ਦੇ ਜੌਹਰੀ ਹੀ ਪਾ ਸਕਦੇ ਹਨ।
ਬਲਦੇਵ ਸਿੰਘ ਦੀ ਹਰਜੀਤ ਸੰਧੂ ਬਾਰੇ ਲਿਖੀ ਪੁਸਤਕ ਮੋਮੀ ਕਾਗਜ਼ ਉਤੇ ਉਹਦੀਆਂ ਕਲਾ ਕਿਰਤਾਂ ਨਾਲ ਸ਼ਿੰਗਾਰੀ ਹੋਈ ਹੈ। ਲਿਖਿਆ ਹੈ ਕਿ ਬਚਪਨ ਤੋਂ ਹੀ ਹਰਜੀਤ ਦੇ ਹੱਥ ਕਦੇ ਨਿਚਲੇ ਨਹੀਂ ਰਹੇ। ਸ਼ਾਇਦ ਹੀ ਕੋਈ ਸ਼ਰਾਰਤ ਹੋਵੇ ਜਿਹੜੀ ਉਸ ਨੇ ਨਾ ਕੀਤੀ ਹੋਵੇ ਤੇ ਮਾਂ ਪਿਉ ਤੋਂ ਕੁੱਟ ਨਾ ਖਾਧੀ ਹੋਵੇ। ਕੌਡੀਆਂ ਬੰਟੇ ਖੇਡਣ, ਪਤੰਗਾਂ ਦੇ ਪੇਚੇ ਪਾਉਣ ਤੇ ਨੌਕਰ ਦੀ ਬੋਦੀ ਪੁੱਟਣ ਤਕ ਦੀਆਂ ਇੱਲਤਾਂ ਨਾ ਕੀਤੀਆਂ ਹੋਣ। ਪੇਂਟਿੰਗ ਤੇ ਕਲੇਅ ਮਾਡਲਿੰਗ ਤੋਂ ਲੈ ਕੇ ਸ਼ੀਸ਼ਾਕਾਰੀ ਤਕ ਸ਼ਾਇਦ ਹੀ ਕੋਈ ਕਲਾ ਹੋਵੇ ਜਿਸ ਨਾਲ ਉਹਦੇ ਪੋਟਿਆਂ ਨੇ ਪੰਗੇ ਨਾ ਲਏ ਹੋਣ। ਉਦੋਂ ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਦਸਵੀਂ ‘ਚੋਂ ਦੋ ਵਾਰ ਫੇਲ੍ਹ ਹੋਣ ਵਾਲਾ ਵਿਦਿਆਰਥੀ, ਛੱਪੜਾਂ ਦੀ ਚੀਕਣੀ ਮਿੱਟੀ ਨਾਲ ਬਲਦ ਘੋੜੇ ਬਣਾਉਂਦਾ, ਫਾਈਨ ਆਰਟਸ ਦੀ ਐੱਮਏ ਕਰੇਗਾ ਤੇ ਅੱਗੇ ਜਾ ਕੇ ઑਮੁਜ਼ੇਕ ਆਰਟ਼ ਵਿਚ ਅਜਿਹੀਆਂ ਕਲਾ-ਕ੍ਰਿਤਾਂ ਸਿਰਜੇਗਾ ਜਿਨ੍ਹਾਂ ਦਾ ਲੋਹਾ ਕੌਮਾਂਤਰੀ ਪੱਧਰ ਦੇ ਪਾਰਖੂ ਵੀ ਮੰਨਣਗੇ।
ਹਰਜੀਤ ਦਾ ਬਾਪ ਮੇਲਾ ਸਿੰਘ ਬੀਏ ਕਰਕੇ ਰੇਲਵੇ ਦਾ ਅਫ਼ਸਰ ਬਣ ਗਿਆ ਸੀ। ਦੇਸ਼ ਵੰਡ ਸਮੇਂ ਉਹ ਯੂਪੀ ਵਿਚ ਮੁਗ਼ਲ ਸਰਾਏ ਸਟੇਸ਼ਨ ਦਾ ਸਭ ਤੋਂ ਵੱਡਾ ਅਫ਼ਸਰ ਸੀ। ਉਥੇ ਬੰਗਲਾ ਤੇ ਨੌਕਰ ਮਿਲ ਗਏ ਸਨ। ਹਰਜੀਤ ਦਾ ਜਨਮ 7 ਜਨਵਰੀ 1949 ਨੂੰ ਮੋਗੇ ‘ਚ ਹੋਇਆ ਪਰ ਬਚਪਨ ਮੁਗ਼ਲ ਸਰਾਏ ਦੇ ਬੰਗਲੇ, ਵਧੀਆ ਸਕੂਲਾਂ ਤੇ ਗਰਾਊਂਡਾਂ ਵਿਚ ਖੇਡਦਿਆਂ ਬੀਤਿਆ। ਬਾਪ ਅਸੂਲਾਂ ਦਾ ਪੱਕਾ ਤੇ ਅਨੁਸਾਸ਼ਨ ਦਾ ਪਾਬੰਦ ਸੀ ਜਿਸ ਕਰਕੇ ਬੱਚਿਆਂ ਨੂੰ ਖਿੱਚ ਕੇ ਰੱਖਦਾ।
ਹਰਜੀਤ ਬਾਰਾਂ ਸਾਲਾਂ ਦਾ ਸੀ ਕਿ ਬਾਪ ਦਾ ਸਾਇਆ ਸਿਰ ਤੋਂ ਉਠ ਗਿਆ। ਵਿਧਵਾ ਮਾਂ ਪੰਜਾਂ ਬੱਚਿਆਂ ਨੂੰ ਲੈ ਕੇ ਮੋਗੇ ਬਿਰਧ ਬਾਪ ਦੇ ਬੂਹੇ ਆ ਬੈਠੀ। ਬਾਪ ਦੀਆਂ ਚਾਰ ਧੀਆਂ ‘ਚੋਂ ਦੋ ਵਿਧਵਾ ਹੋ ਚੁੱਕੀਆਂ ਸਨ। ਉਨ੍ਹਾਂ ਦੇ ਸਾਰੇ ਬੱਚੇ ਅਜੇ ਵਿਦਿਆਰਥੀ ਸਨ। ਪਰਿਵਾਰ ਦੀ ਆਮਦਨ ਕੋਈ ਨਹੀਂ ਸੀ। ਨਾਨੇ ਦੀ ਜ਼ਮੀਨ ਦੇ ਠੇਕੇ ਨਾਲ ਹੀ ਪਰਿਵਾਰ ਦੀ ਗੱਡੀ ਰਿੜ੍ਹਨੀ ਸ਼ੁਰੂ ਹੋਈ। ਹਰਜੀਤ ਨੂੰ ਮੋਗੇ ਦੇ ਆਰੀਆ ਸਕੂਲ ‘ਚ ਦਾਖਲ ਕਰਵਾਇਆ ਪਰ ਪੜ੍ਹਨ ਦੀ ਥਾਂ ਮਿੱਟੀ ਦੇ ਬਲਦ ਘੋੜੇ ਬਣਾਉਂਦਾ ਦਸਵੀਂ ‘ਚੋਂ ਦੋ ਵਾਰ ਫੇਲ੍ਹ ਹੋ ਗਿਆ।
ਹਾਰ ਕੇ ਹਰਜੀਤ ਨੂੰ ਮੋਗੇ ਦੀ ਨੈਸਲੇ ਡੇਅਰੀ ‘ਚ ਚਪੜਾਸੀ ਲੱਗਣਾ ਪਿਆ। ਜਦੋਂ ਚਾਰ ਪੈਸੇ ਜੁੜੇ ਤਾਂ ਮਿਸ਼ਨ ਸਕੂਲ ‘ਚ ਪੜ੍ਹਨ ਲੱਗ ਪਿਆ। ਸਕੂਲ ਵੱਲੋਂ ਉਹ ਪੰਜਾਬ ਪੱਧਰ ਦੀ ਫੁੱਟਬਾਲ ਖੇਡਿਆ ਤੇ ਡਰਾਇੰਗ ਦਾ ਸਭ ਤੋਂ ਵਧੀਆ ਵਿਦਿਆਰਥੀ ਸਾਬਤ ਹੋਇਆ। ਫਿਰ ਅਧਿਆਪਕਾਂ ਦੀ ਮਦਦ ਨਾਲ ਦਸਵੀਂ ਪਾਸ ਕਰ ਗਿਆ। ਮਾਸਟਰ ਨਿਰਮਲ ਸਿੰਘ ਗਿੱਲ ਨੇ ਉਸ ਨੂੰ ਬੀਐੱਡ ਕਾਲਜ ਦੇ ਆਰਟ ਪ੍ਰੋਫ਼ੈਸਰ ਰਾਠੌਰ ਦੇ ਲੜ ਲਾ ਦਿਤਾ। ਰਾਠੌੜ ਦੀ ਸੰਗਤ ਵਿਚ ਹਰਜੀਤ ਦੀ ਪ੍ਰਤਿਭਾ ਨੂੰ ਸਹੀ ਸੇਧ ਮਿਲ ਗਈ। ਉਹ ਕਿਸੇ ਆਰਟ ਕਾਲਜ ਵਿਚ ਦਾਖਲਾ ਲੈਣਾ ਚਾਹੁੰਦਾ ਸੀ ਪਰ ਰੁਜ਼ਗਾਰ ਲਈ ਪਟਿਆਲੇ ਦੇ ਸਰੀਰਕ ਸਿੱਖਿਆ ਕਾਲਜ ਵਿਚ ਜਾ ਦਾਖਲ ਹੋਇਆ।
