Breaking News
Home / ਰੈਗੂਲਰ ਕਾਲਮ / ਸੁਚੱਜੇ ਜੀਵਨ ਦੀ ਟਕਸਾਲ

ਸੁਚੱਜੇ ਜੀਵਨ ਦੀ ਟਕਸਾਲ

ਜਰਨੈਲ ਸਿੰਘ
(ਕਿਸ਼ਤ ਛੇਵੀਂ)
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
”ਭਾਅ ਤਾਂ ਘਟਾ ਦਊਂਗਾ, ਲੈਣਾ ਕਿੰਨਾ ਆਂ?” ਸੱਤੀ ਬੋਲਿਆ।
”ਇਕ ਪਾਈਆ”। ਉਸੇ ਤਰ੍ਹਾਂ ਪਿੱਛੇ ਖਲੋਤਿਆਂ ਰਾਮ ਦਿੱਤੇ ਨੇ ਬਦਲਾਈ ਹੋਈ ਆਵਾਜ਼ ‘ਚ ਆਖਿਆ।
”ਸੁੰਘਣਾਂ ਆਂ”। ਸੱਤੀ ਨੇ ਟਾਂਚ ਕੀਤੀ।
”ਮੀਟ ਨਹੀਂ ਲੈਣਾ, ਮੈਂ ਤਾਂ ਤੇਰੇ ਗਿੱਟੇ ਝਾੜਨੇ ਆਂ।”ਆਖਦਿਆਂ ਰਾਮ ਦਿੱਤੇ ਨੇ ਪੈਂਦੀ ਸੱਟੇ ਡਾਂਗ ਸੱਤੀ ਦੇ ਗਿੱਟਿਆਂ ‘ਤੇ ਜੜ ਦਿੱਤੀ ਤੇ ਕ੍ਰੋਧ ‘ਚ ਭੁੱਜਦਾ ਕੜਕਿਆ, ”ਉਏ ਕੁੱਤਿਆ! ਸਾਡੇ ਖ਼ਾਨਦਾਨ ਦੀ ਇੱਜਤ ਤੂੰ ਖੇਹ ‘ਚ ਰੋਲ਼ ਦਿੱਤੀ। ਅਸੀਂ ਸ਼ਰਾਬ-ਮੀਟ ਆਲ਼ਿਆਂ ਦੇ ਕੋਲ਼ ਦੀ ਨਾ ਲੰਘੀਏ ਤੇ ਤੂੰ ਐਹ ਕੁਕਰਮ ਕਰਨ ਡਿਹੈਂ। ਡੁੱਬ ਕੇ ਮਰਜਾ ਕੁੜੀ ਯ੍ਹਾਵਿਆ।” ਪਿਉ ਦੀ ਅਸਲ ਆਵਾਜ਼ ਸੁਣ ਕੇ ਸੱਤੀ ਨੇ ਪਰਾਤ ਥਾਏਂ ਸੁੱਟ ਦਿੱਤੀ ਤੇ ਪਿਛਾਂਹ ਮੁੜ ਕੇ ਹੱਥ ਜੋੜਦਾ ਬੋਲਿਆ, ”ਭਾਪਾ, ਗਲਤੀ ਹੋ ਗਈ ਮਾਫ਼ ਕਰ ਦੇ।”
ਪਰ ਜਦੋਂ ਪਿਉ ਦੀ ਡਾਂਗ ਤੇ ਗਾਲਾਂ ਨਾ ਰੁਕੀਆਂ ਤਾਂ ਸੱਤੀ ਨੱਸ ਪਿਆ। ਮੂਹਰੇ-ਮੂਹਰੇ ਪੁੱਤ ਤੇ ਪਿੱਛੇ-ਪਿੱਛੇ ਡਾਂਗ ਉਲਾਰਦਾ ਪਿਉ। ਸੱਤੀ ਅੰਦਰ ਜਿਵੇਂ ਉਸਦੀ ਲਾਟ ਸਾਬ੍ਹ ਵਾਲ਼ੀ ਆਕੜ ਉੱਭਰ ਪਈ ਹੋਵੇ, ਨਾਲ਼ੇ ਦੌੜਾ ਜਾਏ ਤੇ ਨਾਲ਼ੇ ਆਖੀ ਜਾਏ, ”ਓਏ ਭਾਪਾ! ਮੈਂ ਘੋੜਿਆਂ ਨੂੰ ਡਾਹ ਨਾ ਦੇਵਾਂ, ਤੂੰ ਕਿੱਦਾਂ ਫੜ ਲਊਂਗਾ ਮੈਨੂੰ…।”
ਇਸ ਤਰ੍ਹਾਂ ਦੀਆਂ ਘਟਨਾਵਾਂ ਪਿੰਡ ਦੇ ਲੋਕਾਂ ਲਈ ਹਾਸੇ-ਠੱਠੇ ਦਾ ਮਸਾਲਾ ਬਣਦੀਆਂ ਰਹਿੰਦੀਆਂ ਸਨ।
