Breaking News
Home / ਪੰਜਾਬ / ਕੈਨੇਡਾ ਕਰੇਗਾ 700 ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ

ਕੈਨੇਡਾ ਕਰੇਗਾ 700 ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ

ਜਲੰਧਰ ਦੇ ਟਰੈਵਲ ਏਜੰਟ ਦਾ ਕਾਰਾ, ਫਰਜ਼ੀ ਆਫਰ ਲੈਟਰ ਨਾਲ ਭੇਜੇ ਕੈਨੇਡਾ
ਚੰਡੀਗੜ੍ਹ/ਬਿਊਰੋ ਨਿਊਜ਼ : ਕੈਨੇਡੀਆਈ ਸੀਮਾ ਸੁਰੱਖਿਆ ਏਜੰਸੀ (ਸੀਬੀਐਸਏ) ਨੇ ਉਨ੍ਹਾਂ 700 ਤੋਂ ਜ਼ਿਆਦਾ ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦਾ ਨੋਟਿਸ ਜਾਰੀ ਕੀਤਾ ਹੈ, ਜਿਨ੍ਹਾਂ ਦੇ ਸਿੱਖਿਆ ਸੰਸਥਾਨਾਂ ਦੇ ਦਾਖਲੇ ਵਾਲੇ ਆਫਰ ਲੈਟਰ ਫਰਜ਼ੀ ਪਾਏ ਗਏ ਸਨ।
ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ 700 ਵਿਦਿਆਰਥੀ ਪਲੱਸ ਟੂ ਪਾਸ ਕਰਨ ਤੋਂ ਬਾਅਦ, ਜਲੰਧਰ ਦੀ ਐਜੂਕੇਸ਼ਨ ਮਾਈਗ੍ਰੇਸ਼ਨ ਸਰਵਿਸਿਜ਼ ਦੇਣ ਵਾਲੀ ਇਕ ਕੰਪਨੀ ਦੇ ਮਾਧਿਅਮ ਨਾਲ ਇਕ ਸਥਾਨਕ ਏਜੰਟ ਦੇ ਜ਼ਰੀਏ ਕੈਨੇਡਾ ਪਹੁੰਚੇ ਸਨ। ਇਹ ਵੀਜ਼ਾ ਅਰਜ਼ੀਆਂ 2018 ਤੋਂ 2022 ਤੱਕ ਦਾਇਰ ਕੀਤੀ ਗਈਆਂ ਸਨ।
ਜਾਣਕਾਰੀ ਦੇ ਅਨੁਸਾਰ ਜਲੰਧਰ ਦੇ ਏਜੰਟ ਨੇ ਕੈਨੇਡਾ ਦੇ ਹੰਬਰ ਕਾਲਜ ਵਿਚ ਦਾਖਲਾ ਫੀਸ ਸਣੇ ਸਾਰੇ ਖਰਚਿਆਂ ਲਈ ਪ੍ਰਤੀ ਵਿਦਿਆਰਥੀ ਕੋਲੋਂ 16 ਤੋਂ 20 ਲੱਖ ਰੁਪਏ ਵਸੂਲੀ ਕੀਤੀ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਏਜੰਟ ਵਲੋਂ ਦੱਸਿਆ ਗਿਆ ਸੀ ਕਿ ਉਨ੍ਹਾਂ ਵਲੋਂ ਪੇਸ਼ ਕੀਤੇ ਗਏ ਵਿਸ਼ਿਆਂ ਦੀਆਂ ਸਾਰੀਆਂ ਸੀਟਾਂ ਭਰ ਗਈਆਂ ਹਨ ਅਤੇ ਹੁਣ ਉਨ੍ਹਾਂ ਨੂੰ ਅਗਲੇ ਸ਼ੁਰੂ ਹੋਣ ਵਾਲੇ ਸੈਸ਼ਨ ਤੱਕ ਇੰਤਜ਼ਾਰ ਕਰਨਾ ਪਵੇਗਾ।
