ਪ੍ਰਤਾਪ ਬਾਜਵਾ ਕਹਿੰਦੇ, ਮੈਂ ਕਾਦੀਆਂ ਸੀਟ ਤੋਂ ਲੜਾਂਗਾ ਚੋਣ
ਗੁਰਦਾਸਪੁਰ : ਪੰਜਾਬ ਕਾਂਗਰਸ ਵਿਚ ਬਾਜਵਾ ਭਰਾਵਾਂ ਵਿਚਕਾਰ ਸਿਆਸੀ ਜੰਗ ਸ਼ੁਰੂ ਹੋ ਗਈ ਹੈ। ਰਾਜ ਸਭਾ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਾਦੀਆਂ ਸੀਟ ਤੋਂ ਪੰਜਾਬ ਵਿਧਾਨ ਸਭਾ ਦੀ ਚੋਣ ਦਾ ਐਲਾਨ ਕਰ ਦਿੱਤਾ ਹੈ। ਇਸ ਸੀਟ ਤੋਂ ਹੁਣ ਉਨ੍ਹਾਂ ਦੇ ਭਰਾ ਫਤਹਿਜੰਗ ਸਿੰਘ ਬਾਜਵਾ ਕਾਂਗਰਸੀ ਵਿਧਾਇਕ ਹਨ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਹ ਕਾਦੀਆਂ ਤੋਂ ਚੋਣ ਲੜਨਗੇ ਅਤੇ ਇਸ ਬਾਰੇ ਵਿਚ ਪਾਰਟੀ ਹਾਈਕਮਾਨ ਨਾਲ ਗੱਲ ਵੀ ਚੁੱਕੀ ਹੈ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੈਨੂੰ ਹਾਈਕਮਾਨ ਦਾ ਗਰੀਨ ਸਿਗਨਲ ਮਿਲ ਚੁੱਕਾ ਹੈ। ਜ਼ਿਕਰਯੋਗ ਹੈ ਕਿ ਅਜੇ ਤਿੰਨ ਦਿਨ ਪਹਿਲਾਂ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਫਤਹਿ ਜੰਗ ਸਿੰਘ ਬਾਜਵਾ ਨੂੰ ਟਿਕਟ ਦੇਣ ਦੇ ਸੰਕੇਤ ਦਿੱਤੇ ਸਨ। ਸਿੱਧੂ ਪਿਛਲੇ ਦਿਨੀਂ ਫਤਹਿ ਜੰਗ ਸਿੰਘ ਦੇ ਹੱਕ ਵਿਚ ਰੈਲੀ ਨੂੰ ਸੰਬੋਧਨ ਕਰਨ ਲਈ ਗਏ ਸਨ। ਜਦੋਂ ਮੀਡੀਆ ਨੇ ਬਾਜਵਾ ਨੂੰ ਪੁੱਛਿਆ ਕਿ ਕਾਦੀਆਂ ਸੀਟ ਤੋਂ ਤਾਂ ਉਨ੍ਹਾਂ ਦੇ ਭਰਾ ਫਤਹਿ ਜੰਗ ਸਿੰਘ ਵਿਧਾਇਕ ਹਨ ਤਾਂ ਉਹ ਕਿਧਰ ਜਾਣਗੇ। ਇਸਦੇ ਜਵਾਬ ‘ਚ ਬਾਜਵਾ ਨੇ ਕਿਹਾ ਕਿ ਇਹ ਤਾਂ ਪ੍ਰਮਾਤਮਾ ਹੀ ਜਾਣੇ। ਜ਼ਿਕਰਯੋਗ ਹੈ ਕਿ ਕਾਦੀਆਂ ਵਿਚ ਪ੍ਰਤਾਪ ਬਾਜਵਾ ਤੇ ਫਤਹਿ ਜੰਗ ਦੀ ਇਹ ਸਿਆਸੀ ਲੜਾਈ ਕੋਈ ਨਵੀਂ ਨਹੀਂ ਹੈ। 2012 ਤੱਕ ਇਸ ਸੀਟ ‘ਤੇ ਪ੍ਰਤਾਪ ਬਾਜਵਾ ਹੀ ਚੋਣ ਲੜਦੇ ਰਹੇ ਹਨ ਅਤੇ ਉਨ੍ਹਾਂ ਦੀ ਪਤਨੀ ਚਰਨਜੀਤ ਕੌਰ ਬਾਜਵਾ ਵੀ ਇਥੋਂ 2012 ਵਿਚ ਵਿਧਾਇਕ ਰਹੀ ਹੈ। ਉਸ ਤੋਂ ਬਾਅਦ ਇਹ ਸੀਟ ਫਤਹਿ ਜੰਗ ਬਾਜਵਾ ਨੂੰ ਦੇ ਦਿੱਤੀ ਗਈ ਸੀ। ਬਾਜਵਾ ਵਲੋਂ ਕਾਦੀਆਂ ਤੋਂ ਵਿਧਾਨ ਸਭਾ ਚੋਣ ਲੜਨ ਦੇ ਐਲਾਨ ਨਾਲ ਹੁਣ ਨਵੀਂ ਸਿਆਸੀ ਚਰਚਾ ਸ਼ੁਰੂ ਹੋ ਗਈ ਹੈ।
ਪੰਜਾਬ ਕਾਂਗਰਸ ‘ਚ ਸਿੱਧੂ ਦਾ ਵਿਰੋਧ ਸ਼ੁਰੂ
ਪਾਰਟੀ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਆਵਾਲ ਨੇ ਦਿੱਤਾ ਅਸਤੀਫਾ