ਬਰਸਾਤਾਂ ਦੀਆਂ ਲੰਮੀਆਂ ਛੁੱਟੀਆਂ ਦੌਰਾਨ ਮੈਂ ਡੰਗਰ ਚਾਰਦਾ ਹੁੰਦਾ ਸੀ। ਨਸਰਾਲਾ ਚੋਅ ਦੀ ਮਾਰ ਹੇਠ ਆਈ, ਸਾਡੇ ਪਿੰਡ ਦੀ ਲਹਿੰਦੇ ਪਾਸੇ ਦੀ ਕਾਫ਼ੀ ਜ਼ਮੀਨ ਖੇਤੀ ਦੇ ਯੋਗ ਨਹੀਂ ਸੀ ਰਹੀ। ਘਾਹ ਤੇ ਕਾਹੀ ਵਾਲ਼ੀ ਉਹ ਬੰਜਰ ਜ਼ਮੀਨ ਚਰਾਂਦ ਬਣ ਗਈ ਸੀ। ਅਸੀਂ ਹਾਣੀ ਮੁੰਡੇ ਡੰਗਰਾਂ ਦੀਆਂ ਮੋੜੀਆਂ ਕਰਨ ਲਈ ਵਾਰੀਆਂ ਪਾ ਲੈਂਦੇ। ਵਾਰੀ ਸਿਰ ਦੋ ਜਣਿਆਂ ਨੇ ਡੰਗਰ ਸਾਂਭੀ ਰੱਖਣੇ ਤੇ ਬਾਕੀਆਂ ਨੇ ਗੁੱਲੀ-ਡੰਡਾ, ਖਿੱਦੋ-ਖੂੰਡੀ, ਜੰਘ-ਪਲੰਘਾ, ਪਿੱਠੂ ਕਾਇਮ ਆਦਿ ਖੇਡਾਂ ਦੇ ਮਜ਼ੇ ਮਾਰਨੇ। ਜਦੋਂ ਚੋਅ ‘ਚ ਹੜ ਆਉਂਦਾ ਤਾਂ ਕਿਨਾਰਿਆਂ ‘ਤੇ ਖੜ੍ਹ ਕੇ ਪਾਣੀ ਦੀਆਂ ਉੱਚੀਆਂ-ਉੱਚੀਆਂ ਛੱਲਾਂ ਨੂੰ ਦੇਖਣ ਲੱਗ ਜਾਂਦੇ।
ਕਣਕਾਂ ਦੀ ਵਾਢੀ ਦੇ ਦਿਨੀਂ ਸਕੂਲਾਂ ‘ਚ ਛੁੱਟੀਆਂ ਹੋਣ ਕਰਕੇ ਘਰਦਿਆਂ ਨੇ ਲਾਹਾ ਲੈਣਾ ਹੀ ਹੁੰਦਾ ਸੀ। ਚਾਰ ਜੀਅ ਅਸੀਂ ਘਰ ਦੇ ਸਾਂ। ਦੋ-ਤਿੰਨ ਲਾਵੇ ਲਾ ਲੈਂਦੇ। ਸਵੇਰ ਤੋਂ ਸ਼ਾਮ ਤੱਕ ਅਸੀਂ ਪਰਾਤਾਂ ਧਰ-ਧਰ ਕਣਕ ਵੱਢਦੇ। ਬੀਬੀ ਅਤੇ ਭੈਣ ਦੀਸ਼ੋ ਸਾਡੇ ਲਈ ਛਾਹ ਵੇਲਾ ਲੈ ਕੇ ਆਉਂਦੀਆਂ। ਦਹੀਂ, ਮੱਖਣ ਤੇ ਅੰਬ ਦੇ ਅਚਾਰ ਨਾਲ਼ ਰੋਟੀ ਬੜੀ ਸੁਆਦ ਲਗਦੀ। ਲੱਸੀ ਦਾ ਵੱਡਾ ਸਾਰਾ ਗੜਵਾ ਕਦੋਂ ਖਾਲੀ ਹੋ ਜਾਂਦਾ, ਪਤਾ ਹੀ ਨਾ ਲਗਦਾ। ਦੁਪਹਿਰ ਦੀ ਰੋਟੀ ਅਸੀਂ ਖੂਹ ਦੇ ਅਹਾਤੇ ਵਿਚ ਅੰਬ-ਜਾਮਣ ਦੀ ਛਾਂ ‘ਚ ਬੈਠ ਕੇ ਖਾਂਦੇ ਤੇ ਘੜੀ ਆਰਾਮ ਵੀ ਕਰ ਲੈਂਦੇ। ਰਾਤ ਦੀ ਰੋਟੀ ਨਾਲ਼ ਰੋਜ਼ ਘਿਉ-ਸ਼ੱਕਰ ਮਿਲ਼ਦਾ। ਮਿੱਠੀਆਂ ਚੀਜਾਂ ਫੇਰੀ ਵਾਲ਼ਿਆਂ ਤੋਂ ਵੀ ਮਿਲ ਜਾਂਦੀਆਂ ਸਨ। ਖੇਤੋ-ਖੇਤ ਘੁੰਮਦੇ ਉਹ ਸ਼ਤੂਤ, ਬੇਰ, ਗੁੜ ਦੀਆਂ ਰਿਉੜੀਆਂ, ਮਰੂੰਡਾ ਆਦਿ ਕਣਕ ਦੀ ਸੱਥਰੀ ਵੱਟੇ ਦੇ ਜਾਂਦੇ। ਝਿਉਰ ਬਤਨਾ ਤੇ ਈਸਰੀ ਘੜੇ ਦਾ ਠੰਢਾ ਪਾਣੀ ਵਰਤਾਉਂਦੇ। ਮਰਾਸੀ ਤੇ ਦੂਜੇ ਲਾਗੀ ਕਣਕ ਦੀ ਸੱਥਰੀ ਲੈ ਕੇ, ”ਜੜ੍ਹ ਹਰੀ, ਕਮਾਈਆਂ ‘ਚ ਬਰਕਤਾਂ” ਦੁਆਵਾਂ ਦਿੰਦੇ ਹੋਏ ਅਗਲੀਆਂ ਪੈਲੀਆਂ ਵੱਲ ਟੁਰ ਜਾਂਦੇ… ਸਾਰਾ ਦਿਨ ਖੇਤਾਂ ‘ਚ ਰੌਣਕ ਲੱਗੀ ਰਹਿੰਦੀ।
ਤ੍ਰਿਕਾਲਾਂ ਨੂੰ ਬਾਪੂ ਜੀ ਤੇ ਦੋਵੇਂ ਭਰਾ ਡੰਗਰਾਂ ਲਈ ਪੱਠੇ-ਦਥੇ ਦੇ ਕੰਮ ‘ਚ ਲੱਗ ਜਾਂਦੇ। ਮੈਂ ਜਿਉਣ ਲੁਹਾਰ ਦੇ ਕਰਖਾਨੇ ਚਲਾ ਜਾਂਦਾ, ਦਾਤਰੀਆਂ ਦੇ ਦੰਦੇ ਕਢਵਾਉਣ। ਜਿਉਣ ਕੋਲ਼ ਕਈ ਘਰਾਂ ਦੀ ਸੇਪੀ ਸੀ। ਕਿਸਾਨ ਸ਼ਾਮ ਨੂੰ ਦਾਤਰੀਆਂ ਰੱਖ ਜਾਂਦੇ ਤੇ ਅਗਲੀ ਸਵੇਰ ਚੁੱਕ ਲੈਂਦੇ। ਅੱਧਖੜ ਉਮਰ ਦਾ ਜਿਉਣ ਸਾਰੀ-ਸਾਰੀ ਰਾਤ ਦੰਦੇ ਕੱਢਦਾ ਰਹਿੰਦਾ। ਘਰ ਵਾਲ਼ੀ ਦੀ ਮੌਤ ਹੋ ਗਈ ਸੀ। ਬੱਚਾ ਕੋਈ ਹੈ ਨਹੀਂ ਸੀ। ਉਸਦਾ ਭਤੀਜਾ ਮੱਦਦ ਕਰਵਾ ਦਿੰਦਾ। ਪਰ ਉਹ ਨਿੱਠ ਕੇ ਕੰਮ ਨਹੀਂ ਸੀ ਕਰਦਾ। ਇਕ ਸ਼ਾਮ ਉਸ ਕੋਲ਼ ਬੈਠਿਆਂ ਮੈਂ ਜਾਂਚ ਸਿੱਖ ਲਈ ਤੇ ਉਸਦਾ ਹੱਥ ਵਟਾਉਣ ਲੱਗ ਪਿਆ।
ਇਕ ਦਿਨ ਦਾਤਰੀਆਂ ਰੱਖਣ ਆਏ ਲਾਭੇਕਿਆਂ ਦੇ ਨੱਥਾ ਸਿੰਘ ਨੇ ਮੇਰੇ ਵੱਲ ਇਸ਼ਾਰਾ ਕਰਦਿਆਂ ਟਕੋਰ ਲਾਈ, ”ਜਿਉਣਿਆਂ! ਐਹ ਸ਼ੁਹਰ ਜਿਹਾ ਲੁਹਾਰ ਕਿੱਥੋਂ ਲਿਆਂਦਾ?”
”ਇਹ ਵਲੈਤੋਂ ਮੰਗਾਇਆ।” ਜਿਉਣ ਨੇ ਮੁਸਕਰਾ ਕੇ ਦੱਸਿਆ।
”ਮੁੰਡੇ ਦੇ ਬਹਾਨੇ ਤੂੰ ਆਪ ਵਲੈਤ ਦੇ ਸੁਫ਼ਨੇ ਲੈ ਰਿਹਾਂ।”
”ਸੁਫ਼ਨੇ ਨਹੀਂ ਮੇਰੀ ਤਾਂ ਪੂਰੀ ਤਿਆਰੀ ਆ।”
”ਫਿਰ ਐਹ ਸਾਡਾ ਕੰਮ ਕੌਣ ਕਰੂ?”
”ਤੁਹਾਨੂੰ ਆਪਣੇ ਕੰਮ ਦੀ ਪਈਓ ਆ, ਮੈਨੂੰ ਮੇਮਾਂ ਦੀਆਂ ਚਿੱਠੀਆਂ ਆਈ ਜਾਂਦੀਆਂ।”
”ਹੇਖਾਂ, ਮੇਮਾਂ ਤਾਂ ਤੈਨੂੰ ਈ ਉਡੀਕਦੀਆਂ ਕਾਲ਼ੇ ਭੂੰਡ ਨੂੰ।”
ਜੀਉਣ ਆਪਣੇ ਆਪ ਨੂੰ ਕਿਸੇ ਨਾਲੋਂ ਘੱਟ ਨਹੀਂ ਸੀ ਸਮਝਦਾ। ਤਿੱਖੇ ਮਜ਼ਾਕ ਦੇ ਜਵਾਬ ਵਿਚ ਬਾਂਹ ਉਲਾਰਦਾ ਬੋਲਿਆ, ”ਨੱਥਾ ਸਿਆਂ ਅਗਲੀਆਂ ਰੰਗ ਨਈਂ ਤਾਕਤ ਦੇਖਦੀਆਂ ਆਂ।” ਲੋਹਾ-ਕੁੱਟ ਨੂੰ ਆਪਣੇ ਲੋਹੇ ਵਰਗੇ ਸਰੀਰ ‘ਤੇ ਮਾਣ ਸੀ।
ਜਿਉਣ ਦੀਆਂ ਗੱਲਾਂ ਵਿਚੋਂ ਉਸ ਅੰਦਰਲੀ ਲੋਚਾ ਵੀ ਜ਼ਾਹਰ ਹੋ ਰਹੀ ਸੀਂ ਸਾਥਣ ਦੀ ਲੋਚਾ।