ਛੇ ਮਹੀਨੇ ਬਾਅਦ ਉਨ੍ਹਾਂ ਨੂੰ ਕਿਸੇ ਹੋਰ ਕਾਲਜ ਵਿਚ ਦਾਖਲਾ ਮਿਲ ਸਕਦਾ ਹੈ। ਇਸ ਦੌਰਾਨ, ਏਜੰਟ ਨੇ ਕਾਲਜ ਦੀ ਫੀਸ ਵਿਦਿਆਰਥੀਆਂ ਨੂੰ ਵਾਪਸ ਕੀਤੀ, ਜਿਸ ਨਾਲ ਵਿਦਿਆਰਥੀਆਂ ਨੂੰ ਉਸਦੀਆਂ ਗੱਲਾਂ ‘ਤੇ ਵਿਸ਼ਵਾਸ ਹੋ ਗਿਆ। ਉਸੇ ਦੀ ਸਲਾਹ ‘ਤੇ ਬਿਨਾ ਸੋਚੇ ਸਮਝੇ ਵਿਦਿਆਰਥੀਆਂ ਨੇ ਦੂਜੇ ਕਾਲਜ ਨਾਲ ਸੰਪਰਕ ਕੀਤਾ, ਉਨ੍ਹਾਂ ਨੇ ਉਪਲਬਧ ਦੋ ਸਾਲਾ ਕੋਰਸਾਂ ਵਿਚ ਦਾਖਲਾ ਲੈ ਲਿਆ। ਕੋਰਸ ਪੂਰਾ ਹੋਣ ਤੋਂ ਬਾਅਦ ਵਿਦਿਆਰਥੀਆਂ ਨੂੰ ਵਰਕ ਪਰਮਿਟ ਮਿਲਿਆ। ਹੁਣ ਪੀਆਰ ਦੀ ਸਥਿਤੀ ਦੇ ਯੋਗ ਬਣਨ ‘ਤੇ, ਵਿਦਿਆਰਥੀਆਂ ਨੇ ਸਬੰਧਤ ਵਿਭਾਗ ਕੋਲ ਦਸਤਾਵੇਜ਼ ਜਮ੍ਹਾਂ ਕਰਵਾ ਦਿੱਤੇ, ਤਦ ਇਸ ਠੱਗੀ ਦਾ ਖੁਲਾਸਾ ਹੋਇਆ।
ਸੀਬੀਐਸਏ ਦੀ ਜਾਂਚ ਵਿਚ ਫਰਜ਼ੀ ਨਿਕਲੇ ਕਈ ਦਾਖਲਾ ਪੱਤਰ
ਵਿਦਿਆਰਥੀਆਂ ਨੇ ਹੋਰ ਕਾਲਜਾਂ ਵਿਚ ਜਾ ਕੇ ਪੜ੍ਹਾਈ ਪੂਰੀ ਕੀਤੀ। ਵਰਕ ਐਕਸਪੀਰੀਐਂਸ ਹਾਸਲ ਕਰਕੇ ਪੀਆਰ ਦੇ ਲਈ ਅਪਲਾਈ ਕੀਤਾ। ਪੀਆਰ ਦੇ ਸਮੇਂ ਜਦੋਂ ਕੈਨੇਡੀਆਈ ਸੀਮਾ ਸੁਰੱਖਿਆ ਏਜੰਸੀ (ਸੀਬੀਐਸਏ) ਨੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਉਨ੍ਹਾਂ ਨੂੰ ਜੋ ਦਾਖਲਾ ਪੱਤਰ ਏਜੰਟ ਨੇ ਮੁਹੱਈਆ ਕਰਵਾਏ, ਉਹ ਫਰਜ਼ੀ ਸਨ। ਇਸ ਲਈ ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਲਈ ਨੋਟਿਸ ਜਾਰੀ ਕਰ ਦਿੱਤੇ ਗਏ।

Check Also

ਰਾਜਾ ਵੜਿੰਗ ਅਤੇ ਸੁਖਜਿੰਦਰ ਰੰਧਾਵਾ ਨੂੰ ਖਾਲੀ ਕਰਨਾ ਪਵੇਗਾ ਸਰਕਾਰੀ ਮਕਾਨ

ਪੰਜਾਬ ਵਿਧਾਨ ਸਭਾ ਨੇ ਜਾਰੀ ਕੀਤਾ ਹੁਕਮ, ਦੋਵੇਂ ਆਗੂ ਵਿਧਾਇਕੀ ਤੋਂ ਦੇ ਚੁੱਕੇ ਹਨ ਅਸਤੀਫ਼ਾ …