8.3 C
Toronto
Monday, April 13, 2026
spot_img
Homeਮੁੱਖ ਲੇਖਕੈਨੇਡਾ ਦੀ ਸਿੱਖਿਆ ਪ੍ਰਣਾਲੀ ਤੇ ਪਰਵਾਸੀ

ਕੈਨੇਡਾ ਦੀ ਸਿੱਖਿਆ ਪ੍ਰਣਾਲੀ ਤੇ ਪਰਵਾਸੀ

ਪ੍ਰਿੰਸੀਪਲ ਵਿਜੇ ਕੁਮਾਰ
ਦੁਨੀਆ ਦੇ 162 ਦੇਸ਼ਾਂ ਦੇ ਪਰਵਾਸੀ ਵਿਅਕਤੀਆਂ ਦੇ ਮਨਾਂ ‘ਚ ਕੈਨੇਡਾ ਦੀ ਧਰਤੀ ਉੱਤੇ ਆ ਕੇ ਵੱਸਣ ਦੇ ਹਜ਼ਾਰਾਂ ਸੁਪਨੇ ਹੁੰਦੇ ਹਨ। ਇਸ ਵਿੱਚ ਡਾਲਰਾਂ ‘ਚ ਕਮਾਈ, ਵੱਡੀਆਂ ਗੱਡੀਆਂ, ਸ਼ਾਨਦਾਰ ਮਹਿਲਾਂ ਜਿਹੀਆਂ ਕੋਠੀਆਂ, ਫਲਾਂ, ਫੁੱਲਾਂ ਅਤੇ ਰੁੱਖਾਂ ਦਾ ਸਵਰਗ ਜਿਹਾ ਦੇਸ਼, ਸ਼ਾਨਦਾਰ ਖੁੱਲ੍ਹੀਆਂ ਸੜਕਾਂ, ਪਾਣੀ ਤੇ ਬਿਜਲੀ ਦੀ ਸਹੂਲਤ, ਸਾਫ਼ ਸ਼ੁੱਧ ਵਾਤਾਵਰਨ, ਐੱਨ.ਆਰ.ਆਈ. ਕਹਾਉਣ ਦਾ ਚਾਅ, ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਦੇ ਅਨੇਕਾਂ ਸੁਪਨੇ ਹੁੰਦੇ ਹਨ, ਪਰ ਜਦੋਂ ਕੁਝ ਅਰਸਾ ਬੀਤ ਜਾਣ ਤੋਂ ਬਾਅਦ ਉਨ੍ਹਾਂ ਨੂੰ ਇੱਥੋਂ ਦੀਆਂ ਅਨੇਕਾਂ ਸਮੱਸਿਆਵਾਂ ਬੱਚੇ ਦੇ ਪਾਲਣ ਪੋਸ਼ਣ, ਮਹਿੰਗਾਈ, ਬੇਰੁਜ਼ਗਾਰੀ, ਨਸ਼ਿਆਂ, ਹੇਰਾਫੇਰੀ, ਇਕੱਲਤਾ ਤੇ ਸਿਹਤ ਸੇਵਾਵਾਂ ਦੀ ਘਾਟ ਨਾਲ ਜੂਝਣਾ ਪੈਂਦਾ ਹੈ ਤਾਂ ਉਨ੍ਹਾਂ ਪਰਵਾਸੀਆਂ ਨੂੰ ਇਸ ਦੇਸ਼ ਦੀ ਮ੍ਰਿਗਤ੍ਰਿਸ਼ਨਾ ਵਾਲੀ ਜ਼ਿੰਦਗੀ ਦੀ ਸਮਝ ਆਉਂਦੀ ਹੈ।