ਦਿਨੇ ਕਣਕ ਵੱਢਣੀ ਤੇ ਰਾਤ ਨੂੰ ਦੰਦੇ ਕੱਢਣੇ, ਸੀ ਤਾਂ ਔਖਾ ਪਰ ਗੈਸ-ਲੈਂਪ ਦੀ ਚਿੱਟੀ ਰੌਸ਼ਨੀ ਵਿਚ ਉਹ ਨਵਾਂ ਕੰਮ ਮੇਰੇ ਲਈ ਦਿਲਚਸਪੀ ਵਾਲ਼ਾ ਸੀ। ਲੈਂਪ ਨੂੰ ਭੜਾਕਾ ਜਿਹਾ ਮਰਵਾ ਕੇ ਰੌਸ਼ਨੀ ਤੇਜ਼ ਕਰਦਿਆਂ, ਗੁਮਾਨ ਜਿਹੇ ਵਿਚ ਮੈਨੂੰ ਇੰਜ ਲੱਗਣਾ ਜਿਵੇਂ ਮੈਂ ਕੋਈ ਵੱਡਾ ਕਾਰੀਗਰ ਬਣ ਗਿਆ ਹੋਵਾਂ। ਟਿਕੀ ਰਾਤ ਜਿਉਣ ਸਾਡੇ ਖ਼ਾਨਦਾਨ ਦੀਆਂ ਗੱਲਾਂ ਛੇੜ ਲੈਂਦਾ, ”ਮੱਲਾ! ਤੂੰ ਤਾਂ ਐਨ੍ਹ ਦੀਵਾਨ ਸੁੰਹ ‘ਤੇ ਆਂ। ਉਹਦੇ ਵਾਂਗ ਸੰਗਾਊ ਪਰ ਪੂਰਾ ਘੋਖੀ”, ਦੰਦੇ ਕੱਢਣ ਵਾਲ਼ੀ ਰੇਤੀ ਨੂੰ ਇਕ ਪਾਸੇ ਰੱਖ ਕੇ, ਉਹ ਪੱਗ ਦੇ ਲੜ ਨਾਲ਼ ਮੱਥੇ ਦਾ ਪਸੀਨਾ ਪੂੰਝਦਾ ਤੇ ਮੇਰੇ ਬਾਬੇ ਦੇ ਛੋਟੇ ਭਰਾ ਦੀਵਾਨ ਸਿੰਘ ਬਾਰੇ ਦੱਸਣ ਲੱਗ ਪੈਂਦਾ, ”ਚੜ੍ਹਦੀ ਉਮਰੇ ਹੀ ਉਹ ਫੌਜ ‘ਚ ਚਲਾ ਗਿਆ। ਦੋ ਕੁ ਵਾਰ ਛੁੱਟੀ ਆਇਆ। ਬੜੀ ਹਲੀਮੀ ਤੇ ਮੋਹ ਨਾਲ਼ ਮਿਲਦਾ… ਤੇ ਫਿਰ ਪਤਾ ਨ੍ਹੀਂ ਕਿਹੜੀ ਮਿੱਟੀ ‘ਚ ਮਿੱਟੀ ਹੋ ਗਿਆ, ਉਹ ਭਲਾ ਬੰਦਾ।” ਜਿਉਣ ਅੰਦਰੋਂ ਇਕ ਲੰਮਾ ਹਉਕਾ ਨਿਕਲ ਜਾਂਦਾ।
ਉਸੇ ਜੰਗ ਦੀ ਭੇਟ ਚੜ੍ਹੇ ਆਪਣੇ ਇਕ ਰਿਸ਼ਤੇਦਾਰ ਬਾਰੇ ਦੱਸਦਿਆਂ ਬਾਬਾ ਜਿਉਣ ਆਖਦਾ, ”ਘਰਾਂ ਤੋਂ ਤਾਂ ਖੱਟੀ-ਕਮਾਈ ਕਰਨ ਗਏ ਸੀ ਪਰ ਮੂਹਰੇ ਚੰਦਰੀ ਮੌਤ ਖੜ੍ਹੀ ਸੀ। ਕਮਾਈਆਂ ਖਾਤਰ ਆਪਣੇ ਲੋਕ ਕਿਤੇ ਦੀ ਕਿਤੇ ਜਾ ਪਹੁੰਚਦੇ ਆ। ਤਖਾਣਾਂ ਦੇ ਗੰਡਾ ਸੁੰਹ ਤੇ ਨਿਧਾਨ ਸੁੰਹ ਹਬਸ਼ੀਆਂ ਦੇ ਮੁਲਕ ‘ਫਰੀਕਾ ਗਇਓ ਆ। ਤੇਰਾ ਬਾਬਾ ਪਹਿਲੀਆਂ ‘ਚ ਸਿੰਘਾਪੁਰ ਗਿਆ। ਫੇਰ ਕਿਸ਼ਨ ਸੁੰਹ, ਭਗਵਾਨ ਸੁੰਹ ਤੇ ਜੌੜਿਆਂ ਦਾ ਦੀਵਾਨ ਸੁੰਹ ਵੀ ਓਥੇ ਜਾ ਵੜੇ। ਹੁਣ ਵਲੈਤ ਖੁੱਲ੍ਹ ਗਈ ਆ। ਲੋਕੀਂ ਓਧਰ ਨੂੰ ਹੋ ਪਏ ਆ। ਆਪਣੇ ਬੰਦਿਆਂ ਨੂੰ ਟਿਕਾਅ ਨਹੀਂ। ਬਾਹਰਲੇ ਮੁਲਕਾਂ ਨੂੰ ਤਾਂ ਏਦਾਂ ਤੁਰ ਪੈਂਦੇ ਆ ਜਿੱਦਾਂ ਨਸਰਾਲੇ ਆਲ਼ਾ ਚੋਅ ਦੇਖਣ ਚੱਲੇ ਹੋਣ।”
ਬਾਬੇ ਜਿਉਣ ਦੀਆਂ ਗੱਲਾਂ ਤੇ ਦਾਤਰੀਆਂ ਦੇ ਦੰਦੇ ਕੱਢਣ ਦਾ ਸਿਲਸਿਲਾ ਚਲਦਾ ਰਹਿੰਦਾ। ਤਿੱਖੀਆਂ ਹੋਈਆਂ ਦਾਤਰੀਆਂ ਨਾਲ਼ ਕਿਸਾਨ ਤੇ ਖੇਤ-ਮਜ਼ਦੂਰ ਕਣਕਾਂ ਵੱਢ-ਵੱਢ ਭਰੀਆਂ ਬੰਨ੍ਹੀ ਜਾਂਦੇ।
ਵਾਢੀ ਦਾ ਕੰਮ ਮੁਕਾ ਕੇ ਅਸੀਂ ਸਾਰੇ ਖੇਤਾਂ ਦੀਆਂ ਭਰੀਆਂ ਗੱਡੇ ‘ਤੇ ਲੱਦ ਕੇ ਪਿੜ ਵਿਚ ਖਲ਼ੀਆਂ ਲਾ ਦੇਂਦੇ। ਪਿੜ ਬਣਾਉਣ ਵਾਸਤੇ ਢਾਈ-ਤਿੰਨ ਕਨਾਲ਼ ਥਾਂ ਸੁਆਗੇ ਨਾਲ਼ ਚੰਗੀ ਤਰ੍ਹਾਂ ਪੱਧਰਾ ਕਰਕੇ ਉਸਨੂੰ ਪਾਣੀ ਨਾਲ਼ ਭਰ ਦਿੱਤਾ ਜਾਂਦਾ। ਸੁੱਕਣ ਬਾਅਦ ਉਹ ਥਾਂ ਫਰਸ਼ ਵਾਂਗ ਪੱਕਾ ਹੋ ਜਾਂਦਾ। ਫਿਰ ਅਸੀਂ ਖਲ਼ੀਆਂ ਵਿਚੋਂ ਭਰੀਆਂ ਚੁੱਕ ਕੇ ਪਿੜ ਵਿਚ ਖਿਲਾਰਦੇ ਤੇ ਬਲਦਾਂ ਨੂੰ ਫਲ੍ਹੇ ਅੱਗੇ ਜੋਤ ਕੇ ਹਲਟ ਵਾਂਗ, ਗੋਲ ਦਾਇਰੇ ਵਿਚ ਘੁਮਾਉਣ ਲੱਗ ਜਾਂਦੇ। ਫਲ੍ਹੇ ਦੇ ਭਾਰ ਅਤੇ ਬਲਦਾਂ ਦੇ ਪੈਰਾਂ ਹੇਠ ਕਣਕ ਦਾ ਨਾੜ ਟੁੱਟਣ ਲੱਗ ਜਾਂਦਾ। ਗਾਹੀ ਜਾ ਰਹੀ ਕਣਕ ਨੂੰ ਪੈੜੀ ਆਖਦੇ ਸਨ। ਮੈਂ ਜਾਂ ਕੁਲਦੀਪ ਫਲ੍ਹਾ ਹਿੱਕਦੇ। ਬਾਪੂ ਜੀ ਤੇ ਬਖ਼ਸ਼ੀਸ਼ ਪਹਿਲਾਂ ਸਾਂਗੀ ਤੇ ਫਿਰ ਤੰਗਲ਼ੀ ਨਾਲ਼ ਪੈੜੀ ਕੁੰਡਦੇ। ਕੁੰਡਣ ਤੋਂ ਭਾਵ ਪੈੜੀ ਨੂੰ ਉੱਪਰੋਂ ਹੇਠਾਂ ਤੇ ਹੇਠੋਂ ਉੱਪਰ ਉਲੱਦਣਾ-ਹਿਲਾਉਣਾ ਹੁੰਦਾ ਸੀ। ਕੜਕਵੀਂ ਧੁੱਪ ਵਿਚ ਨਾੜ ਛੇਤੀ ਟੁੱਟਦਾ ਸੀ, ਜਿਸ ਕਰਕੇ ਗਰਮੀ ਤੋਂ ਟਾਲ਼ਾ ਨਹੀਂ ਸੀ ਵੱਟਿਆ ਜਾ ਸਕਦਾ। ਕਹਿਰ ਦੀ ਗਰਮੀ ਵਿਚ ਸਰੀਰ ‘ਚੋਂ ਪਸੀਨਾ ਚੋ ਰਿਹਾ ਹੋਣਾ ਤੇ ਕਣਕ ਦਾ ਨਾੜ ਅਤੇ ਛਿੱਟੇ ਲੱਤਾਂ ‘ਤੇ ਕੰਡਿਆਂ ਵਾਂਗ ਚੁੱਭਣੇ। ਪਰ ਉਨ੍ਹਾਂ ਔਖੇ-ਭਾਰੇ ਕੰਮਾਂ ਤੋਂ ਕਦੀ ਕੰਨੀਂ ਨਹੀਂ ਸੀ ਕਤਰਾਈ। ਗੱਲ ਸਿਰਫ਼ ਮੇਰੀ ਹੀ ਨਹੀਂ, ਪੰਜਾਬ ਦੇ ਆਮ ਮੁੰਡੇ ਮਾਪਿਆਂ ਦੇ ਕੰਮਾਂ ਵਿਚ ਹੱਥ ਵਟਉਂਦੇ ਸਨ।
ਜਦੋਂ ਪੈੜੀ ਪੂਰੀ ਤਰ੍ਹਾਂ ਬਾਰੀਕ ਹੋ ਜਾਂਦੀ ਤਾਂ ਇਕੱਠੀ ਕਰਕੇ ਪਿੜ ਵਿਚਕਾਰਲੀ ਖਾਲੀ ਥਾਂ ‘ਤੇ ਕੁੱਨੂੰ ਲਾ ਦਿੱਤਾ ਜਾਂਦਾ। ਗਹਾਈ ਤੋਂ ਬਾਅਦ ਤੂੜੀ ਅਤੇ ਦਾਣਿਆਂ ਨੂੰ ਅੱਡ-ਅੱਡ ਕਰਨ ਲਈ ਉਡਾਈ ਦਾ ਕੰਮ ਸ਼ੁਰੂ ਹੋ ਜਾਂਦਾ। ਡਾਢਾ ਕੱਠਿਨ ਉਹ ਕੰਮ ਖੇਤ-ਮਜ਼ਦੂਰ ਕਰਿਆ ਕਰਦੇ ਸਨ।
ਪਿੜ ਵਿਚ ਲੱਗਾ ਬੋਹਲ਼ ਦੇਖ ਕੇ ਸਾਨੂੰ ਤਿੰਨਾਂ ਭਰਾਵਾਂ ਨੂੰ ਚਾਅ ਚੜ੍ਹ ਜਾਂਦਾ। ਅਸੀਂ ਬੀਬੀ ਤੇ ਬਾਪੂ ਜੀ ਨੂੰ ਨਵੇਂ ਝੱਗੇ-ਪਜਾਮੇ ਲੈ ਕੇ ਦੇਣ ਲਈ ਆਖਦੇ। ”ਦੇਖਦੇ ਆਂ” ਉਨ੍ਹਾਂ ਦਾ ਢਿੱਲਾ ਜਿਹਾ ਜਵਾਬ ਸਾਨੂੰ ਚੰਗਾ ਨਾ ਲਗਦਾ। ਪਰ ਮਾਪਿਆਂ ਦੀ ਬੇਬਸੀ ਸੀ, ਸਮੁੱਚੀ ਕਿਸਾਨੀ ਦੀ ਬੇਬਸੀ। ਵੱਡੀਆਂ-ਛੋਟੀਆਂ ਕਈ ਜ਼ਰੂਰਤਾਂ ਪਹਿਲਾਂ ਹੀ ਮੂੰਹ ਅੱਡੀ ਖਲੋਤੀਆਂ ਹੁੰਦੀਆਂ। ਬੋਹਲ ਉਨ੍ਹਾਂ ਦੇ ਢਿੱਡੀਂ ਪੈ ਜਾਂਦਾ। ਨਵੇਂ ਝੱਗੇ-ਪਜਾਮੇ ਤਾਂ ਕਦੀ-ਕਦੀ ਹੀ ਜੁੜਦੇ ਸਨ ਪਰ ਘਰ ਵਿਚ ਦੁੱਧ-ਘਿਉ ਦੀ ਕਮੀ ਨਹੀਂ ਸੀ। ਦੋ ਮੱਝਾਂ ਤਾਂ ਹਮੇਸ਼ਾਂ ਹੀ ਹੁੰਦੀਆਂ, ਕਦੀ ਤਿੰਨ ਵੀ ਹੋ ਜਾਂਦੀਆਂ।
ਬਾਪੂ ਜੀ ਨੇ ਸਾਨੂੰ ਤਿੰਨਾਂ ਭਰਾਵਾਂ ਨੂੰ ਸਵੇਰੇ ਕਸਰਤ ਕਰਨ ਲਾ ਦਿੱਤਾ ਸੀ। ਮੈਂ ਤਾਂ ਏਅਰ ਫੋਰਸ ਵਿਚ ਭਰਤੀ ਹੋ ਗਿਆ, ਦੋਨਾਂ ਭਰਾਵਾਂ ਨੇ ਡੰਡ-ਬੈਠਕਾਂ ਕੱਢਣ ਦਾ ਪੱਕਾ ਨੇਮ ਬਣਾ ਲਿਆ। ਖ਼ੁਰਾਕ ਦੇ ਮਾਮਲੇ ਵਿਚ ਬੀਬੀ ਦਾ ਹੱਥ ਖੁੱਲ੍ਹਾ ਸੀ। ਉਦੋਂ ਪਿੰਡਾਂ ਦੇ ਕੁਝ ਗੱਭਰੂ ਪੱਥਰ (ਮੁਗਦਰ) ਚੁੱਕਿਆ ਕਰਦੇ ਸਨ। ਸਾਡਾ ਮਾਮਾ ਵੀ ਜਵਾਨੀ ‘ਚ ਚੁੱਕਦਾ ਰਿਹਾ ਸੀ। ਮਾਮੇ ਦਾ ਕੱਦ ਸਵਾ ਛੇ ਫੁੱਟ ਤੇ ਸਰੀਰ ਲੋਹੇ ਵਰਗਾ ਸੀ।
