3.3 C
Toronto
Saturday, January 10, 2026
spot_img
Homeਪੰਜਾਬਅਕਾਲੀ-ਭਾਜਪਾ ਗਠਜੋੜ ਜਾਰੀ ਰਹੇਗਾ : ਸੁਖਬੀਰ ਬਾਦਲ

ਅਕਾਲੀ-ਭਾਜਪਾ ਗਠਜੋੜ ਜਾਰੀ ਰਹੇਗਾ : ਸੁਖਬੀਰ ਬਾਦਲ

ਕਿਸਾਨਾਂ ਦੀ ਸਹਾਇਤਾ ਰਾਸ਼ੀ ਦੁੱਗਣੀ ਕਰੇ ਕੇਂਦਰ: ਅਕਾਲੀ ਦਲ
ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਛੇ ਹਜ਼ਾਰ ਰੁਪਏ ਪ੍ਰਤੀ ਸਾਲ ਦੇਣ ਦੇ ਫੈਸਲੇ ਦਾ ਸੁਆਗਤ ਕਰਦਿਆਂ ਕੇਂਦਰ ਨੂੰ ਅਪੀਲ ਕੀਤੀ ਹੈ ਕਿ ਇਸ ਰਾਸ਼ੀ ਨੂੰ ਵਧਾ ਕੇ ਬਾਰਾਂ ਹਜ਼ਾਰ ਰੁਪਏ ਸਾਲਾਨਾ ਕੀਤਾ ਜਾਵੇ। ਇਹ ਸਕੀਮ ਖੇਤ ਮਜ਼ਦੂਰਾਂ ਲਈ ਵੀ ਲਾਗੂ ਕੀਤੀ ਜਾਵੇ। ਇਥੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਜਿਥੇ ਕੇਂਦਰ ਸਰਕਾਰ ਨੂੰ ਕਿਸਾਨਾਂ ਨੂੰ ਹੋਰ ਪੈਸਾ ਦੇਣ ਦੀ ਮੰਗ ਕੀਤੀ ਗਈ ਹੈ, ਉਥੇ ਪੰਜਾਬ ਸਰਕਾਰ ਨੂੰ ਕਿਹਾ ਗਿਆ ਹੈ ਕਿ ਉਹ ਵੀ ਕੇਂਦਰ ਸਰਕਾਰ ਦੇ ਬਰਾਬਰ ਦੀ ਰਾਸ਼ੀ ਸਿੱਧੇ ਤੌਰ ‘ਤੇ ਪੰਜਾਬ ਦੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਦੇਵੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਾ ਭਾਜਪਾ ਨਾਲ ਗਠਜੋੜ ਜਾਰੀ ਰਹੇਗਾ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਭਾਜਪਾ ਨੂੰ ਪਹਿਲਾਂ ਦੀ ਤਰ੍ਹਾਂ ਹੀ ਤਿੰਨ ਸੀਟਾਂ ਹੀ ਛੱਡੀਆਂ ਜਾਣਗੀਆਂ ਤੇ ਜੇ ਸੀਟਾਂ ਦੀ ਅਦਲਾ-ਬਦਲੀ ਦੀ ਜ਼ਰੂਰਤ ਪਈ ਤਾਂ ਅਕਾਲੀ ਦਲ ਤੇ ਭਾਜਪਾ ਦੀ ਸਾਂਝੀ ਕੋਰ ਕਮੇਟੀ ਵਿਚ ਇਸ ਬਾਰੇ ਫੈਸਲਾ ਲਿਆ ਜਾਵੇਗਾ। ਅਕਾਲੀ ਦਲ ਦੇ ਬੁਲਾਰੇ ਹਰਚਰਨ ਬੈਂਸ ਨੇ ਕਿਹਾ ਕਿ ਜਲਦੀ ਹੀ ਪਾਰਟੀ ਦੇ ਸੰਸਦ ਮੈਂਬਰਾਂ ਦਾ ਇਕ ਵਫ਼ਦ ਕੇਂਦਰੀ ਵਿੱਤ ਮੰਤਰੀ ਨੂੰ ਮਿਲੇਗਾ ਤੇ ਮੰਗ ਕਰੇਗਾ ਕਿ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਰਾਸ਼ੀ ਦੁੱਗਣੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕੋਰ ਕਮੇਟੀ ਨੇ ਆਮਦਨ ਟੈਕਸ ਦੀ ਹੱਦ ਵਧਾ ਕੇ ਪੰਜ ਲੱਖ ਕਰਨ ਦੇ ਫੈਸਲੇ ਦਾ ਵੀ ਸੁਆਗਤ ਕੀਤਾ ਹੈ। ਇਸ ਦੇ ਨਾਲ ਗੈਰ ਸੰਗਠਿਤ ਖੇਤਰ ਦੇ ਦਸ ਕਰੋੜ ਵਰਕਰਾਂ ਨੂੰ ਤਿੰਨ ਹਜ਼ਾਰ ਰੁਪਏ ਮਹੀਨਾ ਦੇਣ ਅਤੇ ਜੀ.ਐਸ.ਟੀ. ਦੀ ਛੋਟ ਚਾਲੀ ਲੱਖ ਕਰਨ, ਆਸ਼ਾ ਤੇ ਆਂਗਣਵਾੜੀ ਵਰਕਰਾਂ ਦੀ ਤਨਖਾਹ ਵਧਾਉਣ ਦੇ ਫੈਸਲੇ ਦਾ ਸੁਆਗਤ ਕੀਤਾ ਹੈ। ਸੁਖਬੀਰ ਬਾਦਲ ਨੇ ਪੰਜਾਬ ਦੀ ਕੈਪਟਨ ਸਰਕਾਰ ਵਿਰੁੱਧ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਰਾਜ ਸਰਕਾਰ ਚੋਣਾਂ ਤੋਂ ਪਹਿਲਾਂ ਕੀਤੇ ਸਾਰੇ ਵਾਅਦਿਆਂ ਤੋਂ ਭੱਜ ਗਈ ਹੈ। ਮੀਟਿੰਗ ਵਿਚ ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ, ਜਥੇਦਾਰ ਤੋਤਾ ਸਿੰਘ, ਬਿਕਰਮ ਸਿੰਘ ਮਜੀਠੀਆ, ਬੀਬੀ ਜਗੀਰ ਕੌਰ, ਬੀਬੀ ਉਪਿੰਦਰਜੀਤ ਕੌਰ, ਚਰਨਜੀਤ ਸਿੰਘ ਅਟਵਾਲ, ਡਾ.ਦਲਜੀਤ ਸਿੰਘ ਚੀਮਾ, ਨਿਰਮਲ ਸਿੰਘ ਕਾਹਲੋਂ, ਜਨਮੇਜਾ ਸਿੰਘ ਸੇਖੋਂ, ਸ਼ਰਮਨਜੀਤ ਸਿੰਘ ਢਿਲੋਂ, ਸੁਰਜੀਤ ਸਿੰਘ ਰੱਖੜਾ ਆਦਿ ਆਗੂ ਹਾਜ਼ਰ ਸਨ।

RELATED ARTICLES
POPULAR POSTS