ਦੋ ਮਹੀਨਿਆਂ ਤੋਂ ਲਗਾਤਾਰ ਕੱਚੇ ਕਾਮੇ ‘ਪੱਕੇ ਮੋਰਚੇ’ ਉਤੇ ਡਟੇ
ਬਠਿੰਡਾ/ਬਿਊਰੋ ਨਿਊਜ਼
ਇਕੱਲਾ ਬਠਿੰਡਾ ਥਰਮਲ ਨੂੰ ਜਿੰਦਰਾ ਨਹੀਂ ਵੱਜਿਆ, ਸੈਂਕੜੇ ਪਰਿਵਾਰਾਂ ਦੇ ਘਰਾਂ ਵਿੱਚ ਵੀ ਘਾਹ ਉੱਗ ਆਇਆ ਹੈ। ਹੁਣ ਇਨ੍ਹਾਂ ਪਰਿਵਾਰਾਂ ਲਈ ਜ਼ਿੰਦਗੀ ਦਾ ਗੱਡਾ ਰੋੜ੍ਹਨਾ ਮੁਸ਼ਕਲ ਹੈ। ਕੈਪਟਨ ਹਕੂਮਤ ਦੇ ਇਕ ਫ਼ੈਸਲੇ ਨੇ ਇਨ੍ਹਾਂ ਪਰਿਵਾਰਾਂ ਦਾ ਤ੍ਰਾਹ ਕੱਢ ਦਿੱਤਾ ਹੈ। ਦੱਸਣਯੋਗ ਹੈ ਕਿ ਬਠਿੰਡਾ ਥਰਮਲ ਬੰਦ ਕਰਨ ਦੇ ਫ਼ੈਸਲੇ ਨੇ 635 ਕੱਚੇ ਕਾਮਿਆਂ ਦਾ ਭਵਿੱਖ ਸੂਤ ਦਿੱਤਾ ਹੈ। ਪੂਰੇ ਦੋ ਮਹੀਨਿਆਂ ਤੋਂ ਬਠਿੰਡਾ ਦੇ ਮਿੰਨੀ ਸਕੱਤਰੇਤ ਅੱਗੇ ਇਹ ਕੱਚੇ ਕਾਮੇ ਆਪਣੇ ਪਰਿਵਾਰਾਂ ਨਾਲ ‘ਪੱਕੇ ਮੋਰਚੇ’ ਵਿੱਚ ਡਟੇ ਹੋਏ ਹਨ।
ਘਰ-ਘਰ ਨੌਕਰੀ ਦੇਣ ਦੇ ਐਲਾਨ ਕਰਨ ਵਾਲੀ ਸਰਕਾਰ ਨੂੰ ਹਾਲੇ ਤੱਕ ਇਨ੍ਹਾਂ ਕਾਮਿਆਂ ਦਾ ਸੰਘਰਸ਼ੀ ਟੈਂਟ ਨਜ਼ਰ ਨਹੀਂ ਪਿਆ। ਗੱਲਬਾਤ ਕਰਦਿਆਂ ਕਾਮਿਆਂ ਨੇ ਕਿਹਾ, ‘ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਤਾਂ ਉਨ੍ਹਾਂ ਦੇ ਅਰਮਾਨਾਂ ਦਾ ਗਾਟਾ ਹੀ ਲਾਹ ਦਿੱਤਾ ਹੈ।’ ਮਹਿਮਾ ਸਰਜਾ ਦੇ ਕੱਚੇ ਕਾਮੇ ਜਗਸੀਰ ਸਿੰਘ ਲਈ ਉਦੋਂ ਹੀ ਬੋਦੀ ਵਾਲਾ ਤਾਰਾ ਚੜ੍ਹ ਗਿਆ ਸੀ ਜਦੋਂ ਥਰਮਲ ਨੂੰ ਪਹਿਲੀ ਜਨਵਰੀ ਤੋਂ ਬੰਦ ਕਰ ਦਿੱਤਾ ਸੀ। ਤਿੰਨ ਜਨਵਰੀ ਨੂੰ ਉਸ ਦੀ ਜੀਵਨ ਸਾਥਣ ਜ਼ਿੰਦਗੀ ਨੂੰ ਅਲਵਿਦਾ ਆਖ ਗਈ। ਇਸੇ ਤਰ੍ਹਾਂ ਗਗਨਦੀਪ ਸਿੰਘ ਕੋਲੋਂ ਪਹਿਲਾਂ ਨੌਕਰੀ ਖੁੱਸ ਗਈ ਤੇ ਫਿਰ ਸੰਘਰਸ਼ ਦੇ ਦਿਨਾਂ ਦੌਰਾਨ ਉਸ ਦੀ ਮਾਂ ਉਰਮਿਲਾ ਜਹਾਨੋਂ ਤੁਰ ਗਈ। ਬੇਰੁਜ਼ਗਾਰ ਹੋਣ ਕਾਰਨ ਉਹ ਆਪਣੀ ਮਾਂ ਦਾ ਇਲਾਜ ਵੀ ਨਾ ਕਰਵਾ ਸਕਿਆ। ਇਹੋ ਝੋਰਾ ਉਸ ਨੂੰ ਪੂਰੀ ਜ਼ਿੰਦਗੀ ਰਹੇਗਾ। ਥਰਮਲ ਕਾਮਾ ਪ੍ਰਸ਼ੋਤਮ ਦਾਸ ਆਪਣੀ ਮਾੜੀ ਕਿਸਮਤ ਨੂੰ ਕੋਸਦਾ ਹੈ। ਥਰਮਲ ਬੰਦੀ ਮਗਰੋਂ ਉਹ ਆਪਣੀ ਧੀ ਕੰਚਨ ਰਾਣੀ ਨੂੰ ਨਰਸਿੰਗ ਕੋਰਸ ਵਿੱਚ ਕਿਸੇ ਤਣ ਪੱਤਣ ਨਹੀਂ ਲਾ ਸਕਿਆ। ਉਸ ਨੇ ਦੱਸਿਆ ਕਿ ਡੇਢ ਸਾਲ ਦਾ ਕੋਰਸ ਹੋ ਚੁੱਕਾ ਹੈ ਅਤੇ ਹੁਣ 70 ਹਜ਼ਾਰ ਫ਼ੀਸ ਦੀ ਲੋੜ ਹੈ। ਪਰ ਹੁਣ ਅੱਧ ਵਿਚਾਲੇ ਕੋਰਸ ਛੁਡਵਾਉਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਬਚਿਆ। ਕੰਚਨ ਰਾਣੀ ਦੀ ਸੱਧਰ ‘ਤੇ ਥਰਮਲ ਨੇ ਅਣਕਿਆਸੀ ਕਾਲਖ ਫੇਰ ਦਿੱਤੀ ਹੈ। ਮੁਲਾਜ਼ਮ ਸੁਰਿੰਦਰ ਕੁਮਾਰ ਉਦੋਂ ਗੱਚ ਭਰ ਲੈਂਦਾ ਹੈ, ਜਦੋਂ ਉਹ ਆਪਣੀਆਂ ਸਕੂਲ ਪੜ੍ਹਦੀਆਂ ਧੀਆਂ ਦੇ ਬੂਟ ਫਟੇ ਹੋਣ ਦੀ ਗੱਲ ਕਰਦਾ ਹੈ। ਨਾਲ ਹੀ ਮਾਂ ਦੇ ‘ਟੁੱਟੇ’ ਹੋਏ ਪੈਰ ਦਾ ਦਰਦ ਬਿਆਨਦਾ ਹੈ। ਉਹ ਆਖਦਾ ਹੈ ਕਿ ਮਾਂ ਨੇ ਪੈਰਾਂ ਨਾਲ ਲੀਰਾਂ ਲਪੇਟ ਲਈਆਂ ਹਨ, ਪੈਰ ਦੀ ਚੀਸ ਨੂੰ ਉਹ ਥਰਮਲ ਬੰਦੀ ਦੇ ਫੱਟ ਤੋਂ ਘੱਟ ਆਖਦੀ ਹੈ। ਮੁਲਾਜ਼ਮ ਰਾਮ ਵਰੁਣ ਨੂੰ ਇਹੋ ਮਲਾਲ ਹੈ ਕਿ ਉਸ ਦੀਆਂ ਦੋਵੇਂ ਧੀਆਂ ਨੂੰ ਕਾਲਜ ਪ੍ਰਬੰਧਕਾਂ ਨੇ ਫ਼ੀਸ ਭਰੇ ਬਿਨਾ ਪ੍ਰੀਖਿਆ ਵਿੱਚ ਨਹੀਂ ਬੈਠਣ ਦੇਣਾ। ਮੁਲਾਜ਼ਮ ਆਗੂ ਵਿਜੇ ਕੁਮਾਰ ਦੱਸਦਾ ਹੈ ਕਿ ਰੁਜ਼ਗਾਰ ਖੁੱਸ ਗਿਆ ਤੇ ਮਕਾਨ ਮਾਲਕ ਦਾ ਕਿਰਾਇਆ ਨਹੀਂ ਤਾਰਿਆ ਗਿਆ। ਦੁਕਾਨਦਾਰ ਨੇ ਰਾਸ਼ਨ ਦੇਣਾ ਬੰਦ ਕਰ ਦਿੱਤਾ। ਅਖੀਰ ਪਤਨੀ ਦੇ ਗਹਿਣੇ 6500 ਰੁਪਏ ਵਿੱਚ ਗਿਰਵੀ ਰੱਖਣੇ ਪਏ। ਕਾਮਤਾ ਪ੍ਰਸ਼ਾਦ ਤੇ ਉਸ ਦਾ ਲੜਕਾ ਸੁਰੇਸ਼ ਕੁਮਾਰ ਦੋਵੇਂ ਥਰਮਲ ਬੰਦੀ ਨੇ ਵਿਹਲੇ ਕਰ ਦਿੱਤੇ ਹਨ। ਦੋਵੇਂ ਹੁਣ ਸੰਘਰਸ਼ੀ ਪਿੜ ਵਿਚੋਂ ਠੰਢਾ ਬੁੱਲਾ ਉਡੀਕ ਰਹੇ ਹਨ।ઠਕਾਮਤਾ ਪ੍ਰਸ਼ਾਦ ਨੇ ਦੱਸਿਆ ਕਿ ਉਸ ਨੂੰ ਇਸ ਮਹੀਨੇ ਆਪਣਾ ਸਾਈਕਲ 500 ਰੁਪਏ ਵਿੱਚ ਵੇਚ ਕੇ ਘਰ ਦਾ ਰਾਸ਼ਨ ਲੈਣਾ ਪਿਆ ਹੈ। ਮੁਲਾਜ਼ਮ ਤਿਲਕ ਰਾਜ ਜਦੋਂ ਸੰਘਰਸ਼ੀ ਰਾਹ ‘ਤੇ ਪੈ ਗਿਆ, ਤਾਂ ਪਿੱਛੋਂ ਉਸ ਦੀਆਂ ਤਿੰਨ ਬੱਕਰੀਆਂ ਮਰ ਗਈਆਂ। ਉਸ ਕੋਲ ਹੁਣ ਕੋਈ ਢਾਰਸ ਨਹੀਂ ਬਚੀ ਹੈ।
ਇਨ੍ਹਾਂ ਕਾਮਿਆਂ ਦੇ ਹੱਥ ਤਾਂ ਖ਼ਾਲੀ ਹਨ ਪਰ ‘ਮੁੱਕੇ’ ਤਣੇ ਹੋਏ ਹਨ। ਸੰਘਰਸ਼ੀ ਜਿੱਤ ਦਾ ਭਰੋਸਾ ਉਨ੍ਹਾਂ ਨੂੰ ਡੋਲਣ ਨਹੀਂ ਦੇ ਰਿਹਾ। ਰਾਮ ਲਾਲ ਦਾ ਚੌਥੀ ਵਿੱਚ ਪੜ੍ਹਦਾ ਬੇਟਾ ਵਰੁਣ ਦਿਲ ਦਾ ਮਰੀਜ਼ ਹੈ। ਇਹ ਬੱਚਾ ਰੋਸ ਮਾਰਚਾਂ ਵਿੱਚ ਉੱਚੀ-ਉੱਚੀ ਨਾਅਰੇ ਮਾਰਦਾ ਰਿਹਾ, ਅਖੀਰ ਉਸ ਦੀ ਸਮੱਸਿਆ ਵੱਧ ਗਈ। ਰਾਮ ਲਾਲ ਆਖਦਾ ਹੈ ਕਿ ਇਲਾਜ ਲਈ ਹੁਣ ਕਿਹੜਾ ਖੂਹ ਪੁੱਟੇ। ਕਾਮਿਆਂ ਦੇ ਤੰਬੂ ਨੇ ਕਦੇ ਡਿਪਟੀ ਕਮਿਸ਼ਨਰ ਨੂੰ ਨਹੀਂ ਹਲੂਣਿਆ, ਜੋ ਦਿਨ ਵਿੱਚ ਕਈ ਕਈ ਵਾਰ ਇਸ ਤੰਬੂ ਕੋਲ ਲੰਘਦਾ ਹੈ। ਠੇਕਾ ਮੁਲਾਜ਼ਮ ਯੂਨੀਅਨ ਦੇ ਆਗੂ ਵਿਜੇ ਕੁਮਾਰ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ 57 ਦਿਨਾਂ ਵਿੱਚ ਸਰਕਾਰ ਕੋਲੋਂ ਸਿਰਫ਼ ਪੁਲਿਸ ਕੇਸ ਮਿਲੇ ਹਨ।
ਹੁਣ ਟਿਕ ਕੇ ਬੈਠਣ ਦਾ ਸਮਾਂ ਨਹੀਂ : ਸੰਧੂ
ਤਾਲਮੇਲ ਮੁਲਾਜ਼ਮ ਕਮੇਟੀ ਦੇ ਆਗੂ ਗੁਰਸੇਵਕ ਸਿੰਘ ਸੰਧੂ ਦਾ ਕਹਿਣਾ ਸੀ ਕਿ ਖ਼ਜ਼ਾਨਾ ਮੰਤਰੀ ਨੇ ਤਾਂ ਇਨ੍ਹਾਂ ਕਾਮਿਆਂ ਨੂੰ ਪਹਿਲੇ ਹੱਲੇ ਹੀ ਪੰਜੀ ਦਾ ਭੌਣ ਦਿਖਾ ਦਿੱਤਾ ਹੈ। ઠਮਨਪ੍ਰੀਤ ਬਾਦਲ ਚੋਣ ਪ੍ਰਚਾਰ ਦੌਰਾਨ ਆਖਦੇ ਸਨ ਕਿ ‘ਜਦੋਂ ਉਹ ਗਿੱਦੜਬਾਹੇ ਵਾਲੇ ਪਾਸਿਓਂ ਆਉਂਦੇ ਹਨ, ਤਾਂ ਥਰਮਲ ਦੀਆਂ ਬੰਦ ਚਿਮਨੀਆਂ ਦੇਖ ਕੇ ਮਨ ਉਦਾਸ ਹੋ ਜਾਂਦਾ ਹੈ।’ ਇਨ੍ਹਾਂ ਚਿਮਨੀਆਂ ਵਿੱਚੋਂ ਧੂੰਆਂ ਜ਼ਰੂਰ ਨਿਕਲੇਗਾ, ਇਹ ਵਾਅਦਾ ਮਨਪ੍ਰੀਤ ਬਾਦਲ ਕਰਦੇ ਹੁੰਦੇ ਸਨ। ਪਰ ਹੁਣ ਟਿੱਕ ਕੇ ਬੈਠਣ ਦਾ ਸਮਾਂ ਨਹੀਂ ਹੈ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ
ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …