ਅਜਨਾਲਾ ਸੈਕਟਰ ‘ਚ ਬਾਰਡਰ ‘ਤੇ ਫਿਰ ਦਿਸਿਆ ਡਰੋਨ
ਅੰਮ੍ਰਿਤਸਰ : ਭਾਰਤ-ਪਾਕਿ ਸਰਹੱਦ ‘ਤੇ ਡਰੋਨ ਦੀਆਂ ਹਰਕਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਪੰਜ ਦਿਨਾਂ ਬਾਅਦ ਫਿਰ ਅਜਨਾਲਾ ਸੈਕਟਰ ਦੇ ਓਲਡ ਸੁੰਦਰਗੜ੍ਹ ਖੇਤਰ ‘ਚ ਡਰੋਨ ਦੇਖਿਆ ਗਿਆ। ਬੀਐਸਐਫ ਦੇ ਜਵਾਨਾਂ ਦੀ ਫਾਇਰਿੰਗ ਤੋਂ ਬਾਅਦ ਇਹ ਡਰੋਨ ਵਾਪਸ ਪਾਕਿਸਤਾਨ ਪਰਤ ਗਿਆ। ਡਰੋਨ ਦੀ ਹਰਕਤ ਤੋਂ ਬਾਅਦ ਸੁਰੱਖਿਆ ਬਲਾਂ ਨੇ ਸਰਚ ਅਪਰੇਸ਼ਨ ਸ਼ੁਰੂ ਕਰ ਦਿੱਤਾ ਹੈ। ਧਿਆਨ ਰਹੇ ਕਿ ਇਸ ਤੋਂ ਪਹਿਲਾਂ 1 ਦਸੰਬਰ ਨੂੰ ਵੀ ਡਰੋਨ ਦੇਖਿਆ ਗਿਆ ਸੀ ਅਤੇ ਜਿਸ ਤੋਂ ਬਾਅਦ ਸਰਚ ਅਪਰੇਸ਼ਨ ਵਿਚ ਚਾਰ ਪੈਕੇਟ ਹੈਰੋਇਨ ਦੇ ਬਰਾਮਦ ਹੋਏ ਸਨ। ਹੁਣ ਵੀ ਇਹੀ ਸ਼ੱਕ ਕੀਤਾ ਜਾ ਰਿਹਾ ਹੈ ਕਿ ਡਰੋਨ ਕੁਝ ਅਜਿਹੀਆਂ ਹੀ ਚੀਜ਼ਾਂ ਸੁੱਟ ਕੇ ਗਿਆ ਹੋਵੇਗਾ ਅਤੇ ਸੁਰੱਖਿਆ ਬਲਾਂ ਵਲੋਂ ਸਰਚ ਅਪਰੇਸ਼ਨ ਚਲਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਗੁਰਦਾਸਪੁਰ ਵਿਚ ਪਿਛਲੇ ਦਿਨੀਂ ਆਰ.ਡੀ.ਐਕਸ., ਗਰਨੇਡ ਅਤੇ ਪਿਸਟਲਾਂ ਦੀ ਖੇਪ ਵੀ ਮਿਲੀ ਸੀ। ਏਜੰਸੀਆਂ ਨੂੰ ਸੂਚਨਾ ਹੈ ਕਿ ਚੋਣਾਂ ਤੋਂ ਪਹਿਲਾਂ ਪਾਕਿਸਤਾਨ ਵਿਚ ਬੈਠੇ ਅੱਤਵਾਦੀ ਸੰਗਠਨ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ। ਜਿਸ ਨੂੰ ਲੈ ਕੇ ਪੰਜਾਬ ਪੁਲਿਸ ਅਤੇ ਬੀਐਸਐਫ ਵਲੋਂ ਸਖਤ ਨਿਗਰਾਨੀ ਰੱਖੀ ਜਾ ਰਹੀ ਹੈ।