ਚੰਡੀਗੜ੍ਹ : ਪੰਜਾਬ ਵਿਚ ਵਿਧਾਨ ਸਭਾ ਚੋਣਾਂ ਹੋਣ ਦੇ ਦਿਨ ਨੇੜੇ ਆਉਂਦੇ ਜਾ ਰਹੇ ਹਨ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਵੀ ਵਧਣਾ ਸ਼ੁਰੂ ਹੋ ਗਿਆ ਹੈ। ਇਸ ਦੇ ਚੱਲਦਿਆਂ ਕਾਂਗਰਸ ਦੇ ਨੈਸ਼ਨਲ ਕੋਆਰਡੀਨੇਟਰ ਅਤੇ ਪੰਜਾਬ ਤੋਂ ਪਾਰਟੀ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਆਵਾਲ ਨੇ ਸੋਨੀਆ ਗਾਂਧੀ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਹੈ। ਬਲੀਆਵਾਲ ਨੇ ਕਿਹਾ ਕਿ ਉਹ ਪੰਜਾਬ ਵਿਚ ਹੋ ਰਹੀ ਨਾਨਸੈਂਸ, ਪਾਰਟੀ ਅਤੇ ਸਰਕਾਰ ਵਿਰੋਧੀ ਟਿੱਪਣੀਆਂ ਨੂੰ ਡਿਫੈਂਡ ਨਹੀਂ ਕਰ ਸਕਦੇ। ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਦੀ ਵੀ ਤਾਰੀਫ ਕੀਤੀ। ਬਲੀਆਵਾਲ ਕੋਲ ਹਰਿਆਣਾ ਅਤੇ ਹਿਮਾਚਲ ਵਿਚ ਕਿਸਾਨ ਕਾਂਗਰਸ ਦਾ ਚਾਰਜ ਹੋਣ ਦੇ ਨਾਲ ਨਾਲ ਉਹ ਪੰਜਾਬ ਕਾਂਗਰਸ ਦੇ ਸੀਨੀਅਰ ਮੀਡੀਆ ਪੈਨਲਿਸਟ ਵੀ ਸਨ। ਬਲੀਆਵਾਲ ਨੇ ਸੋਨੀਆ ਗਾਂਧੀ ਨੂੰ ਭੇਜੇ ਆਪਣੇ ਅਸਤੀਫੇ ਵਿਚ ਲਿਖਿਆ ਕਿ 15 ਸਾਲ ਤੋਂ ਉਹ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਹੇ ਹਨ। ਬਲੀਆਵਾਲ ਨੇ ਸੋਨੀਆ ਗਾਂਧੀ ਨੂੰ ਕਿਹਾ ਕਿ ਹੁਣ ਤੁਸੀਂ ਪੰਜਾਬ ਦੀ ਵਾਗਡੋਰ ਗਲਤ ਹੱਥਾਂ ਵਿਚ ਸੌਂਪ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਕ ਬੁਲਾਰਾ ਹੋਣ ਦੇ ਨਾਤੇ ਉਨ੍ਹਾਂ ਲਈ ਪਾਰਟੀ ਅਤੇ ਸਰਕਾਰ ਵਿਰੋਧੀ ਟਿੱਪਣੀਆਂ ਦਾ ਬਚਾਅ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਉਨ੍ਹਾਂ ਨਵਜੋਤ ਸਿੱਧੂ ਦੇ ਪਾਕਿਸਤਾਨ ਨਾਲ ਸਬੰਧਾਂ ਨੂੰ ਲੈ ਕੇ ਇਤਰਾਜ਼ ਜ਼ਾਹਰ ਕੀਤਾ। ਜ਼ਿਕਰਯੋਗ ਹੈ ਕਿ ਪ੍ਰਿਤਪਾਲ ਸਿੰਘ ਨੇ ਕੈਪਟਨ ਵੱਲੋਂ ਬਣਾਈ ‘ਪੰਜਾਬ ਲੋਕ ਕਾਂਗਰਸ’ ਪਾਰਟੀ ‘ਚ ਸ਼ਮੂਲੀਅਤ ਕਰ ਲਈ ਹੈ।
Check Also
ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ
ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …