ਪੰਜਾਬ ਕਾਂਗਰਸ ਦੇ ਕਲੇਸ਼ ‘ਚ ਹਾਥੀ, ਘੋੜੇ ਤੇ ਗਧਿਆਂ ਦੀ ਹੋਈ ਐਂਟਰੀ
ਨਵਜੋਤ ਸਿੱਧੂ ਨੇ ਖੁਦ ਨੂੰ ਦੱਸਿਆ ਹਾਥੀ : ਬਾਜਵਾ ਕਹਿੰਦੇ : ਅਰਬੀ ਘੋੜੇ ਦੁੜਾਓ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਚੋਣਾਂ ਵਿਚ ਹਾਰ ਤੋਂ ਬਾਅਦ ਸਿਆਸੀ ਕਲੇਸ਼ ਵਿਚ ਘਿਰੀ ਪੰਜਾਬ ਕਾਂਗਰਸ ਵਿਚ ਹੁਣ ਹਾਥੀ, ਘੋੜੇ ਅਤੇ ਗਧਿਆਂ ਦੇ ਬਹਾਨੇ ਸਿਆਸਤ ਤੇਜ਼ ਹੋਣ ਲੱਗੀ ਹੈ। ਪੰਜਾਬ ਚੋਣਾਂ ਵਿਚ ਹੋਈ ਕਰਾਰੀ ਹਾਰ ਤੋਂ ਬਾਅਦ ਕਾਂਗਰਸੀ ਕੁਝ ਅਜਿਹੇ ਹੀ ਸਿਆਸੀ ਨਿਸ਼ਾਨੇ ਇਕ ਦੂਜੇ ‘ਤੇ ਸਾਧ ਰਹੇ ਹਨ।
ਨਵਜੋਤ ਸਿੱਧੂ ਨੇ ਖੁਦ ਨੂੰ ਹਾਥੀ ਦੱਸਿਆ ਹੈ। ਸਿੱਧੂ ਨੇ ਕਿਹਾ ਕਿ ਮਿੱਟੀ ਨਾਲ ਲਿਬੜਿਆ ਹਾਥੀ ਵੀ ਸਨਮਾਨਿਤ ਹੁੰਦਾ ਹੈ। ਸਿੱਧੂ ਦੀ ਇਹ ਗੱਲ ਹਾਰ ਤੋਂ ਬਾਅਦ ਪੰਜਾਬ ਵਿਚ ਆਪਣੀ ਅਹਿਮੀਅਤ ਦੱਸਣ ਨਾਲ ਜੋੜ ਕੇ ਦੇਖੀ ਜਾ ਰਹੀ ਹੈ। ਉਧਰ ਦੂਜੇ ਪਾਸੇ ਪੰਜਾਬ ਦੀ ਕਾਂਗਰਸ ਦੀ ਹਾਰ ‘ਤੇ ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਕਹਿਣਾ ਹੈ ਕਿ ਪੰਜਾਬ ਵਿਚ ਗਧਿਆਂ ਨੇ ਸ਼ੇਰ ਮਰਵਾ ਦਿੱਤੇ।
ਇਸਦੇ ਚੱਲਦਿਆਂ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਕਹਿ ਰਹੇ ਹਨ ਕਿ ਪੰਜਾਬ ਵਿਚ ਪਾਰਟੀ ਨੂੰ ਅਰਬੀ ਘੋੜੇ ਦੁੜਾਉਣੇ ਚਾਹੀਦੇ ਹਨ। ਕਾਂਗਰਸ ਦੀ ਇਸ ਰਾਜਨੀਤੀ ਨੂੰ ਲੈ ਕੇ ਹੁਣ ਖੂਬ ਚਰਚਾ ਹੋ ਰਹੀ ਹੈ ਕਿ ਕਾਂਗਰਸੀ ਹਾਰ ਦਾ ਗਮ ਨਹੀਂ ਸਹਿਣ ਕਰ ਸਕੇ। ਕਾਂਗਰਸੀ ਆਗੂਆਂ ਨੂੰ ਸਭ ਤੋਂ ਜ਼ਿਆਦਾ ਪਰੇਸ਼ਾਨੀ ਇਸ ਗੱਲ ਦੀ ਹੈ ਕਿ ਕਾਂਗਰਸ ਦੇ ਵੱਡੇ ਆਗੂਆਂ ਨੂੰ ਆਮ ਆਦਮੀ ਪਾਰਟੀ ਦੇ ਆਮ ਵਰਕਰਾਂ ਨੇ ਹਰਾ ਦਿੱਤਾ ਹੈ। ਧਿਆਨ ਰਹੇ ਕਿ ਪੰਜਾਬ ਦੀਆਂ 117 ਵਿਧਾਨ ਸੀਟਾਂ ਵਿਚੋਂ ਆਮ ਆਦਮੀ ਪਾਰਟੀ ਨੇ 92 ਸੀਟਾਂ ‘ਤੇ ਜਿੱਤ ਦਰਜ ਕੀਤੀ ਹੈ ਅਤੇ ਕਾਂਗਰਸ ਸਿਰਫ 18 ਸੀਟਾਂ ‘ਤੇ ਹੀ ਸਿਮਟ ਕੇ ਰਹਿ ਗਈ ਹੈ, ਜਦਕਿ ਪਿਛਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੇ 77 ਸੀਟਾਂ ‘ਤੇ ਜਿੱਤ ਦਰਜ ਕੀਤੀ ਸੀ।