ਉਨ੍ਹਾਂ ਦੀ ਅਸਲੀ ਪਰੇਸ਼ਾਨੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਉਨ੍ਹਾਂ ਨੂੰ ਕੈਨੇਡਾ ਦੀ ਸਿੱਖਿਆ ਪ੍ਰਣਾਲੀ ਦੀਆਂ ਖਾਮੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਥੋਂ ਦੀ ਸਿੱਖਿਆ ਪ੍ਰਣਾਲੀ ਨੂੰ ਲੈ ਕੇ ਉਨ੍ਹਾਂ ਦੇ ਮਨਾਂ ‘ਚ ਇੱਕ ਸਵਾਲ ਬਾਰ ਬਾਰ ਉੱਠਣਾ ਸ਼ੁਰੂ ਹੋ ਜਾਂਦਾ ਹੈ ਕਿ ਜੇਕਰ ਉਨ੍ਹਾਂ ਦੇ ਬੱਚੇ ਮਿਆਰੀ ਸਿੱਖਿਆ ਹਾਸਲ ਕਰਕੇ ਕੁਝ ਨਾ ਬਣ ਸਕੇ ਤਾਂ ਉਨ੍ਹਾਂ ਦੀ ਕਮਾਈ ਕਿਸ ਕੰਮ ਦੀ? ਉਹ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਆਪਣਾ ਸਾਰਾ ਕੁਝ ਛੱਡ ਕੇ ਇਸ ਦੇਸ਼ ਵਿੱਚ ਆ ਕੇ ਵਸੇ ਸਨ। ਕੈਨੇਡਾ ਦੀ ਸਿੱਖਿਆ ਪ੍ਰਣਾਲੀ ਵਿੱਚ ਬਹੁਤ ਖਾਮੀਆਂ ਹਨ ਜਿਨ੍ਹਾਂ ਨੂੰ ਲੈ ਕੇ ਇੱਥੇ ਵੱਸਦੇ ਪਰਵਾਸੀ ਲੋਕਾਂ ਨੂੰ ਆਪਣੇ ਬੱਚਿਆਂ ਦੇ ਭਵਿੱਖ ਦਾ ਫਿਕਰ ਹੁੰਦਾ ਹੈ।
ਕੈਨੇਡਾ ‘ਚ ਤਿੰਨ ਤਰ੍ਹਾਂ ਦੇ ਸਕੂਲ ਹਨ। ਪਹਿਲੀ ਕਿਸਮ ਨਿੱਜੀ ਪ੍ਰਾਈਵੇਟ ਸਕੂਲਾਂ ਦੀ ਹੈ। ਇਨ੍ਹਾਂ ਸਕੂਲਾਂ ‘ਚ ਕੇਵਲ ਬਹੁਤ ਅਮੀਰ ਲੋਕਾਂ ਦੇ ਬੱਚੇ ਪੜ੍ਹ ਸਕਦੇ ਹਨ। ਇਨ੍ਹਾਂ ਸਕੂਲਾਂ ‘ਚ ਆਮ ਤੇ ਮੱਧ ਵਰਗ ਨਾਲ ਸਬੰਧ ਰੱਖਣ ਵਾਲੇ ਲੋਕ ਆਪਣੇ ਬੱਚਿਆਂ ਨੂੰ ਪੜ੍ਹਾਉਣ ਬਾਰੇ ਸੋਚ ਵੀ ਨਹੀਂ ਸਕਦੇ ਕਿਉਂਕਿ ਇਨ੍ਹਾਂ ਸਕੂਲਾਂ ਦੀ ਫੀਸ ਤੇ ਹੋਰ ਖ਼ਰਚੇ ਬਹੁਤ ਜ਼ਿਆਦਾ ਹਨ। ਇਨ੍ਹਾਂ ‘ਚ ਪੜ੍ਹਾਈ ਦਾ ਮਿਆਰ ਕਾਫ਼ੀ ਉੱਚਾ ਹੈ। ਭਾਵੇਂ ਇਨ੍ਹਾਂ ਸਕੂਲਾਂ ਵਿੱਚ ਵੀ ਬੱਚਿਆਂ ਨੂੰ ਕਾਫ਼ੀ ਆਜ਼ਾਦੀ ਹੈ, ਪਰ ਫਿਰ ਵੀ ਇਨ੍ਹਾਂ ‘ਚ ਬੱਚਿਆਂ ਨੂੰ ਸਕੂਲ ਦੇ ਅਨੁਸ਼ਾਸਨ ਤੇ ਕਾਇਦੇ ਕਾਨੂੰਨਾਂ ਦਾ ਪਾਲਣ ਕਰਨਾ ਹੀ ਪੈਂਦਾ ਹੈ। ਦੂਜੀ ਕਿਸਮ ਕੈਥੋਲਿਕ ਧਰਮ ਦੇ ਲੋਕਾਂ ਲਈ ਸਕੂਲਾਂ ਦੀ ਆਉਂਦੀ ਹੈ। ਇਨ੍ਹਾਂ ਸਕੂਲਾਂ ‘ਚ ਕੇਵਲ ਕੈਥੋਲਿਕ ਧਰਮ ਨਾਲ ਸਬੰਧਤ ਲੋਕਾਂ ਦੇ ਬੱਚਿਆਂ ਨੂੰ ਹੀ ਦਾਖਲਾ ਮਿਲਦਾ ਹੈ। ਇਨ੍ਹਾਂ ਸਕੂਲਾਂ ‘ਚ ਵੀ ਪੜ੍ਹਾਈ ਤੇ ਅਨੁਸ਼ਾਸਨ ਦਾ ਮਿਆਰ ਉੱਚਾ ਹੈ। ਤੀਜੀ ਕਿਸਮ ਸਰਕਾਰੀ ਸਕੂਲਾਂ ਦੀ ਹੈ। ਬਾਰ੍ਹਵੀਂ ਜਮਾਤ ਤੱਕ ਇਨ੍ਹਾਂ ਸਕੂਲਾਂ ਵਿੱਚ ਪੜ੍ਹਾਈ ਬਿਲਕੁਲ ਮੁਫ਼ਤ ਹੈ। ਜ਼ਿਆਦਾਤਰ ਪਰਵਾਸੀ ਵਿਅਕਤੀਆਂ ਦੇ ਬੱਚੇ ਇਨ੍ਹਾਂ ਸਰਕਾਰੀ ਸਕੂਲਾਂ ‘ਚ ਹੀ ਪੜ੍ਹਦੇ ਹਨ।
ਦੂਜੇ ਦੇਸ਼ਾਂ ਤੋਂ ਆ ਕੇ ਵਸੇ ਹੋਏ ਪਰਵਾਸੀਆਂ ਨੂੰ ਕੈਨੇਡਾ ਦੀ ਸਿੱਖਿਆ ਪ੍ਰਣਾਲੀ ਦੀਆਂ ਖਾਮੀਆਂ ਪ੍ਰਤੀ ਇਸ ਲਈ ਸ਼ਿਕਾਇਤਾਂ ਹਨ ਕਿਉਂਕਿ ਇਸ ਸਿੱਖਿਆ ਪ੍ਰਣਾਲੀ ਅਧੀਨ ਉਨ੍ਹਾਂ ਦੇ ਬੱਚਿਆਂ ਨੂੰ ਨਾ ਮਿਆਰੀ ਸਿੱਖਿਆ ਮਿਲ ਰਹੀ ਹੈ ਤੇ ਨਾ ਉਨ੍ਹਾਂ ਦੇ ਬੱਚਿਆਂ ਦਾ ਚੰਗਾ ਭਵਿੱਖ ਬਣ ਰਿਹਾ ਹੈ। ਕੈਨੇਡਾ ਦੀ ਸਿੱਖਿਆ ਪ੍ਰਣਾਲੀ ਮੁਤਾਬਿਕ ਬੱਚਿਆਂ ਨੂੰ ਮਿਆਰੀ ਸਿੱਖਿਆ ਨਾਲੋਂ ਆਜ਼ਾਦੀ ਦੀ ਜ਼ਿਆਦਾ ਜ਼ਰੂਰਤ ਹੈ। ਨੈਤਿਕ ਕਦਰਾਂ ਕੀਮਤਾਂ ਸਿੱਖਿਆ ਦਾ ਹਿੱਸਾ ਹੀ ਨਹੀਂ ਹਨ। ਸਵੇਰ ਦੀ ਪ੍ਰਾਰਥਨਾ ਸਭਾ ਜਿਸ ਵਿੱਚ ਬੱਚਿਆਂ ਨੂੰ ਚੰਗੀਆਂ ਗੱਲਾਂ ਸਿਖਾਈਆਂ ਜਾਣੀਆਂ ਹੁੰਦੀਆਂ ਹਨ, ਨਾਂਮਾਤਰ ਦੀ ਹੀ ਹੁੰਦੀ ਹੈ। ਸਕੂਲਾਂ ਵਿੱਚ ਅਨੁਸ਼ਾਸਨ ਦਾ ਮਿਆਰ ਕਾਫ਼ੀ ਨੀਵਾਂ ਹੈ।
ਅਧਿਆਪਕ ਵੱਲੋਂ ਬੱਚਿਆਂ ਨੂੰ ਸਜ਼ਾ ਦਿੱਤੇ ਜਾਣ ਬਾਰੇ ਤਾਂ ਸੋਚਿਆ ਵੀ ਨਹੀਂ ਜਾ ਸਕਦਾ। ਉਹ ਬੱਚਿਆਂ ਨੂੰ ਡਾਂਟ ਵੀ ਨਹੀਂ ਸਕਦੇ। ਜੇਕਰ ਕੋਈ ਅਧਿਆਪਕ ਬੱਚਿਆਂ ਨੂੰ ਡਾਂਟਣ ਦੀ ਗ਼ਲਤੀ ਕਰ ਬੈਠਦਾ ਹੈ ਤਾਂ ਉਸ ਦੇ ਵਿਰੁੱਧ ਕਾਨੂੰਨੀ ਕਾਰਵਾਈ ਹੁੰਦੀ ਹੈ। ਬੱਚੇ 911 ‘ਤੇ ਫੋਨ ਕਰ ਕੇ ਪੁਲਿਸ ਨੂੰ ਸੂਚਨਾ ਦੇ ਸਕਦੇ ਹਨ। ਪੁਲਿਸ ਉਸ ਅਧਿਆਪਕ ਵਿਰੁੱਧ ਕਾਰਵਾਈ ਕਰਦੀ ਹੈ। ਅਧਿਆਪਕ ਬੱਚਿਆਂ ਨੂੰ ਕੁਝ ਕਹਿੰਦੇ ਹੀ ਨਹੀਂ। ਇਸੇ ਲਈ ਸਕੂਲਾਂ ਤੇ ਜਮਾਤਾਂ ‘ਚ ਅਨੁਸ਼ਾਸਨਹੀਣਤਾ ਦਾ ਮਾਹੌਲ ਹੁੰਦਾ ਹੈ। ਇਸ ਅਨੁਸ਼ਾਸਨਹੀਣਤਾ ਦੇ ਕਾਰਨ ਹੀ ਅਧਿਆਪਕਾਂ ਨੂੰ ਜਮਾਤਾਂ ‘ਚ ਪੜ੍ਹਾਉਣਾ ਔਖਾ ਹੋ ਜਾਂਦਾ ਹੈ। ਅਧਿਆਪਕ ਬੱਚਿਆਂ ਦੇ ਸਕੂਲ ਨਾ ਆਉਣ ਅਤੇ ਨਾ ਪੜ੍ਹਨ ਦੀ ਸਥਿਤੀ ‘ਚ ਬੱਚਿਆਂ ਦੇ ਮਾਪਿਆਂ ਨੂੰ ਕੇਵਲ ਸੂਚਨਾ ਦੇ ਸਕਦੇ ਹਨ, ਉਨ੍ਹਾਂ ਨੂੰ ਝਿੜਕ ਤੱਕ ਨਹੀਂ ਸਕਦੇ। ਬੱਚਿਆਂ ਨੂੰ ਸਕੂਲ ਵਿੱਚ ਇਹ ਸਿਖਾਇਆ ਜਾਂਦਾ ਹੈ ਕਿ ਜੇਕਰ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਮਾਰਨ ਜਾਂ ਡਾਂਟਣ ਤਾਂ ਉਹ 911 ‘ਤੇ ਪੁਲੀਸ ਨੂੰ ਫੋਨ ਕਰ ਸਕਦੇ ਹਨ। ਇਹ ਸਿੱਖਿਆ ਪ੍ਰਣਾਲੀ ਦਾ ਹੀ ਅਸਰ ਹੈ ਕਿ ਅਧਿਆਪਕਾਂ ਅਤੇ ਮਾਪਿਆਂ ਦਾ ਕਹਿਣਾ ਨਾ ਮੰਨਣਾ, ਸਜ਼ਾ ਦੇਣ ਜਾਂ ਝਿੜਕਣ ‘ਤੇ ਪੁਲਿਸ ਨੂੰ ਫੋਨ ਕਰਨ ਦੀ ਧਮਕੀ ਦੇਣੀ। ਆਪਣੀ ਗੱਲ ਮਨਵਾਉਣ ਲਈ ਜ਼ਰੂਰਤ ਤੋਂ ਜ਼ਿਆਦਾ ਜਿੱਦ ਕਰਨੀ, ਅਧਿਆਪਕਾਂ ਅਤੇ ਮਾਪਿਆਂ ਨਾਲ ਬਦਤਮੀਜ਼ੀ ਕਰਨੀ, ਅਨੁਸ਼ਾਸਨ ਹੀਣਤਾ ਵਿਖਾਉਣੀ ਅਤੇ ਅਵਾਰਾਗਰਦੀ ਕਰਨੀ, ਉਨ੍ਹਾਂ ਦੀਆਂ ਆਦਤਾਂ ਦਾ ਹਿੱਸਾ ਬਣ ਜਾਂਦਾ ਹੈ। ਅੱਠਵੀਂ ਜਮਾਤ ਤੱਕ ਪੜ੍ਹਾਈ ਕਰਨ ਲਈ ਬੱਚਿਆਂ ਕੋਲ ਕੋਈ ਕਿਤਾਬ ਨਹੀਂ ਹੁੰਦੀ। ਬੱਚੇ ਆਪਣੀ ਸਾਰੀ ਪੜ੍ਹਾਈ ਮੋਬਾਈਲ ਅਤੇ ਲੈਪਟਾਪ ਉੱਤੇ ਐਪਸ ਦੀ ਮਦਦ ਨਾਲ ਕਰਦੇ ਹਨ। ਅੱਠਵੀਂ ਜਮਾਤ ਤੱਕ ਕੋਈ ਪ੍ਰੀਖਿਆ ਨਹੀਂ ਹੁੰਦੀ। ਸਕੂਲ ਤੋਂ ਘਰ ਲਈ ਕੋਈ ਕੰਮ ਨਹੀਂ ਦਿੱਤਾ ਜਾਂਦਾ। ਬੱਚੇ ਜੋ ਕੁਝ ਪੜ੍ਹ ਕੇ ਆਉਂਦੇ ਹਨ, ਸਕੂਲ ਵਿੱਚ ਹੀ ਪੜ੍ਹ ਕੇ ਆਉਂਦੇ ਹਨ। ਲੈਪਟਾਪ ਉੱਤੇ ਬਣੀਆਂ ਸੀਟਾਂ ਉੱਤੇ ਟੈਸਟ ਹੁੰਦੇ ਹਨ। ਉਨ੍ਹਾਂ ਟੈਸਟਾਂ ਦੇ ਆਧਾਰ ਉਤੇ ਹੀ ਪ੍ਰੀਖਿਆਵਾਂ ਦੇ ਅੰਕ ਲਗਾ ਕੇ ਨਤੀਜੇ ਕੱਢ ਦਿੱਤੇ ਜਾਂਦੇ ਹਨ।
ਬੱਚੇ ਸਕੂਲ ਨੂੰ ਸਿਰਫ਼ ਬੈਗ ਅਤੇ ਰੋਟੀ ਵਾਲਾ ਟਿਫਨ ਹੀ ਲੈ ਕੇ ਜਾਂਦੇ ਹਨ। ਸਕੂਲ ਵਿੱਚ ਮੋਬਾਈਲ ਲਿਜਾਉਣ ਦੀ ਇਜ਼ਾਜਤ ਹੁੰਦੀ ਹੈ। ਅਨੁਸ਼ਾਸਨਹੀਣਤਾ ਹੋਣ ਕਾਰਨ ਸ਼ਰਾਰਤੀ ਬੱਚੇ ਜਮਾਤਾਂ ਵਿੱਚ ਹੀ ਮੋਬਾਈਲ ਦੀ ਵਰਤੋਂ ਕਰਨ ਲੱਗ ਜਾਂਦੇ ਹਨ, ਪਰ ਅਧਿਆਪਕ ਉਨ੍ਹਾਂ ਦੀ ਸ਼ਿਕਾਇਤ ਉਨ੍ਹਾਂ ਦੇ ਮਾਪਿਆਂ ਨੂੰ ਕਰਨ ਤੋਂ ਇਲਾਵਾ ਕੁਝ ਨਹੀਂ ਕਰ ਪਾਉਂਦੇ।
ਸਕੂਲ ਦੀ ਕੋਈ ਵਰਦੀ ਨਹੀਂ ਹੈ। ਸਕੂਲਾਂ ‘ਚ ਛੁੱਟੀਆਂ ਬਹੁਤ ਜ਼ਿਆਦਾ ਹੁੰਦੀਆਂ ਹਨ। ਸਕੂਲ ਤੋਂ ਘਰ ਲਈ ਕੋਈ ਕੰਮ ਨਾ ਮਿਲਣ ਕਾਰਨ ਬੱਚੇ ਖੇਡਣ ਲਈ ਪਾਰਕਾਂ ‘ਚ ਪਹੁੰਚ ਜਾਂਦੇ ਹਨ। ਅਵਾਰਾਗਰਦੀ ਕਰਦੇ ਹਨ। ਬੱਚੇ ਫੋਨ ਤੇ ਸ਼ੋਸਲ ਮੀਡੀਆ ਦੀ ਬਹੁਤ ਜ਼ਿਆਦਾ ਵਰਤੋਂ ਅਤੇ ਦੁਰਵਰਤੋਂ ਵੀ ਕਰਦੇ ਹਨ। ਮਾਪਿਆਂ ਦਾ ਆਪਣੇ ਬੱਚਿਆਂ ਉੱਤੇ ਬਹੁਤ ਘੱਟ ਕੰਟਰੋਲ ਹੈ। ਜਵਾਨ ਬੱਚਿਆਂ ਨਾਲ ਤਾਂ ਉਨ੍ਹਾਂ ਦੇ ਮਾਪਿਆਂ ਨੂੰ ਸੌ ਤਰ੍ਹਾਂ ਦੇ ਸਮਝੌਤੇ ਕਰਨੇ ਪੈਂਦੇ ਹਨ। ਪੁਲਿਸ ਦੇ ਡਰ ਕਾਰਨ ਮਾਪਿਆਂ ਨੂੰ ਬੱਚਿਆਂ ਨਾਲ ਬਹੁਤ ਢੰਗ ਨਾਲ ਚੱਲਣਾ ਪੈਂਦਾ ਹੈ। ਆਨਲਾਈਨ ਟਿਊਸ਼ਨਾਂ ਬਹੁਤ ਮਹਿੰਗੀਆਂ ਹਨ ਜੋ ਕਿ ਘੱਟ ਆਮਦਨ ਵਾਲੇ ਮਾਪਿਆਂ ਲਈ ਸੌਖੀ ਗੱਲ ਨਹੀਂ। ਨੌਵੀਂ ਤੇ ਦਸਵੀਂ ਜਮਾਤ ਵਿੱਚ ਜਾ ਕੇ ਪੜ੍ਹਾਈ ਬਹੁਤ ਔਖੀ ਹੋ ਜਾਂਦੀ ਹੈ। ਇਸ ਦੇਸ਼ ਦੀ ਸਿੱਖਿਆ ਦੀ ਇੱਕ ਖਾਸੀਅਤ ਇਹ ਵੀ ਹੈ ਕਿ ਬੱਚੇ ਨੇ ਕਿਹੜੇ ਖੇਤਰ ਵਿੱਚ ਜਾਣਾ ਹੈ, ਇਸ ਦਾ ਫ਼ੈਸਲਾ ਨੌਵੀਂ ਜਮਾਤ ਵਿੱਚ ਹੀ ਹੋ ਜਾਂਦਾ ਹੈ। ਨੌਵੀਂ ਜਮਾਤ ਵਿੱਚ ਬੱਚੇ ਦੇ ਖੇਤਰ ਦੀ ਚੋਣ ਉਸ ਦੀਆਂ ਹੇਠਲੀਆਂ ਜਮਾਤਾਂ ਦੀ ਕਾਰਗੁਜ਼ਾਰੀ ਉੱਤੇ ਆਧਾਰਿਤ ਹੁੰਦੀ ਹੈ। ਹੇਠਲੀਆਂ ਜਮਾਤਾਂ ‘ਚ ਮਿਹਨਤ ਨਾ ਕਰਨ ਵਾਲੇ ਬੱਚੇ ਉੱਪਰਲੀਆਂ ਜਮਾਤਾਂ ਵਿੱਚ ਪੜ੍ਹਾਈ ਛੱਡ ਵੀ ਜਾਂਦੇ ਹਨ। ਕਾਲਜਾਂ ਤੇ ਯੂਨੀਵਰਸਿਟੀਆਂ ‘ਚ ਦਾਖਲੇ ਸਮੇਂ ਗਤੀਵਿਧੀਆਂ ਦੇ ਵੀ ਅੰਕ ਹੁੰਦੇ ਹਨ। ਉਹ ਗਤੀਵਿਧੀਆਂ ਖੇਡਾਂ, ਤੈਰਾਕੀ, ਜੂਡੋ ਕਰਾਟੇ, ਡਾਂਸ ਅਤੇ ਪੇਟਿੰਗ ਬਗੈਰਾ ਹੁੰਦੀਆਂ ਹਨ। ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਇਹ ਬਹੁਤ ਚੰਗੀ ਗੱਲ ਹੈ, ਪਰ ਸਕੂਲਾਂ ਵਿੱਚ ਇਨ੍ਹਾਂ ਦਾ ਜ਼ਿਆਦਾ ਚੰਗਾ ਪ੍ਰਬੰਧ ਨਾ ਹੋਣ ਕਾਰਨ ਬੱਚਿਆਂ ਦੇ ਮਾਪਿਆਂ ਨੂੰ ਆਪਣੇ ਪੈਸੇ ਖ਼ਰਚ ਕਰਨੇ ਪੈਂਦੇ ਹਨ ਜੋ ਕਿ ਘੱਟ ਆਮਦਨ ਵਾਲੇ ਮਾਪਿਆਂ ਲਈ ਸੰਭਵ ਨਹੀਂ ਹੁੰਦਾ। ਸਮਝਦਾਰ ਮਾਪੇ ਆਪਣੇ ਬੱਚਿਆਂ ਨੂੰ ਮਾੜੀਆਂ ਆਦਤਾਂ ਤੋਂ ਬਚਾਉਣ ਲਈ ਇਨ੍ਹਾਂ ਗਤੀਵਿਧੀਆਂ ਵਿੱਚ ਲਗਾ ਛੱਡਦੇ ਹਨ।
ਇੱਥੇ ਬਹੁਤ ਦੇਰ ਤੋਂ ਵਸ ਰਹੇ ਪਰਵਾਸੀ ਲੋਕਾਂ ਨਾਲ ਜਿਨ੍ਹਾਂ ਦੇ ਬੱਚੇ ਇਸ ਦੇਸ਼ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹਨ ਜਾਂ ਪੜ੍ਹ ਹਟੇ ਹਨ, ਗੱਲ ਕਰਨ ਤੋਂ ਪਤਾ ਲੱਗਾ ਕਿ ਬੱਚਿਆਂ ਨੂੰ ਪੜ੍ਹਾਉਣ ਦੀ ਤਕਨੀਕ ਬਹੁਤ ਵਧੀਆ ਹੈ। ਜੇਕਰ ਬੱਚੇ ਮਿਹਨਤ ਕਰਨ ਅਤੇ ਸਿੱਖਿਆ ਦੀਆਂ ਖਾਮੀਆਂ ਨੂੰ ਦੂਰ ਕੀਤਾ ਜਾਵੇ ਤਾਂ ਬੱਚੇ ਬਹੁਤ ਕੁਝ ਸਿੱਖ ਸਕਦੇ ਹਨ। ਕਈ ਪਰਵਾਸੀ ਲੋਕਾਂ ਨੇ ਇਹ ਵੀ ਦੱਸਿਆ ਕਿ ਬੱਚਿਆਂ ਲਈ 911 ‘ਤੇ ਪੁਲਿਸ ਨੂੰ ਫੋਨ ਕਰਨ ਦੀ ਵਿਵਸਥਾ ਮਤਰੇਏ ਮਾਂ-ਬਾਪ ਵੱਲੋਂ ਬੱਚਿਆਂ ਨਾਲ ਕੀਤੇ ਜਾਣ ਵਾਲੇ ਦੂਰਵਿਵਹਾਰ ਨੂੰ ਰੋਕਣ ਲਈ ਕੀਤੀ ਗਈ ਸੀ, ਪਰ ਹੁਣ ਸਕੂਲਾਂ ‘ਚ ਇਸ ਨੂੰ ਲਾਗੂ ਕਰਕੇ ਇਸ ਦੀ ਦੂਰਵਰਤੋਂ ਕੀਤੀ ਜਾ ਰਹੀ ਹੈ, ਜਿਸ ਨੂੰ ਰੋਕਣਾ ਬਹੁਤ ਜ਼ਰੂਰੀ ਹੈ। ਕਈ ਲੋਕ ਇਹ ਵੀ ਕਹਿੰਦੇ ਹਨ ਕਿ ਇੱਥੇ ਆਬਾਦੀ ਘੱਟ ਹੋਣ ਕਾਰਨ ਇਸ ਦੇਸ਼ ਨੂੰ ਪਲੰਬਰ, ਮਿਸਤਰੀ, ਮਜ਼ਦੂਰ, ਬਿਜਲੀ ਵਾਲੇ ਕਾਰੀਗਰ, ਸਿਕਿਊਰਿਟੀ, ਬਹਿਰੇ, ਰੰਗ ਕਰਨ ਵਾਲੇ ਤੇ ਡਰਾਈਵਰ ਸਸਤੀ ਲੇਬਰ ‘ਚ ਲੋੜੀਂਦੇ ਹਨ। ਇਸੇ ਲਈ ਇੱਥੋਂ ਦੀਆਂ ਸਰਕਾਰਾਂ ਨੇ ਸਸਤੀ ਲੇਬਰ ਲਈ ਇਹੋ ਜਿਹੀ ਸਿੱਖਿਆ ਪ੍ਰਣਾਲੀ ਦੀ ਵਿਵਸਥਾ ਕੀਤੀ ਹੋਈ ਹੈ। ਇੱਥੋਂ ਦੀਆਂ ਸਰਕਾਰਾਂ ਵਿੱਚ ਪਰਵਾਸੀਆਂ ਦੇ ਨੁਮਾਇੰਦਿਆਂ ਨੂੰ ਸਰਕਾਰਾਂ ਉੱਤੇ ਦਬਾਅ ਬਣਾਉਣਾ ਚਾਹੀਦਾ ਹੈ ਕਿ ਉਹ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਸਿੱਖਿਆ ਪ੍ਰਣਾਲੀ ‘ਚ ਲੋੜੀਂਦੇ ਸੁਧਾਰ ਕਰਨ। ਸਰਕਾਰ ਨੂੰ ਸਿੱਖਿਆ ਪ੍ਰਣਾਲੀ ‘ਚ ਸੁਧਾਰ ਲਈ ਸਕੂਲਾਂ ‘ਚੋਂ ਅਨੁਸ਼ਾਸਨਹੀਣਤਾ ਖ਼ਤਮ ਕਰਨੀ ਚਾਹੀਦੀ ਹੈ।
ਬੱਚਿਆਂ ਨੂੰ ਅਧਿਆਪਕਾਂ ਵੱਲੋਂ ਝਿੜਕਣ ਅਤੇ ਥੋੜ੍ਹੀ ਬਹੁਤ ਸਜ਼ਾ ਦਿੱਤੇ ਜਾਣ ‘ਤੇ ਪੁਲਿਸ ਨੂੰ 911 ‘ਤੇ ਫੋਨ ਕਰਨ ਦੀ ਵਿਵਸਥਾ ਖ਼ਤਮ ਕਰਨੀ ਚਾਹੀਦੀ ਹੈ। ਬੱਚਿਆਂ ਨੂੰ ਕਿਤਾਬਾਂ ਲਗਾ ਕੇ ਉਨ੍ਹਾਂ ਦੀ ਲੈਪਟਾਪ ਅਤੇ ਮੋਬਾਈਲ ‘ਤੇ ਜ਼ਿਆਦਾ ਨਿਰਭਰਤਾ ਘਟਾਉਣੀ ਚਾਹੀਦੀ ਹੈ। ਛੁੱਟੀਆਂ ਘੱਟ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਨੂੰ ਘਰ ਦਾ ਕੰਮ ਮਿਲਣਾ ਚਾਹੀਦਾ ਹੈ। ਸਵੇਰ ਦੀ ਪ੍ਰਾਰਥਨਾ ਸਭਾ ਸ਼ੁਰੂ ਹੋਣੀ ਚਾਹੀਦੀ ਹੈ। ਸਿੱਖਿਆ ਨੈਤਿਕ ਕਦਰਾਂ ਕੀਮਤਾਂ ਉੱਤੇ ਆਧਾਰਿਤ ਹੋਣੀ ਚਾਹੀਦੀ ਹੈ।
***

RELATED ARTICLES
POPULAR POSTS