Breaking News
Home / ਪੰਜਾਬ / ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਿਲਡਿੰਗ ‘ਤੇ ਚੜ੍ਹੇ ਕੱਚੇ ਅਧਿਆਪਕ

ਪੰਜਾਬ ਸਕੂਲ ਸਿੱਖਿਆ ਬੋਰਡ ਦੀ ਬਿਲਡਿੰਗ ‘ਤੇ ਚੜ੍ਹੇ ਕੱਚੇ ਅਧਿਆਪਕ

ਅਧਿਆਪਕਾਂ ਨੇ ਖ਼ੁਦ ‘ਤੇ ਪੈਟਰੋਲ ਛਿੜਕਿਆ ਅਤੇ ਇਕ ਮਹਿਲਾ ਅਧਿਆਪਕ ਵਲੋਂ ਖੁਦਕੁਸ਼ੀ ਦੀ ਕੋਸ਼ਿਸ਼
ਮੁਹਾਲੀ : ਕੱਚੇ ਅਧਿਆਪਕ ਯੂਨੀਅਨ ਪੰਜਾਬ ਅਤੇ ਸਿੱਖਿਆ ਪ੍ਰੋਵਾਈਡਰ ਯੂਨੀਅਨ ਸਣੇ ਹੋਰਨਾਂ ਅਧਿਆਪਕ ਯੂਨੀਅਨਾਂ (ਈਪੀਐੱਸ, ਐੱਸਟੀਆਰ, ਏਆਈਈ ਅਤੇ ਆਈਈਵੀ) ਦੇ ਮੈਂਬਰਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਇਕ ਪਾਸੇ ਜਿੱਥੇ ਕੁਝ ਅਧਿਆਪਕ ਪੈਟਰੋਲ ਦੀਆਂ ਬੋਤਲਾਂ ਲੈ ਕੇ ਸਿੱਖਿਆ ਭਵਨ ਦੀ ਛੱਤ ‘ਤੇ ਚੜ੍ਹ ਗਏ ਤੇ ਉਨ੍ਹਾਂ ਆਪਣੇ ਉੱਪਰ ਪੈਟਰੋਲ ਵੀ ਛਿੜਕ ਲਿਆ, ਉੱਥੇ ਹੀ ਸਿੱਖਿਆ ਸਕੱਤਰ ਦੇ ਦਫ਼ਤਰ ਦੇ ਬਾਹਰ ਇਕ ਮਹਿਲਾ ਅਧਿਆਪਕ ਨੇ ਸਲਫ਼ਾਸ ਨਿਗਲ ਲਿਆ ਜਿਸ ਨੂੰ ਸਾਥੀ ਅਧਿਆਪਕਾਂ ਨੇ ਸਮਾਂ ਰਹਿੰਦੇ ਹਸਪਤਾਲ ਪਹੁੰਚਾ ਕੇ ਬਚਾਅ ਲਿਆ।
ਮਿਲੀ ਜਾਣਕਾਰੀ ਅਨੁਸਾਰ ਬੁੱਧਵਾਰ ਸਵੇਰੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ‘ਚੋਂ ਕੱਚੇ ਅਧਿਆਪਕ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿਖੇ ਸਵੇਰੇ ਇਕੱਠੇ ਹੋਣੇ ਸ਼ੁਰੂ ਹੋ ਗਏ, ਜਿੱਥੇ ਉਨ੍ਹਾਂ ਅਧਿਆਪਕ ਵਿਰੋਧੀ ਸਿੱਖਿਆ ਨੀਤੀਆਂ ਦੀ ਨਿਖੇਧੀ ਕਰਦਿਆਂ ਸਿੱਖਿਆ ਸਕੱਤਰ ਤੇ ਹੁਕਮਰਾਨਾਂ ਨੂੰ ਰੱਜ ਕੇ ਭੰਡਿਆ।
ਇਸ ਮੌਕੇ ਸੂਬਾ ਪ੍ਰਧਾਨ ਅਜਮੇਰ ਸਿੰਘ ਔਲਖ, ਰਿਤੂ ਬਾਲਾ ਕਪੂਰਥਲਾ, ਅਮਨਦੀਪ ਕੌਰ, ਰਵਨੀਤ ਕੌਰ, ਗਗਨਦੀਪ ਕੌਰ, ਜੁਝਾਰ ਸਿੰਘ ਸੰਗਰੂਰ, ਰਣਜੀਤ ਸਿੰਘ ਭੱਟੀਵਾਲ ਅਤੇ ਗੁਰਪ੍ਰੀਤ ਕੌਰ ਨੇ ਕਿਹਾ ਕਿ ਹੁਣ ਉਹ ਸਰਕਾਰ ਦੇ ਝੂਠੇ ਲਾਰਿਆਂ ਵਿੱਚ ਆਉਣ ਵਾਲੇ ਨਹੀਂ ਹਨ ਬਲਕਿ ਇਹ ਉਨ੍ਹਾਂ ਦੀ ਆਖ਼ਰੀ ਤੇ ਫੈਸਲਾਕੁਨ ਲੜਾਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਝੂਠੇ ਦਾਅਵੇ ਕਰ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ।
ਲਾਠੀਚਾਰਜ ਦੇ ਵਿਰੋਧ ‘ਚ ਅਧਿਆਪਕਾ ਨੇ ਸਲਫ਼ਾਸ ਖਾਧੀ
ਅਧਿਆਪਕਾਂ ਨੇ ਪੁਲਿਸ ਦਾ ਸੁਰੱਖਿਆ ਘੇਰਾ ਤੋੜ ਕੇ ਸਿੱਖਿਆ ਭਵਨ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਵੱਲੋਂ ਹਲਕਾ ਲਾਠੀਚਾਰਜ ਕੀਤਾ ਗਿਆ, ਜਿਸ ਕਾਰਨ ਗੁੱਸੇ ਵਿੱਚ ਆ ਕੇ ਮਹਿਲਾ ਅਧਿਆਪਕ ਰਾਜਵਿੰਦਰ ਕੌਰ ਮਾਨਸਾ ਨੇ ਸਲਫ਼ਾਸ ਖਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਮੌਕੇ ‘ਤੇ ਮੌਜੂਦ ਪੁਲਿਸ ਜਾਂ ਪ੍ਰਸ਼ਾਸਨ ਦੇ ਅਧਿਕਾਰੀ ਨੇ ਮਹਿਲਾ ਨੂੰ ਹਸਪਤਾਲ ਵਿੱਚ ਪਹੁੰਚਾਉਣ ਦਾ ਯਤਨ ਨਹੀਂ ਕੀਤਾ ਸਗੋਂ ਧਰਨਾਕਾਰੀ ਹੀ ਉਸ ਨੂੰ ਨੇੜੇ ਦੇ ਹਸਪਤਾਲ ਵਿੱਚ ਲੈ ਕੇ ਗਏ।

ਅਧਿਆਪਕ ਜਥੇਬੰਦੀਆਂ ਦੀ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ ਬੇਸਿੱਟਾ
ਮੁਹਾਲੀ ‘ਚ ਧਰਨਾ ਜਾਰੀ ਰੱਖਣ ਦਾ ਕੀਤਾ ਐਲਾਨ
ਮੁਹਾਲੀ/ਬਿਊਰੋ ਨਿਊਜ਼
ਕੱਚੇ ਅਧਿਆਪਕ ਯੂਨੀਅਨ ਪੰਜਾਬ ਅਤੇ ਸਿੱਖਿਆ ਪ੍ਰੋਵਾਈਡਰ ਸਮੇਤ ਹੋਰ ਅਧਿਆਪਕ ਯੂਨੀਅਨਾਂ ਦੇ ਪੈਨਲ ਦੀ ਸਿੱਖਿਆ ਮੰਤਰੀ ਨਾਲ ਮੀਟਿੰਗ ਬੇਸਿੱਟਾ ਰਹਿਣ ਕਾਰਨ ਧਰਨਾ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਲੰਘੇ ਕੱਲ੍ਹ ਕੁਝ ਅਧਿਆਪਕ ਸਿੱਖਿਆ ਬੋਰਡ ਦੀ ਮੁਹਾਲੀ ਸਥਿਤ ਰਿਹਾਇਸ਼ ‘ਤੇ ਵੀ ਚੜ੍ਹ ਗਏ ਸਨ। ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਯੂਪੀ ਪੈਟਰਨ ‘ਤੇ ਕੱਚੇ ਅਧਿਆਪਕਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ। ਤਜਰਬੇ ਦੇ ਘੱਟੋ-ਘੱਟ 25 ਅੰਕ ਦਿੱਤੇ ਜਾਣ ਪਰ ਸਰਕਾਰ ਕੋਈ ਵੀ ਮੰਗ ਮੰਗਣ ਨੂੰ ਤਿਆਰ ਨਹੀਂ ਹੈ। ਉਂਝ ਸਿੱਖਿਆ ਮੰਤਰੀ ਨੇ ਭਰੋਸਾ ਦਿੱਤਾ ਕਿ ਆਉਣ ਵਾਲੇ ਦਿਨਾਂ ਵਿੱਚ ਮਾਮਲੇ ਦਾ ਵਿਚਲਾ ਹੱਲ ਕੱਢਿਆ ਜਾਵੇਗਾ। ਮੀਟਿੰਗ ਵਿੱਚ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਕੈਪਟਨ ਸੰਧੂ ਹਾਜ਼ਰ ਸਨ। ਉਧਰ ਮੁਹਾਲੀ ਵਿਚ ਅਧਿਆਪਕਾਂ ਦਾ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ। ਕੱਚੇ ਅਧਿਆਪਕਾਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਸਕੱਤਰ ਦੇ ਖਿਲਾਫ ਨਾਅਰੇਬਾਜ਼ੀ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਝੂਠਾ ਕਰਾਰ ਦਿੱਤਾ।

Check Also

ਸਾਬਕਾ ਕਾਂਗਰਸੀ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਸ਼ੋ੍ਰਮਣੀ ਅਕਾਲੀ ਦਲ ’ਚ ਹੋ ਸਕਦੇ ਹਨ ਸ਼ਾਮਲ

ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਹੋਈ ਕੇਪੀ ਦੀ ਮੀਟਿੰਗ ਜਲੰਧਰ/ਬਿਊਰੋ ਨਿਊਜ਼ : ਪੰਜਾਬ ਕਾਂਗਰਸ …