ਪੰਜਾਬ ਕਾਂਗਰਸ ਦੀ ਪ੍ਰਧਾਨਗੀ ਅਤੇ ਵਿਰੋਧੀ ਧਿਰ ਦੇ ਆਗੂ ਨੂੰ ਲੈ ਕੇ ਦੌੜ
ਚੰਡੀਗੜ੍ਹ : ਪੰਜਾਬ ਕਾਂਗਰਸ ਵਿਚ ਗੁੱਟਬਾਜ਼ੀ ਹੋਰ ਵਧਣ ਦੇ ਆਸਾਰ ਹਨ। ਪੰਜਾਬ ਕਾਂਗਰਸ ਦੀ ਪ੍ਰਧਾਨਗੀ ਅਤੇ ਵਿਰੋਧੀ ਧਿਰ ਦੇ ਆਗੂ ਨੂੰ ਲੈ ਕੇ ਵੀ ਕਈ ਆਗੂਆਂ ਵਿਚ ਦੌੜ ਲੱਗੀ ਹੋਈ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਕਾਂਗਰਸ ‘ਚ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਘਮਸਾਣ ਮਚਿਆ ਰਿਹਾ ਅਤੇ ਹੁਣ ਵਿਰੋਧੀ ਧਿਰ ਦੇ ਆਗੂ ਨੂੰ ਲੈ ਕੇ ਵੀ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ। ਉਧਰ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਵਿਚ ਨਵਾਂ ਗਰੁੱਪ ਬਣ ਗਿਆ ਹੈ, ਜੋ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦਾ ਆਗੂ ਬਣਾਉਣ ਲਈ ਜ਼ੋਰ ਲਗਾ ਰਿਹਾ ਹੈ। ਇਸੇ ਦੌਰਾਨ ਕਾਂਗਰਸ ‘ਚ ਵਿਰੋਧੀ ਧਿਰ ਦਾ ਲੀਡਰ ਬਣਨ ਦੀ ਦੌੜ ਵਿਚ ਪ੍ਰਤਾਪ ਸਿੰਘ ਬਾਜਵਾ, ਰਾਜਾ ਵੜਿੰਗ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਮ ਸ਼ਾਮਲ ਹੈ। ਉਧਰ ਦੂਜੇ ਪਾਸੇ ਸੋਨੀਆ ਗਾਂਧੀ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਕੋਲੋਂ ਅਸਤੀਫਾ ਤਾਂ ਲੈ ਲਿਆ ਸੀ, ਪਰ ਅਸਤੀਫਾ ਅਜੇ ਤੱਕ ਮਨਜੂਰ ਕੀਤਾ ਜਾਂ ਨਹੀਂ, ਇਸ ਬਾਰੇ ਕਿਸੇ ਨੂੰ ਨਹੀਂ ਪਤਾ। ਇਸ ਸਬੰਧੀ ਸਿੱਧੂ ਵੀ ਅੱਖਾਂ ਬੰਦ ਕਰਕੇ ਸੋਚਦੇ ਜ਼ਰੂਰ ਹਨ। ਹਾਈਕਮਾਨ ਦੇ ਇਸ ਰਵੱਈਏ ਤੋਂ ਪੰਜਾਬ ਦੇ ਬਹੁਤੇ ਕਾਂਗਰਸੀ ਚਿੰਤਤ ਵੀ ਹਨ। ਅਜਿਹੇ ਮਾਹੌਲ ਦੇ ਚੱਲਦਿਆਂ ਪੰਜਾਬ ਕਾਂਗਰਸ ਵਿਚ ਗੁੱਟਬਾਜ਼ੀ ਹੋਰ ਵਧਣ ਦੇ ਆਸਾਰ ਹਨ। ਸਿਆਸੀ ਹਲਕਿਆਂ ਵਿਚ ਚਰਚਾ ਹੈ ਕਿ ਨਵਜੋਤ ਸਿੱਧੂ ਮੁੜ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਲੈਣ ਲਈ ਸ਼ਕਤੀ ਪ੍ਰਦਰਸ਼ਨ ਕਰ ਰਹੇ ਹਨ।