Breaking News
Home / ਪੰਜਾਬ / ਮੌਨਸੂਨ: ਪੰਜਾਬ ‘ਚ ਜੁਲਾਈ ਮਹੀਨੇ ਦੇ ਮੀਂਹ ਨੇ ਤੋੜੇ ਸਾਰੇ ਰਿਕਾਰਡ

ਮੌਨਸੂਨ: ਪੰਜਾਬ ‘ਚ ਜੁਲਾਈ ਮਹੀਨੇ ਦੇ ਮੀਂਹ ਨੇ ਤੋੜੇ ਸਾਰੇ ਰਿਕਾਰਡ

ਆਮ ਨਾਲੋਂ 44 ਫ਼ੀਸਦ ਵੱਧ ਮੀਂਹ ਪਿਆ; 19 ਜ਼ਿਲ੍ਹਿਆਂ ਦੇ 1500 ਪਿੰਡ ਆਏ ਹੜ੍ਹ ਦੀ ਮਾਰ ਹੇਠ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿੱਚ ਮੌਨਸੂਨ ਨੇ ਇਸ ਵਾਰ ਆਮ ਨਾਲੋਂ ਹਫ਼ਤਾ ਪਹਿਲਾਂ ਦਸਤਕ ਦਿੱਤੀ ਤੇ ਸੂਬੇ ਵਿੱਚ ਜੁਲਾਈ ਮਹੀਨੇ ਪਏ ਮੀਂਹ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਕਈ ਦਿਨ ਲਗਾਤਾਰ ਪਏ ਭਰਵੇਂ ਮੀਂਹ ਕਾਰਨ ਸੂਬੇ ਦੇ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਇੰਨਾ ਉੱਚਾ ਹੋ ਗਿਆ ਕਿ ਅੱਧਾ ਸੂਬਾ ਇਨ੍ਹਾਂ ਦੇ ਹੜ੍ਹਾਂ ਦੀ ਮਾਰ ਹੇਠ ਆ ਗਿਆ ਹੈ।
ਹੁਣ ਤੱਕ ਸੂਬੇ ਦੇ 19 ਜ਼ਿਲ੍ਹਿਆਂ ‘ਚ ਲਗਪਗ 1500 ਪਿੰਡ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਹਨ। ਮੀਂਹ ਕਾਰਨ ਪਠਾਨਕੋਟ ਨੇੜੇ ਵਗਦੇ ਚੱਕੀ ਦਰਿਆ ਵਿੱਚ ਆਏ ਹੜ੍ਹ ਨਾਲ ਦਰਿਆ ਕੰਢੇ ਵਸੇ ਪਿੰਡ ਛਤਵਾਲ ਦੇ ਖੇਤਾਂ ‘ਚੋਂ ਮਿੱਟੀ ਵੱਡੀ ਪੱਧਰ ‘ਤੇ ਰੁੜ੍ਹ ਗਈ ਹੈ। ਮੌਸਮ ਵਿਭਾਗ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਸ ਸਾਲ ਪੰਜਾਬ ਵਿੱਚ ਮੀਂਹ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਅੰਕੜਿਆਂ ਮੁਤਾਬਕ ਸੂਬੇ ‘ਚ ਇਸ ਵਾਰ ਜੁਲਾਈ ਮਹੀਨੇ ਦੌਰਾਨ ਆਮ ਨਾਲੋਂ 44 ਫੀਸਦ ਵੱਧ (231.8 ਐੱਮ.ਐੱਮ) ਮੀਂਹ ਪਿਆ ਹੈ, ਜਦਕਿ ਮੌਸਮ ਵਿਭਾਗ ਵੱਲੋਂ ਇਸ ਵਾਰ 161.4 ਐੱਮਐੱਮ ਮੀਂਹ ਪੈਣ ਦਾ ਅੰਦਾਜ਼ਾ ਲਾਇਆ ਗਿਆ ਸੀ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਸਾਲ 2002 ਵਿੱਚ ਸੂਬੇ ‘ਚ ਸਭ ਤੋਂ ਘੱਟ ਮੀਂਹ (50.4 ਐੱਮ.ਐੱਮ) ਪਿਆ ਸੀ। ਇਸ ਵਰ੍ਹੇ ਜੁਲਾਈ ਮਹੀਨੇ ‘ਚ ਪੰਜਾਬ ਦੇ ਰੂਪਨਗਰ ‘ਚ ਸਭ ਤੋਂ ਵੱਧ 595.4 ਐੱਮਐੱਮ (107 ਫ਼ੀਸਦ) ਮੀਂਹ ਪਿਆ ਹੈ। ਇਸੇ ਤਰ੍ਹਾਂ ਨਵਾਂਸ਼ਹਿਰ ‘ਚ 502 ਐੱਮਐੱਮ (76 ਫੀਸਦ) ਮੀਂਹ ਪਿਆ, ਮੁਹਾਲੀ ਵਿੱਚ 472.6 ਐੱਮਐੱਮ, ਗੁਰਦਾਸਪੁਰ ‘ਚ 383.3 ਐੱਮਐੱਮ, ਫਤਹਿਗੜ੍ਹ ਸਾਹਿਬ ‘ਚ 373.6 ਐੱਮਐੱਮ, ਹੁਸ਼ਿਆਰਪੁਰ ‘ਚ 370.5 ਐੱਮਐੱਮ ਤੇ ਪਟਿਆਲਾ ‘ਚ 327.2 ਐੱਮਐੱਮ ਮੀਂਹ ਪਿਆ ਹੈ, ਜਦਕਿ ਫਾਜ਼ਿਲਕਾ ‘ਚ ਆਮ ਨਾਲੋਂ 58 ਫੀਸਦ ਘੱਟ 44.5 ਐੱਮਐੱਮ ਮੀਂਹ ਪਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੁਲਾਈ 2022 ‘ਚ 218.8 ਐੱਮਐੱਮ, ਸਾਲ 2021 ‘ਚ 174.9 ਐੱਮਐੱਮ, ਸਾਲ 2020 ‘ਚ 185.2 ਐੱਮਐੱਮ, ਸਾਲ 2019 ‘ਚ 183.6 ਐੱਮਐੱਮ, ਸਾਲ 2018 ‘ਚ 150.9 ਐੱਮਐੱਮ, ਸਾਲ 2017 ‘ਚ 94.4 ਐੱਮਐੱਮ, ਸਾਲ 2016 ‘ਚ 153.1 ਐੱਮਐੱਮ, ਸਾਲ 2015 ‘ਚ 130.2 ਐੱਮਐੱਮ, ਸਾਲ 2014 ‘ਚ 76.3 ਐੱਮਐੱਮ, ਸਾਲ 2013 ‘ਚ 117.9 ਐੱਮਐੱਮ, ਸਾਲ 2012 ‘ਚ 120.2 ਐੱਮਐੱਮ ਅਤੇ ਸਾਲ 2010 ‘ਚ 143.8 ਐੱਮਐੱਮ ਮੀਂਹ ਪਿਆ ਸੀ।

 

 

Check Also

ਕਾਂਗਰਸ ਖਿਲਾਫ ਆਮ ਆਦਮੀ ਪਾਰਟੀ ਦਾ ਰੋਸ ਪ੍ਰਦਰਸ਼ਨ

‘ਆਪ’ ਵੱਲੋਂ ਮੁਹਾਲੀ ਵਿੱਚ ਧਰਨਾ ਮੁਹਾਲੀ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ …