ਬਸਪਾ ਉਸੇ ਦਲ ਨਾਲ ਸਮਝੌਤਾ ਕਰੇਗੀ ਜੋ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਦਾ ਉਮੀਦਵਾਰ ਮੰਨੇਗੀ : ਰਛਪਾਲ ਰਾਜੂ
ਚੰਡੀਗੜ੍ਹ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਹ ਸਵਾਲ ਉਭਰ ਰਿਹਾ ਹੈ ਕਿ ਬਸਪਾ ਦੀ ਕੌਮੀ ਪ੍ਰਧਾਨ ਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਦਾ ਉਮੀਦਵਾਰ ਮੰਨ ਕੇ ਸੂਬੇ ਵਿਚ ਤੀਜੀ ਧਿਰ ਉਸਰੇਗੀ? ਜੇ ਅਜਿਹਾ ਹੋਇਆ ਤਾਂ ਇਹ ਪੰਜਾਬ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਵੇਗਾ। ਬਸਪਾ ਦੇ ਪੰਜਾਬ ਪ੍ਰਧਾਨ ਰਛਪਾਲ ਸਿੰਘ ਰਾਜੂ ਨੇ ਕਿਹਾ ਕਿ ਉਨ੍ਹਾਂ ਵੱਲੋਂ ਸੂਬੇ ਵਿਚ ਤੀਜਾ ਫਰੰਟ ਬਣਾਉਣ ਦੀਆਂ ਹਾਮੀ ਪਾਰਟੀਆਂ ਅੱਗੇ ਸ਼ਰਤ ਰੱਖੀ ਹੈ ਕਿ ਜਿਹੜੀ ਧਿਰ ਬਸਪਾ ਦੀ ਸੁਪਰੀਮੋ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਦਾ ਉਮੀਦਵਾਰ ਮੰਨੇਗੀ, ਪਾਰਟੀ ਸਿਰਫ਼ ਉਸੇ ਧਿਰ ਨਾਲ ਹੀ ਗੱਠਜੋੜ ਕਰੇਗੀ। ਉਨ੍ਹਾਂ ਦਾਅਵਾ ਕੀਤਾ ਕਿ ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ, ਸ਼੍ਰੋਮਣੀ ਅਕਾਲੀ ਦਲ (ਟਕਸਾਲੀ), ਡਾ. ਗਾਂਧੀ ਦੇ ਪੰਜਾਬ ਮੰਚ ਅਤੇ ਖਹਿਰਾ ਦੀ ਪੰਜਾਬੀ ਏਕਤਾ ਪਾਰਟੀ ਵੱਲੋਂ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਮੰਨਣ ਤੋਂ ਬਾਅਦ ਹੀ ਬਸਪਾ ਵੱਲੋਂ ਇਨ੍ਹਾਂ ਧਿਰਾਂ ਨਾਲ ਗੱਠਜੋੜ ਕੀਤਾ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਹਾਲੇ ਤਕ ਯੂਨਾਈਟਿਡ ਅਕਾਲੀ ਦਲ ਨੇ ਹੀ ਖੁੱਲ੍ਹੇ ਰੂਪ ਵਿਚ ਬਸਪਾ ਨਾਲ ਸਾਂਝ ਪਾ ਕੇ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਉਮੀਦਵਾਰ ਵਜੋਂ ਉਭਾਰਨ ਦਾ ਐਲਾਨ ਕੀਤਾ ਹੈ। ਰਾਜੂ ਨੇ ਮੰਨਿਆ ਕਿ ‘ਆਪ’ ਲੀਡਰਸ਼ਿਪ ਨਾਲ ਵੀ ਉਨ੍ਹਾਂ ਦੀ ਗੱਲ ਚੱਲ ਰਹੀ ਹੈ। ਜੇ ਇਹ ਪਾਰਟੀ ਵੀ ਮਾਇਆਵਤੀ ਨੂੰ ਪ੍ਰਧਾਨ ਮੰਤਰੀ ਦਾ ਉਮੀਦਵਾਰ ਮੰਨਣ ਦੀ ਸ਼ਰਤ ਪ੍ਰਵਾਨ ਕਰੇਗੀ ਤਾਂ ਇਸ ਪਾਰਟੀ ਨਾਲ ਸਮਝੌਤੇ ਦਾ ਰਾਹ ਖੁੱਲ੍ਹ ਸਕਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇੱਛਾ ਹੈ ਕਿ ‘ਆਪ’ ਵੀ ਇਸ ਗੱਠਜੋੜ ਵਿਚ ਸ਼ਾਮਲ ਹੋਵੇ। ਦੱਸਣਯੋਗ ਹੈ ਕਿ ‘ਆਪ’ ਲੀਡਰਸ਼ਿਪ ਪਹਿਲਾਂ ਹੀ ਸਪਸ਼ਟ ਕਰ ਚੁੱਕੀ ਹੈ ਕਿ ਉਹ ਬੈਂਸ ਭਰਾਵਾਂ ਅਤੇ ਖਹਿਰੇ ਦੀ ਪਾਰਟੀ ਨਾਲ ਕਿਸੇ ਵੀ ਕੀਮਤ ‘ਤੇ ਗੱਠਜੋੜ ਨਹੀਂ ਕਰ ਸਕਦੀ। ਰਾਜੂ ਨੇ ਕਿਹਾ ਕਿ ਬੈਂਸ, ਬ੍ਰਹਮਪੁਰਾ, ਗਾਂਧੀ ਅਤੇ ਖਹਿਰਾ ਧੜੇ ਨਾਲ ਤਕਰੀਬਨ ਚੋਣ ਸਮਝੌਤਾ ਹੋ ਗਿਆ ਹੈ, ਪਰ ਫਿਲਹਾਲ ਸੀਟਾਂ ਦੀ ਮੁਕੰਮਲ ਵੰਡ ਹੋਣੀ ਬਾਕੀ ਹੈ। ਸੂਤਰਾਂ ਅਨੁਸਾਰ ਪੰਜਾਬ ਵਿਚ ਗੱਠਜੋੜ ਨੂੰ ਅੰਤਿਮ ਰੂਪ ਦੇਣ ਲਈ ਮੀਟਿੰਗਾਂ ਦਾ ਸਿਲਸਿਲਾ ਚੱਲ ਰਿਹਾ ਹੈ ਅਤੇ ਅਗਲੇ ਦਿਨੀਂ ਸਥਿਤੀ ਸਪਸ਼ਟ ਹੋ ਜਾਵੇਗੀ।
‘ਆਪ’ ਪੰਜਾਬ ਨੇ ਗਠਜੋੜ ਲਈ ਦਰਵਾਜ਼ੇ ਰੱਖੇ ਖੁੱਲ੍ਹੇ : ਭਗਵੰਤ ਮਾਨ
ਅੰਮ੍ਰਿਤਸਰ : ਆਮ ਆਦਮੀ ਪਾਰਟੀ (ਆਪ) ਦੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਨੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਅਤੇ ਬਸਪਾ ਨਾਲ ਗੱਠਜੋੜ ਦੀ ਸੰਭਾਵਨਾ ਬਰਕਰਾਰ ਦੱਸਦਿਆਂ ਆਖਿਆ ਕਿ ਇਸ ਸਬੰਧੀ ਗੱਲਬਾਤ ਦਾ ਸਿਲਸਿਲਾ ਜਾਰੀ ਹੈ। ਉਨ੍ਹਾਂ ਮੁੜ ਪ੍ਰਧਾਨ ਬਣਨ ਮਗਰੋਂ ਹਰਿਮੰਦਰ ਸਾਹਿਬ ਮੱਥਾ ਵੀ ਟੇਕਿਆ। ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਆਗਾਮੀ ਲੋਕ ਸਭਾ ਚੋਣਾਂ ਵਿਚ ਹੋਰ ਪਾਰਟੀਆਂ ਨਾਲ ਗੱਠਜੋੜ ਦੀਆਂ ਸੰਭਾਵਨਾਵਾਂ ਬਾਰੇ ਆਖਿਆ ਕਿ ਇਸ ਸਬੰਧੀ ਗੱਲਬਾਤ ਦਾ ਸਿਲਸਿਲਾ ਜਾਰੀ ਹੈ ਤੇ ਸੰਭਾਵਨਾਵਾਂ ਬਰਕਰਾਰ ਹਨ। ਗੱਠਜੋੜ ਲਈ ‘ਆਪ’ ਨੇ ਦਰਵਾਜ਼ੇ ਖੁੱਲ੍ਹੇ ਰੱਖੇ ਹੋਏ ਹਨ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਅਤੇ ਬਸਪਾ ਨਾਲ ਗੱਲਬਾਤ ਚੱਲ ਰਹੀ ਹੈ। ਸੁਖਪਾਲ ਸਿੰਘ ਖਹਿਰਾ ਦੀ ਪੰਜਾਬੀ ਏਕਤਾ ਪਾਰਟੀ ਨਾਲ ਗੱਠਜੋੜ ਤੋਂ ਨਾਂਹ ਕਰਦਿਆਂ ਉਨ੍ਹਾਂ ਆਖਿਆ ਕਿ ਖਹਿਰਾ ਨਾਲ ‘ਆਪ’ ਦੇ ਸਮੀਕਰਨ ਠੀਕ ਨਹੀਂ ਹਨ।
Check Also
ਅੰਮਿ੍ਰਤਸਰ ਅਤੇ ਜੰਮੂ ਜਾਣ ਵਾਲੀਆਂ 22 ਰੇਲ ਗੱਡੀਆਂ ਰੱਦ
ਅੰਬਾਲਾ/ਬਿਊਰੋ ਨਿਊਜ਼ : ਪਾਕਿਸਤਾਨ ਵੱਲੋਂ ਡਰੋਨ ਅਤੇ ਮਿਜ਼ਾਈਲ ਹਮਲਿਆਂ ਦੀਆਂ ਕੋਸਸ਼ਿਾਂ ਤੋਂ ਬਾਅਦ ਭਾਰਤ ਨੇ …