ਫਿਰ ਰੁਜ਼ਗਾਰ ਦਫਤਰਾਂ ਦੇ ਧੱਕੇ ਖਾਂਦਾ ਕਦੇ ਕਿਸੇ ਸਕੂਲ ‘ਚ ਪੀਟੀ ਲੱਗਦਾ, ਕਦੇ ਕਿਸੇ ‘ਚ। ਉਹ ਜਿਸ ਸਕੂਲ ਵਿਚ ਵੀ ਪੀਟੀ ਲੱਗਦਾ ਉਹਦੀਆਂ ਟੀਮਾਂ ਜਿੱਤਣ ਲੱਗਦੀਆਂ। ਅੱਜ ਵੀ ਉਹਦੇ ਸਮਕਾਲੀ ਦੱਸਦੇ ਹਨ, ਹਰਜੀਤ ਬਣਨਾ ਬਹੁਤ ਔਖਾ ਹੈ। ਉਹ ਤਾਂ ਦੂਸਰੇ ਅਧਿਆਪਕਾਂ ਦੇ ਖਾਲੀ ਪੀਰੀਅਡਾਂ ਵਿਚ ਵੀ ਕਲਾਸਾਂ ਲੈਣ ਜਾ ਵੜਦਾ। ਬੱਚਿਆਂ ਨੂੰ ਗਰਾਊਂਡ ਵਿਚ ਲੈ ਜਾਂਦਾ। ਕਦੇ ਗਿੱਲੀ ਮਿੱਟੀ ਨਾਲ ਜਾਨਵਰ ਬਣਾਉਣੇ ਸਿਖਾਉਂਦਾ, ਕਦੇ ਪੇਂਟਿੰਗ ਸਿਖਾਉਂਦਾ, ਕਦੇ ਲੱਕੜ ਤਰਾਸ਼ੀ। ਉਹ ਛੁੱਟੀ ਵਾਲੇ ਦਿਨ ਵੀ ਬੱਚਿਆਂ ਨੂੰ ਸਕੂਲ ‘ਚ ਬੁਲਾ ਲੈਂਦਾ ਤੇ ਮੋਗਿਓਂ ਸਵੇਰੇ ਹੀ ਸਾਈਕਲ ‘ਤੇ ਨਿਕਲ ਜਾਂਦਾ। ਕਦੇ ਡਾਲੇ, ਕਦੇ ਮਹਿਣੇ, ਕਦੇ ਘੱਲ ਕਲਾਂ, ਕਦੇ ਦੀਨਾ ਸਾਹਿਬ, ਕਦ ਕਿਤੇ ਹੋਰ…।
ਪੀਟੀ ਹੁੰਦਿਆਂ ਉਸ ਨੇ ਪ੍ਰਾਈਵੇਟ ਬੀਏ ਕਰ ਲਈ। ਫਿਰ ਸਕੂਲੋਂ ਛੁੱਟੀ ਲੈ ਕੇ ਹੁਸ਼ਿਆਰਪੁਰ ਦੇ ਸਰਕਾਰੀ ਕਾਲਜ ਤੋਂ ਫਾਈਨ ਆਰਟਸ ਦੀ ਐਮਏ ਕੀਤੀ। 1983 ਵਿਚ ਉਸ ਨੂੰ ਸਟੇਟ ਪੱਧਰ ਦਾ ਕਲਾ ਅਵਾਰਡ ਮਿਲਿਆ। ਪੰਜਾਬ ਦੇ ਗਵਰਨਰ ਨੇ ਉਚੇਚਾ ਪਰਸ਼ੰਸਾ ਪੱਤਰ ਦਿੱਤਾ। ਬਾਬਾ ਫਰੀਦ ਮੇਲੇ ਵਿਚ ਡੀਸੀ ਫਰੀਦਕੋਟ ਨੇ ਤੇ ਢੁੱਡੀਕੇ ਦੇ ਲਾਜਪਤ ਰਾਏ ਮੇਲੇ ਵਿਚ ਮੁੱਖ ਸਕੱਤਰ ਨੇ ਐਵਾਰਡ ਦਿੱਤੇ। ਫਿਰ ਉਹ ਆਪਣੀ ਭੈਣ ਕੋਲ ਨਿਊਯਾਰਕ ਚਲਾ ਗਿਆ। ਉਥੇ ਸਾਈਨ ਬੋਰਡ ਲਿਖਣ ਦੀ ਮਜ਼ਦੂਰੀ ਕਰਦਾ ਰਿਹਾ। ਆਖ਼ਰ 2010 ਤੋਂ ਉਹਦੀ ਮੋਜ਼ੇਕੀ ਦਾ ਮੁੱਲ ਪੈਣ ਲੱਗਾ।
ਉਸ ਨੇ ਕੱਚ ਦੀਆਂ ਬਰੀਕ ਟੁੱਕੜੀਆਂ ਜੋੜ ਕੇ ਬਾਬਾ ਫਰੀਦ ਦਾ ਚਿੱਤਰ ਬਣਾਇਆ ਜਿਸ ਵਿਚ ਚਿਹਰੇ ਦੀ ਰੂਹਾਨੀਅਤ ਉਜਾਗਰ ਕੀਤੀ। ਮੋਜ਼ੇਕ ਸ਼ੈਲੀ ਵਿਚ ઑਆਸਕਰ ਅਵਾਰਡ਼ ਦੇ ਘੁੰਮਦੇ ਹੋਣ ਦਾ ਪ੍ਰਭਾਵ ਪ੍ਰਵੀਨਤਾ ਨਾਲ ਸਿਰਜਿਆ। ਹਰਿਮੰਦਰ ਸਾਹਿਬ ਦਾ ਚਿੱਤਰ ਇਕ ਸਾਲ ਦੀ ਮਿਹਨਤ ਨਾਲ ਤਿਆਰ ਕੀਤਾ। ਉਸ ਵਿਚ ਦਰਬਾਰ ਸਾਹਿਬ ਦਾ ਸਰੋਵਰ ‘ਤੇ ਝਿਲਮਿਲਾਉਂਦਾ ਅਕਸ ਚਮਤਕਾਰੀ ਮਹਿਸੂਸ ਹੁੰਦਾ ਹੈ। ਕਲਾਵਾਂ ਦੀ ਪਾਰਖੂ ਮੋਨਿਕਾ ਨੇ ਨਾਰਥ ਅਮੈਰੀਕਨ ਸਿੱਖ ਰੀਵਿਊ ਵਿਚ ਲਿਖਿਆ, ”ਹਰਜੀਤ ਦਾ ਆਰਟ ਵਰਕ ਆਪਣੇ ਮੂੰਹੋਂ ਬੋਲਦਾ ਹੈ ਜੋ ਉਹਦੇ ਸਬਰ ਸੰਤੋਖ, ਸਖ਼ਤ ਮਿਹਨਤ, ਸਿਰੜ, ਦ੍ਰਿੜਤਾ ਤੇ ਤਿਆਗ ਦੀ ਗਵਾਹੀ ਦਿੰਦਾ ਹੈ।”
ਡਾ. ਸਰੋਦ ਰਾਣੀ ਨੇ ਲਿਖਿਆ, ”ਹਰਜੀਤ ਮਿੱਟੀ, ਲੱਕੜ, ਕੱਚ ਤੇ ਪੱਥਰਾਂ ਨਾਲ ਆਪਣੀ ਪਿਛਲੇ ਜਨਮ ਦੀ ਸਾਂਝ ਦੱਸਦਾ ਹੈ। ਉਹ ਮਿੱਟੀ ਵਿਚ ਸਿਰਜੇ ਚਿਹਰੇ ਤੇ ਪੰਜਾਂ ਇੰਦਰੀਆਂ ਦਾ ਮੇਲ ਇੰਜ ਮੇਲਦਾ ਹੈ ਜਿਵੇਂ ਖ਼ਾਸ ਮਿੱਟੀ, ਖ਼ਾਸ ਆਦਮੀ ਦੇ ਚਰਿਤਰ ਲਈ ਹੀ ਬਣੀ ਹੋਵੇ। ਹਰਜੀਤ ਟੋਭਿਆਂ ਦੀ ਮਿੱਟੀ ਨੂੰ ਸਾਕਾਰ ਰੂਪ ਦੇਣ ਵਾਲਾ ਕਲਾਕਾਰ ਹੈ।”