ਮਾਮੇ ਤੋਂ ਪ੍ਰੇਰਿਤ ਹੋ ਕੇ ਬਖ਼ਸ਼ੀਸ਼ ਵੀ ਕਿਤਿਉਂ ਪੱਥਰ ਲੈ ਆਇਆ। ਉਸ ਪੱਥਰ ਦਾ ਵਜ਼ਨ ਪੌਣੇ ਚਾਰ ਮਣ (ਤਕਰੀਬਨ ਇਕ ਕੁਇੰਟਲ 35 ਕਿੱਲੋ) ਸੀ। ਉਹ ਪੱਥਰ ਬਖ਼ਸ਼ੀਸ਼ ਤੋਂ ਇਲਾਵਾ ਕਡਿਆਣਾ ਪਿੰਡ ਦਾ ਮਿੰਦਰ ਹੀ ਚੁੱਕ ਸਕਿਆ। ਮਾਮਾ ਚਾਹੁੰਦਾ ਸੀ ਕਿ ਬਖ਼ਸ਼ੀਸ਼ ਹੋਰ ਵੱਡੇ ਪੱਥਰ ‘ਤੇ ਕੋਸ਼ਿਸ਼ ਕਰੇ ਪਰ ਉਹ ਡਰਾਇਵਰੀ ਸਿੱਖਣ ਤਾਇਆ ਜੀ ਅਮਰ ਸਿੰਘ ਕੋਲ ਪਟਨਾ ਸਾਹਿਬ ਚਲਾ ਗਿਆ।
ਕੁਲਦੀਪ ਨੇ ਜਵਾਨ ਹੋ ਕੇ ਬਖ਼ਸ਼ੀਸ਼ ਵਾਲ਼ੇ ਪੱਥਰ ‘ਤੇ ਪ੍ਰੈਕਟਿਸ ਸ਼ੁਰੂ ਕਰ ਦਿੱਤੀ। ਉਸ ‘ਤੇ ਕਾਮਯਾਬ ਹੋ ਕੇ ਉਸ ਨੇ ਪੱਥਰ ਨਾਲ਼ ਥੋੜ੍ਹਾ ਕੁ ਭਾਰ ਹੋਰ ਬੰਨ੍ਹ ਲਿਆ ਤੇ ਫਿਰ ਥੋੜ੍ਹਾ-ਥੋੜ੍ਹਾ ਵਧਾ ਕੇ 5 ਮਣ 10 ਸੇਰ (ਤਕਰੀਬਨ ਇਕ ਕੁਇੰਟਲ 90 ਕਿੱਲੋ) ਕਰ ਲਿਆ। ਮਾਮੇ ਵਾਲ਼ੇ ਪੱਥਰ ਦੇ ਬਰਾਬਰ ਵਜ਼ਨ ਸੀ ਇਹ।
ਮਾਮੇ ਲਈ ਇਹ ਵੱਡੀ ਖੁਸ਼ੀ ਵਾਲ਼ੀ ਗੱਲ਼ ਸੀ। ਉਹ ਕੁਲਦੀਪ ਲਈ ਘਿਉ ਲੈ ਕੇ ਆਇਆ। ਉਹ ਮਾਣ ਨਾਲ਼ ਕਿਹਾ ਕਰਦਾ ਸੀ, ”ਮੇਰਾ ਪੱਥਰ ਸਾਡੇ ਪਿੰਡ ਦੇ ਬਖਸ਼ੇ ਤੋਂ ਬਿਨਾਂ ਕਿਸੇ ਹੋਰ ਤੋਂ ਨਹੀਂ ਸੀ ਚੁੱਕ ਹੋਇਆ। ਹੁਣ ਮੇਰੇ ਭਾਣਜੇ ਨੇ ਮੇਰੇ ਬਰਾਬਰ ਦਾ ਵਜ਼ਨ ਚੁੱਕ ਕੇ ਰਕਾਟ (ਰਿਕਾਰਡ) ਬਣਾ ਤਾ।”
ਸੂਸਾਂ ਪਿੰਡ ਸਾਡੇ ਪਿੰਡੋਂ 10 ਕਿਲੋਮੀਟਰ ਹੈ। ਉੱਥੋਂ ਦੇ ਮੇਲੇ ਵਿਚ ਦੂਰੋਂ ਨੇੜਿਉਂ ਬਹੁਤ ਲੋਕ ਆਉਂਦੇ ਸਨ। ਕੁਲਦੀਪ ਆਪਣਾ ਪੱਥਰ ਗੱਡੇ ‘ਤੇ ਲੱਦ ਕੇ ਉੱਥੇ ਅਤੇ ਕੁਝ ਹੋਰ ਮੇਲਿਆਂ ਅਤੇ ਛਿੰਝਾਂ ਵਿਚ ਲੈ ਜਾਂਦਾ। ਹਰ ਥਾਂ ‘ਤੇ ਗੱਭਰੂਆਂ ਵੱਲੋਂ ਯਤਨ ਤਾਂ ਹੁੰਦੇ ਰਹੇ ਪਰ ਕੋਈ ਵੀ ਨੌਜਵਾਨ ਪੱਥਰ ਨੂੰ ਪੱਟਾਂ ਤੋਂ ਉਤਾਂਹ ਨਾ ਲਿਜਾ ਸਕਿਆ।
ਕਣਕ ਸਾਂਭਣ ਤੋਂ ਬਾਅਦ ਅਗਲਾ ਕੰਮ ਦੇਸੀ ਢੇਰ ਯਾਅਨੀ ਡੰਗਰਾਂ ਦਾ ਜਮ੍ਹਾਂ ਕੀਤਾ ਗੋਹਾ ਗੱਡੇ ‘ਤੇ ਲੱਦ ਕੇ ਖੇਤਾਂ ‘ਚ ਢੇਰੀਆਂ ਕਰਨ ਤੇ ਖਿਲਾਰਨ ਦਾ ਹੁੰਦਾ ਸੀ। ਗਰਮ ਭੜਾਸ ਛੱਡਦੇ ਗੋਹੇ ਨੂੰ ਕਹੀਆਂ-ਟੋਕਰੀਆਂ ਨਾਲ਼ ਗੱਡੇ ‘ਤੇ ਲੱਦਣਾ ਹੁੰਦਾ ਸੀ। ਇਕ ਵੇਰਾਂ ਮੈਂ, ਕੁਲਦੀਪ ਤੇ ਅਜੜਾਮ ਤੋਂ ਸਾਡੀ ਸਾਂਝ ਵਾਲ਼ੇ ਪਰਿਵਾਰ ਦਾ ਨੰਜਾ ਢੇਰ ਪਾ ਰਹੇ ਸਾਂ। ਸਾਡੀ ਸਕੀਮ ਸੀ ਕਿ ਢੇਰ ਦਾ ਕੰਮ ਮੁੱਕਾ ਕੇ ਸੂਸਾਂ ਦੇ ਮੇਲੇ ਜਾਣੈ। ਮੇਲੇ ‘ਚ ਦੋ ਦਿਨ ਰਹਿੰਦੇ ਸਨ। ਦੂਜੇ ਦਿਨ ਕੰਮ ਅੜਦਾ ਜਾਪਿਆ। ਨੰਜੇ ਨੇ ਵਿਉਂਤ ਦੱਸੀ। ਦੁਪਿਹਰੇ ਰੈਸਟ ਕਰਨ ਦਾ ਪ੍ਰੋਗਰਾਮ ਰੱਦ ਕਰਕੇ ਸੋਹਣ ਅਮਲੀ ਨੂੰ ਡੋਡੇ ਲਿਆਉਣ ਲਈ ਸੁਨੇਹਾ ਭੇਜ ਦਿੱਤਾ। ਉਹ ਮਲ਼ ਕੇ ਲੈ ਆਇਆ। ਕਮੰਡਲ ਸਾਡੇ ਵੱਲ ਵਧਾਉਂਦਾ ਅਮਲੀਆਂ ਵਰਗੀ ਘੜੀਸਵੀਂ ਜਿਹੀ ਆਵਾਜ਼ ‘ਚ ਬੋਲਿਆ, ”ਲਓ ਬਈ ਸ਼ੇਰੋ… ਪੁੱਟ ਦਿਓ ਧੂੜਾਂ।”
ਸਾਨੂੰ ਨਸ਼ੇ ਦੀ ਲੋਰ ਵਿਚ ਇੰਜ ਜਾਪਿਆ ਜਿਵੇਂ ਸਿਖ਼ਰ ਦੁਪਹਿਰ ਦਾ ਅੱਗ ਵਰ੍ਹਾਉਂਦਾ ਸੂਰਜ ਕਾਲ਼ੇ ਬੱਦਲਾਂ ਨੇ ਢਕ ਲਿਆ ਹੋਵੇ ਤੇ ਠੰਢੀ ਹਵਾ ਰੁਮਕ ਪਈ ਹੋਵੇ। ਢੇਰ ਦੇ ਕੰਮ ਤੋਂ ਸੁਰਖਰੂ ਹੋ ਕੇ ਮੇਲਾ ਦੇਖਣ ਦਾ ਬੜਾ ਮਜ਼ਾ ਆਇਆ। ਕੁਲਦੀਪ ਤੇ ਨੰਜੇ ਨੇ ਤਾਂ ਸ਼ਾਇਦ ਫਿਰ ਵੀ ਕਦੇ-ਕਦਾਈਂ ਡੋਡੇ ਪੀਤੇ ਹੋਣ ਪਰ ਮੇਰਾ ਉਹ ਪਹਿਲਾ ਤੇ ਆਖਰੀ ਮੌਕਾ ਸੀ।
ਉਦੋਂਅਜੇ ਟਿਊਬਵੈੱਲ ਨਹੀਂ ਸਨ ਲੱਗੇ। ਖੂਹਾਂ ਨਾਲ਼ ਥੋੜ੍ਹੀ ਜ਼ਮੀਨ ਨੂੰ ਹੀ ਪਾਣੀ ਲਾਇਆ ਜਾ ਸਕਦਾ ਸੀ। ਸਾਡੇ ਇਲਾਕੇ ਦੀ ਜ਼ਮੀਨ ਮੈਰੀ ਹੋਣ ਕਰਕੇ, ਕਿਸਾਨ ਝੋਨਾ ਥੋੜ੍ਹਾ ਤੇ ਮੱਕੀ ਜ਼ਿਆਦਾ ਬੀਜਦੇ ਸਨ। ਬਰਸਾਤਾਂ ਦੇ ਮੀਹਾਂ ਨਾਲ਼ ਮੱਕੀ ਮਾਰੂ ਜ਼ਮੀਨ ‘ਚ ਵੀ ਹੋ ਜਾਂਦੀ ਸੀ। ਮੱਕੀ ਨੂੰ ਬਗੂੜੀਆਂ ਨਾਲ਼ ਬੈਠ ਕੇ ਗੁੱਡਦੇ ਸਾਂ ਜਾਂ ਖੜ੍ਹ ਕੇ ਬਹੋਲਿਆਂ ਨਾਲ਼। ਗੋਡੀ ਕਰਦਿਆਂ, ਜਦੋਂ ਹੁੰਮ੍ਹ ਹੋ ਜਾਂਦਾ ਤਾਂ ਬਰਸਾਤ ਦੀ ਲਾਖੀ ਧੁੱਪ ਸੂਈਆਂ ਵਾਂਗ ਚੁੱਭਦੀ ਸੀ। ਬਾਪੂ ਜੀ ਨੇ ਕਹਿਣਾ, ”ਇਸ ਕਰੜੇ ਕੰਮ ਤੋਂ ਭਾਜੂ ਹੋਇਆ ਕੋਈ ਜੱਟ ਸਾਧ ਬਣ ਗਿਆ ਸੀ।”
(ਚਲਦਾ)

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …