ਗੈਂਗਸਟਰ ਹਥਿਆਰ ਸੁੱਟਣ ਜਾਂ ਨਤੀਜੇ ਭੁਗਤਣ : ਕੈਪਟਨ ਅਮਰਿੰਦਰ
ਜਲੰਧਰ/ਬਿਊਰੋ ਨਿਊਜ਼
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੈਂਗਸਟਰਾਂ ਨੂੰ ਮੁੜ ਸਖਤ ਚਿਤਾਵਨੀ ਦਿੱਤੀ ਹੈ। ਕੈਪਟਨ ਨੇ ਕਿਹਾ ਕਿ ਹੁਣ ਸਿਰਫ ਗੈਂਗਟਰਾਂ ਕੋਲ ਦੋ ਹੀ ਰਸਤੇ ਹਨ ਜਾਂ ਤਾਂ ਉਹ ਹਥਿਆਰ ਸੁੱਟ ਦੇਣ ਅਤੇ ਜਾਂ ਫਿਰ ਨਤੀਜੇ ਭੁਗਤਣ ਲਈ ਤਿਆਰ ਰਹਿਣ। ਮੁੱਖ ਮੰਤਰੀ ਫਿਲੌਰ ਵਿਚ ਪੁਲਿਸ ਅਕੈਡਮੀ ‘ਚ ਨਵੇਂ ਭਰਤੀ ਹੋਏ 18 ਡੀਐੱਸਪੀਜ਼ ਅਤੇ 494 ਸਬ-ਇੰਸਪੈਕਟਰਾਂ ਦੀ ਪਰੇਡ ਦਾ ਨਿਰੀਖਣ ਕਰਨ ਪਹੁੰਚੇ ਹੋਏ ਸਨ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਪੰਜਾਬ ਵਿਚ 50 ਨਵੇਂ ਬੱਸ ਅੱਡੇ ਬਣਾਉਣ ਦਾ ਵੀ ਐਲਾਨ ਕੀਤਾ। ਉਨ੍ਹਾਂ ਫਿਲੌਰ ਦੇ ਇਤਿਹਾਸਕ ਕਿਲ੍ਹੇ ਦੀ ਸਾਂਭ ਸੰਭਾਲ ਤੇ ਮੁਰੰਮਤ ਲਈ 3 ਕਰੋੜ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ।
ਮੁੱਖ ਮੰਤਰੀ ਨੇ ਪੰਜਾਬ ਪੁਲਿਸ ਨੂੰ ਅਤਿ-ਆਧੁਨਿਕ ਤਰੀਕੇ ਨਾਲ ਉੱਨਤ ਸਿਖਲਾਈ ਮੁਹੱਈਆ ਕਰਾਉਣ ਵਾਸਤੇ ਸਾਲਾਨਾ 2 ਕਰੋੜ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ। ਇਹ ਸਿਖਲਾਈ ਕਾਂਸਟੇਬਲ ਤੋਂ ਲੈ ਕੇ ਪੀਪੀਐੱਸ ਪੱਧਰ ਦੇ ਅਧਿਕਾਰੀਆਂ ਨੂੰ ਦੇਸ਼ ਅਤੇ ਵਿਦੇਸ਼ ਦੇ ਸਿਖਲਾਈ ਕੇਂਦਰਾਂ ਵਿਚ ਦਿਵਾਈ ਜਾਵੇਗੀ। ਮੁੱਖ ਮੰਤਰੀ ਨੇ ਪਹਿਲੀ ਵਾਰ ਪੰਜਾਬ ਪੁਲਿਸ ਵਿੱਚ ਲੜਕੀਆਂ ਦੀ ਵੱਡੀ ਗਿਣਤੀ ਵਿੱਚ ਭਰਤੀ ਹੋਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਵਿੱਚ ਸਿੱਧੀ ਭਰਤੀ ਦਾ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਬੈਚ ਹੈ ਜਿਸ ਵਿੱਚ 196 ਲੜਕੀਆਂ ਸਬ-ਇੰਸਪੈਕਟਰ ਅਤੇ 7 ਡੀਐੱਸਪੀ ਹਨ।
ਡੈਪੋ ਦੀ ਨਿੱਜੀ ਤੌਰ ‘ਤੇ ਨਿਗਰਾਨੀ ਕਰਨ ਦੇ ਨਿਰਦੇਸ਼
ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਿਪਟੀ ਕਮਿਸ਼ਨਰਾਂ ਅਤੇ ਐੱਸਐੱਸਪੀਜ਼ ਨੂੰ ਡਰੱਗ ਅਬਿਊਜ਼ ਪ੍ਰੀਵੈਨਸ਼ਨ ਆਫਿਸਰਜ਼ (ਡੈਪੋ) ਪ੍ਰੋਗਰਾਮ ਲਾਗੂ ਕਰਨ ਦੀ ਨਿੱਜੀ ਤੌਰ ‘ਤੇ ਨਿਗਰਾਨੀ ਕਰਨ ਦਾ ਨਿਰਦੇਸ਼ ਦਿੱਤਾ ਹੈ। ਸੂਬਾਈ ਸਰਕਾਰ ਵੱਲੋਂ ਇਹ ਪ੍ਰੋਗਰਾਮ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ 23 ਮਾਰਚ ਨੂੰ ਸ਼ੁਰੂ ਕੀਤਾ ਜਾਵੇਗਾ। ਇਸ ਦਿਨ ਨੂੰ ਯੂਥ ਸਸ਼ਕਤੀਕਰਨ ਦਿਹਾੜੇ ਵਜੋਂ ਮਨਾਇਆ ਜਾਵੇਗਾ।