ਉਸ ਦੇ ਆਰਟ ਗੁਰੂ ਪ੍ਰੋ. ਰਾਠੌਰ ਜੋ ਪੈਂਸਲ ਵਰਕ, ਵਾਟਰ-ਕਲਰ, ਆਇਲ ਕਲਰ ਤੇ ਬੁੱਤ ਤਰਾਸ਼ੀ ‘ਚ ਮਾਹਿਰ ਸਨ ਨੇ ਹਰਜੀਤ ਨੂੰ ਐਸਾ ਚੰਡਿਆ ਸੀ ਕਿ ਫਿਰ ਉਸ ਨੇ ਪਿੱਛੇ ਮੁੜ ਕੇ ਨਾ ਵੇਖਿਆ। ਹਰਜੀਤ ਆਪਣੀ ਮਿਹਨਤ ਤੇ ਲਗਨ ਬਾਰੇ ਦੱਸਦਾ ਹੈ, ”ਇਕ ਵਾਰ ਮੈਂ ਰਾਠੌਰ ਸਾਬ੍ਹ ਕੋਲ ਬੈਠਾ ਸ਼ਹੀਦ ਭਗਤ ਸਿੰਘ ਦਾ ਬੁੱਤ ਬਣਾ ਰਿਹਾ ਸਾਂ। ਮੈਂ ਆਪਣੇ ਕੰਮ ‘ਚ ਏਨਾ ਮਗਨ ਸਾਂ ਕਿ ਪਤਾ ਹੀ ਨਾ ਲੱਗਾ, ਕਿੰਨੇ ਘੰਟੇ ਪੈਰਾਂ ਭਾਰ ਬੈਠਾ ਆਪਣੀ ਧੁਨ ਵਿਚ ਲੱਗਾ ਰਿਹਾ? ਜਦੋਂ ਸ਼ਾਮ ਨੂੰ ਕੰਮ ਮੁਕਾ ਕੇ ਉੱਠਣ ਲੱਗਾ ਤਾਂ ਧੜੰਮ ਕਰ ਕੇ ਪਿੱਠ ਪਰਨੇ ਡਿੱਗ ਪਿਆ। ਪੈਰਾਂ ਨੇ ਭਾਰ ਨਾ ਝੱਲਿਆ। ਪੈਰ ਸੁੰਨ ਹੋਏ ਪਏ ਸਨ। ਖੜਕਾ ਸੁਣ ਕੇ ਗੁਰੂ ਰਾਠੌਰ ਜੀ ਭੱਜੇ ਆਏ ਤੇ ਮੈਨੂੰ ਡਿੱਗੇ ਨੂੰ ਚੁੱਕਿਆ।”
ਹਰਜੀਤ ਸੰਧੂ ਨੇ ਬਾਬਾ ਫਰੀਦ ਤੋਂ ਲੈ ਕੇ ਦਰਬਾਰ ਸਾਹਿਬ, ਮਦਰ ਟਰੇਸਾ, ਬਰਾਕ ਓਬਾਮਾ, ਔਸਕਰ ਐਵਾਰਡ, ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਸ਼ਹੀਦ ਭਗਤ ਸਿੰਘ ਆਦਿ ਦੇ ਦਰਜਨ ਕੁ ਮੋਜ਼ੇਕ ਸਿਰਜੇ ਹਨ ਅਤੇ ਮਿੱਟੀ ਤੇ ਲੱਕੜ ਦੀਆਂ ਵੀ ਕਈ ਕਲਾ ਕ੍ਰਿਤਾਂ ਸਾਜੀਆਂ ਹਨ। ਉਹਦੀ ਕਲਾ ਦਾ ਸਿਰੜੀ ਸਫ਼ਰ ਜਾਰੀ ਹੈ ਜੋ ਅੰਤਲੇ ਦਮ ਤਕ ਜਾਰੀ ਰਹੇਗਾ। ਕਿਸੇ ਕਵੀ ਦੀਆਂ ਸਤਰਾਂ ਹਨ:
ਜਦੋਂ ਵਾਰੀ ਆਈ ਤਾਂ ਜਹਾਨ ਛੱਡ ਜਾ
ਪਿੱਛੇ ਪਰ ਪੈੜਾਂ ਦੇ ਨਿਸ਼ਾਨ ਛੱਡ ਜਾ
ਲੱਖਾਂ ਆਏ ਮੇਲਿਆਂ ‘ਚ ਗੁੰਮ ਹੋ ਗਏ
ਵੱਖਰੀ ਕੋਈ ਆਪਣੀ ਪਛਾਣ ਛੱਡ ਜਾ
Email: [email protected]