ਨਵਜੋਤ ਸਿੱਧੂ ਨੇ ਕਿਹਾ, ਭਗਵੰਤ ਅਸਲ ਮੁੱਦਿਆਂ ਤੋਂ ਭਟਕੇ
ਦਲਜੀਤ ਚੀਮਾ ਨੇ ਭਗਵੰਤ ਦੇ ਦਿੱਲੀ ਦੌਰੇ ਨੂੰ ਦੱਸਿਆ ਡਰਾਮਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੋ ਦਿਨਾਂ ਲਈ ਦਿੱਲੀ ਦੇ ਦੌਰੇ ’ਤੇ ਹਨ ਅਤੇ ਉਹ ਉਥੇ ਸਕੂਲਾਂ ਅਤੇ ਮੁਹੱਲਾ ਕਲੀਨਿਕਾਂ ਦਾ ਦੌਰਾ ਕਰ ਰਹੇ ਹਨ। ਇਸ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਭਗਵੰਤ ਮਾਨ ’ਤੇ ਸਿਆਸੀ ਨਿਸ਼ਾਨੇ ਲਗਾਏ ਹਨ। ਇਸੇ ਦੌਰਾਨ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਕਿਹਾ ਕਿ ਭਗਵੰਤ ਮਾਨ ਦਾ ਦੋ ਦਿਨਾਂ ਦਿੱਲੀ ਦੌਰਾ ਅਸਲ ਮੁੱਦਿਆਂ ਤੋਂ ਭਟਕਣਾ ਅਤੇ ਹੋਰ ਚੋਣਾਂ ’ਚ ਲਾਭ ਲੈਣ ਲਈ ਸਿਰਫ਼ ਫੋਟੋਗ੍ਰਾਫ਼ੀ ਕਰਵਾਉਣਾ ਹੈ। ਪੰਜਾਬ ਨੂੰ ਵਿੱਤੀ, ਕਿਸਾਨੀ ਅਤੇ ਬਿਜਲੀ ਸੰਕਟ ’ਚੋਂ ਕੱਢਣ ਲਈ ਨੀਤੀ ਦੀ ਲੋੜ ਹੈ ਅਤੇ ਸਥਾਨਕ ਸਮੱਸਿਆਵਾਂ ਦੇ ਸਥਾਨਕ ਹੱਲ ਦੀ ਲੋੜ ਹੈ। ਇਸੇ ਦੌਰਾਨ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਟਵੀਟ ਕਰਦੇ ਕਿਹਾ ਕਿ ਸਿੱਖਿਆ ਦੇ ਦਿੱਲੀ ਮਾਡਲ ਦਾ ਅਧਿਐਨ ਕਰਨ ਲਈ ਦੌਰੇ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਭਗਵੰਤ ਮਾਨ ਨੂੰ ਪੰਜਾਬ ਦੇ ਸਕੂਲਾਂ ਦਾ ਦੌਰਾ ਕਰਨਾ ਚਾਹੀਦਾ ਸੀ ਤੇ ਉਨ੍ਹਾਂ ਦੀਆਂ ਖ਼ੂਬੀਆਂ ਤੇ ਕਮਜ਼ੋਰੀਆਂ ਨੂੰ ਦੇਖਣਾ ਚਾਹੀਦਾ ਸੀ। ਦਲਜੀਤ ਚੀਮਾ ਨੇ ਭਗਵੰਤ ਦੇ ਦਿੱਲੀ ਦੌਰੇ ਨੂੰ ਡਰਾਮਾ ਦੱਸਿਆ।