19.4 C
Toronto
Friday, May 29, 2026
spot_img
Homeਮੁੱਖ ਲੇਖਕਰਤਾਰ ਸਿੰਘ ਸਰਾਭਾ ਨੇ ਆਪਣਾ ਸਭ ਕੁਝ ਦੇਸ਼ ਤੋਂ ਵਾਰਿਆ

ਕਰਤਾਰ ਸਿੰਘ ਸਰਾਭਾ ਨੇ ਆਪਣਾ ਸਭ ਕੁਝ ਦੇਸ਼ ਤੋਂ ਵਾਰਿਆ

ਦਲਜੀਤ ਰਾਏ ਕਾਲੀਆ
ਭਾਰਤ ਦੀ ਆਜ਼ਾਦੀ ਦੇ ਸੰਘਰਸ਼ ‘ਚ ਗਦਰ ਲਹਿਰ ਦਾ ਵਿਸ਼ੇਸ਼ ਯੋਗਦਾਨ ਹੈ। ਇਸ ਲਹਿਰ ਰਾਹੀਂ ਸੈਂਕੜੇ ਦੇਸ਼ ਭਗਤਾਂ ਨੇ ਸ਼ਹਾਦਤ ਦਾ ਜਾਮ ਪੀਤਾ ਤੇ ਸਖ਼ਤ ਸਜ਼ਾਵਾਂ ਕੱਟੀਆਂ। ਕਰਤਾਰ ਸਿੰਘ ਸਰਾਭਾ ਗ਼ਦਰ ਲਹਿਰ ਦੇ ਬਹਾਦਰ ਜਰਨੈਲ ਤੇ ਇਨਕਲਾਬੀ ਸੂਰਬੀਰ ਸਨ। ਉਨ੍ਹਾਂ ਦਾ ਜਨਮ 24 ਮਈ 1896 ਨੂੰ ਸਰਦਾਰ ਮੰਗਲ ਸਿੰਘ ਅਤੇ ਸਰਦਾਰਨੀ ਸਾਹਿਬ ਕੌਰ ਦੇ ਗ੍ਰਹਿ ਵਿਖੇ ਲੁਧਿਆਣਾ ਜ਼ਿਲ੍ਹੇ ਦੇ ਸਰਾਭਾ ਪਿੰਡ ਵਿਚ ਹੋਇਆ ਸੀ। ਉਨ੍ਹਾਂ ਦੇ ਬਚਪਨ ਵਿਚ ਹੀ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ। ਉਨ੍ਹਾਂ ਦਾ ਪਾਲਣ-ਪੋਸ਼ਣ ਦਾਦਾ ਬਦਨ ਸਿੰਘ ਦੀ ਦੇਖ-ਰੇਖ ਹੇਠ ਹੋਇਆ।
ਕਰਤਾਰ ਸਿੰਘ ਨੇ ਪ੍ਰਾਇਮਰੀ ਤੱਕ ਦੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ। ਪ੍ਰਾਇਮਰੀ ਪਾਸ ਕਰਨ ਪਿੱਛੋਂ ਉਹ ਗੁਜਰਵਾਲ ਦੇ ਮਿਡਲ ਸਕੂਲ ਵਿਚ ਦਾਖ਼ਲ ਹੋ ਗਏ ਪਰ ਜਲਦੀ ਹੀ ਉਹ ਲੁਧਿਆਣਾ ਦੇ ਮਾਲਵਾ ਖ਼ਾਲਸਾ ਹਾਈ ਸਕੂਲ ਵਿਚ ਜਾ ਦਾਖ਼ਲ ਹੋਏ। ਉਹ ਕੁਝ ਸਮਾਂ ਆਰੀਆ ਹਾਈ ਸਕੂਲ ਲੁਧਿਆਣਾ ਵਿਚ ਵੀ ਪੜ੍ਹਦੇ ਰਹੇ। ਕਰਤਾਰ ਸਿੰਘ ਨੇ ਆਪਣੀ ਦਸਵੀਂ ਦੀ ਪੜ੍ਹਾਈ ਆਪਣੇ ਚਾਚਾ ਸਰਦਾਰ ਬਖ਼ਸ਼ੀਸ਼ ਸਿੰਘ ਕੋਲ ਉੜੀਸਾ ਜਾ ਕੇ ਮੁਕੰਮਲ ਕੀਤੀ
ਉਹ ਉਚੇਰੀ ਵਿੱਦਿਆ ਦੀ ਪ੍ਰਾਪਤੀ ਲਈ 1911 ਦੇ ਅੰਤ ਵਿਚ ਅਮਰੀਕਾ ਲਈ ਰਵਾਨਾ ਹੋ ਗਏ ਤੇ ਪਹਿਲੀ ਜਨਵਰੀ, 1912 ਨੂੰ ਸਾਨ ਫਰਾਂਸਿਸਕੋ ਬੰਦਰਗਾਹ ‘ਤੇ ਪਹੁੰਚ ਗਏ। ਅਮਰੀਕਾ ਪਹੁੰਚ ਕੇ ਕਰਤਾਰ ਸਿੰਘ ਸਰਾਭਾ ਨੇ ਬਰਕਲੇ ਯੂਨੀਵਰਸਿਟੀ ਵਿਚ ਰਸਾਇਣ ਵਿਗਿਆਨ ਦੀ ਪੜ੍ਹਾਈ ਵਿਚ ਦਾਖ਼ਲਾ ਲੈ ਲਿਆ। ਇਸੇ ਯੂਨੀਵਰਸਿਟੀ ਵਿਚ ਉਸ ਦਾ ਮੇਲ ਲਾਲਾ ਹਰਦਿਆਲ ਨਾਲ ਹੋਇਆ। ਲਾਲਾ ਹਰਦਿਆਲ ਦੇ ਵਿਚਾਰਾਂ ਤੋਂ ਕਰਤਾਰ ਸਿੰਘ ਬਹੁਤ ਪ੍ਰਭਾਵਿਤ ਹੋਏ। ਉਸ ਸਮੇਂ ਅਮਰੀਕਾ, ਕੈਨੇਡਾ ਅਤੇ ਹੋਰ ਦੇਸ਼ਾਂ ਵਿਚ ਭਾਰਤੀਆਂ ਨੂੰ ਬਹੁਤ ਨਫ਼ਰਤ ਕੀਤੀ ਜਾਂਦੀ ਸੀ। ਇਸ ਕਰਕੇ ਭਾਰਤੀ ਕਾਮੇ ਜੋ ਵਿਦੇਸ਼ਾਂ ਵਿਚ ਰੁਜ਼ਗਾਰ ਦੀ ਤਲਾਸ਼ ਵਿਚ ਗਏ ਸਨ, ਜਥੇਬੰਦ ਹੋ ਰਹੇ ਸਨ। ਕਰਤਾਰ ਸਿੰਘ ਆਪਣੀ ਯੂਨੀਵਰਸਿਟੀ ਦੀਆਂ ਛੁੱਟੀਆਂ ਦੌਰਾਨ ਆਪਣੇ ਹੀ ਪਿੰਡ ਦੇ ਰੁਲੀਆ ਸਿੰਘ ਕੋਲ ਆਸਟੋਰੀਆ ਵਿਖੇ ਗਿਆ ਹੋਇਆ ਸੀ।
21 ਅਪ੍ਰੈਲ,1913 ਨੂੰ ਭਾਈ ਕੇਸਰ ਸਿੰਘ ਠੱਠਗੜ੍ਹ ਦੀ ਆਰਾ ਮਿੱਲ ਵਿਚ ਆਸਟੋਰੀਆ ਵਿਖੇ ਮਹੱਤਵਪੂਰਨ ਮੀਟਿੰਗ ਹੋਈ। ਹੋਰਨਾਂ ਤੋਂ ਇਲਾਵਾ ਇਸ ਮੀਟਿੰਗ ਵਿਚ ਕਰਤਾਰ ਸਿੰਘ ਸਰਾਭਾ ਵੀ ਸ਼ਾਮਲ ਸੀ। ਇਸ ਸਮੇਂ ਇੰਡੀਅਨ ਐਸੋਸੀਏਸ਼ਨ ਆਫ ਪੈਸੇਫਿਕ ਕੋਸਟ ਨਾਂ ਦੀ ਕੇਂਦਰੀ ਜਥੇਬੰਦੀ ਬਣਾਈ ਗਈ ਜਿਸ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ, ਜਨਰਲ ਸਕੱਤਰ ਲਾਲਾ ਹਰਦਿਆਲ ਅਤੇ ਖ਼ਜ਼ਾਨਚੀ ਪੰਡਿਤ ਕਾਂਸ਼ੀਰਾਮ ਮੜੌਲੀ ਚੁਣੇ ਗਏ। ਇਸ ਦਾ ਟੀਚਾ ਹਥਿਆਰਬੰਦ ਇਨਕਲਾਬ ਰਾਹੀਂ ਦੇਸ਼ ਨੂੰ ਆਜ਼ਾਦ ਕਰਵਾਉਣਾ ਸੀ। ਅਖ਼ਬਾਰ ਕੱਢਣ ਲਈ ਸਰਗਰਮੀਆਂ ਤੇਜ਼ ਹੋਈਆਂ ਤਾਂ ਸਰਾਭਾ ਨੇ ਮੋਹਰੀਆਂ ਵਾਲਾ ਕੰਮ ਕੀਤਾ। ਪਹਿਲੀ ਨਵੰਬਰ 1913 ਨੂੰ ਗ਼ਦਰ ਅਖ਼ਬਾਰ ਦਾ ਪਹਿਲਾ ਅੰਕ ਉਰਦੂ ਵਿਚ ਕੱਢਿਆ ਗਿਆ। ਇਹ ਅਖ਼ਬਾਰ ਸ਼ੁਰੂ ਕਰਨ ‘ਚ ਕਰਤਾਰ ਸਿੰਘ ਸਰਾਭਾ ਦਾ ਅਹਿਮ ਯੋਗਦਾਨ ਸੀ। ਉਨ੍ਹਾਂ ਨੇ ਆਪਣੀ ਪੜ੍ਹਾਈ ਦੇ ਖ਼ਰਚੇ ਲਈ ਲਿਆਂਦੇ 200 ਡਾਲਰ ਵੀ ਅਖ਼ਬਾਰ ਕਮੇਟੀ ਦੇ ਹਵਾਲੇ ਕਰ ਦਿੱਤੇ। ਸਰਾਭਾ ਨੇ ਉੱਦਮ ਕਰ ਕੇ 3000 ਡਾਲਰ ਪੰਜਾਬੀ ਦੇਸ਼ ਭਗਤਾਂ ਤੋਂ ਅਖ਼ਬਾਰ ਲਈ ਇਕੱਠੇ ਕੀਤੇ। ਗ਼ਦਰ ਦਾ ਪੰਜਾਬੀ ਵਿਚ ਪ੍ਰਕਾਸ਼ਨ 8 ਦਸੰਬਰ,1913 ਨੂੰ ਸ਼ੁਰੂ ਹੋਇਆ। ਸਰਾਭਾ ਗ਼ਦਰ ਅਖ਼ਬਾਰ ਲਈ ਲੇਖ, ਕਵਿਤਾਵਾਂ ਅਤੇ ਸੰਪਾਦਕੀ ਲਿਖਦਾ ਸੀ। ਗ਼ਦਰ ਅਖ਼ਬਾਰ ਜਲਦੀ ਹੀ ਦੇਸ਼ ਵਾਸੀਆਂ ਵਿਚ ਹਰਮਨ ਪਿਆਰਾ ਹੋ ਗਿਆ। ਇਸੇ ਪਰਚੇ ਦੇ ਨਾਂ ‘ਤੇ ਹੀ ਜਥੇਬੰਦੀ ਗ਼ਦਰ ਪਾਰਟੀ ਵਜੋਂ ਪ੍ਰਸਿੱਧ ਹੋ ਗਈ। ਗ਼ਦਰ ਪਾਰਟੀ ਹਥਿਆਰਬੰਦ ਇਨਕਲਾਬ ਵਿਚ ਵਿਸ਼ਵਾਸ ਰੱਖਦੀ ਸੀ। ਇਸੇ ਕਰਕੇ ਗ਼ਦਰੀ ਯੋਧਿਆਂ ਨੇ ਬੰਬ ਬਣਾਉਣ, ਹਵਾਈ ਜਹਾਜ਼ ਚਲਾਉਣ ਅਤੇ ਉਨ੍ਹਾਂ ਦੀ ਮੁਰੰਮਤ ਕਰਨ ਅਤੇ ਹੋਰ ਜੰਗੀ ਹਥਿਆਰ ਚਲਾਉਣ ਦੀਆਂ ਟਰੇਨਿੰਗਾਂ ਲਈਆਂ। ਗ਼ਦਰ ਪਾਰਟੀ ਵੱਲੋਂ ਦੋ ਜਰਨੈਲ ਕਰਤਾਰ ਸਿੰਘ ਸਰਾਭਾ ਤੇ ਊਧਮ ਸਿੰਘ ਕਸੇਲ ਚੁਣੇ ਗਏ। ਸਰਾਭਾ ਨੇ ਹਵਾਈ ਜਹਾਜ਼ ਚਲਾਉਣ ਅਤੇ ਉਸ ਦੀ ਮੁਰੰਮਤ ਕਰਨ ਦੀ ਟਰੇਨਿੰਗ ਜਰਮਨੀ ਦੇ ਸਫ਼ਾਰਤਖ਼ਾਨੇ ਤੋਂ ਲਈ। ਪੰਜ ਜੁਲਾਈ 1914 ਨੂੰ ਜਦੋਂ ਬੰਬ ਬਣਾਉਣ ਸਮੇਂ ਹਰਨਾਮ ਸਿੰਘ ਟੁੰਡੀਲਾਟ ਦਾ ਹੱਥ ਉੱਡਿਆ ਸੀ ਤਾਂ ਉਸ ਸਮੇਂ ਸਰਾਭਾ ਅਤੇ ਪ੍ਰਿਥੀ ਸਿੰਘ ਲਾਲੜੂ ਵੀ ਉੱਥੇ ਬੰਬ ਬਣਾਉਣ ਵਿਚ ਲੱਗੇ ਹੋਏ ਸਨ।
ਗ਼ਦਰ ਪਾਰਟੀ ਵੱਲੋਂ 5 ਅਗਸਤ 1914 ਦੇ ਗ਼ਦਰ ਦੇ ਅੰਕ ਵਿਚ ‘ਐਲਾਨ-ਏ-ਜੰਗ’ ਛਾਪ ਦਿੱਤਾ ਗਿਆ। ਇਸ ਫ਼ੈਸਲੇ ਨੂੰ ਅਮਲੀਜਾਮਾ ਪਹਿਨਾਉਣ ਲਈ 9 ਅਗਸਤ ਨੂੰ ਫਰੈਜ਼ਨੋ ਤੇ 10 ਅਗਸਤ ਨੂੰ ਸੈਕਰਾਮੈਂਟੋ ਵਿਖੇ ਕਾਨਫਰੰਸਾਂ ਕੀਤੀਆਂ ਗਈਆਂ ਪਰ ਸਰਾਭਾ ਇਸ ਤੋਂ ਪਹਿਲਾਂ ਹੀ ਰਘੂਬਰ ਦਿਆਲ ਗੁਪਤਾ ਨਾਲ ਨਿਪਨਮਾਰੂ ਜਹਾਜ਼ ਰਾਹੀਂ ਦੇਸ਼ ਲਈ ਰਵਾਨਾ ਹੋ ਗਿਆ ਅਤੇ 15-16 ਸਤੰਬਰ ਨੂੰ ਉਹ ਕੋਲੰਬੋ ਦੀ ਬੰਦਰਗਾਹ ‘ਤੇ ਪਹੁੰਚ ਗਏ। ਉੱਥੋਂ ਗ਼ਦਰੀ ਮਦਰਾਸ ਦੇ ਰਸਤੇ ਪੰਜਾਬ ਵਿਚ ਪਹੁੰਚ ਗਏ। ਉਸ ਸਮੇਂ ਬੰਦਰਗਾਹਾਂ ‘ਤੇ ਬਹੁਤ ਚੌਕਸੀ ਰੱਖੀ ਜਾਂਦੀ ਸੀ ਅਤੇ ਗ਼ਦਰੀਆਂ ਦੇ ਪਹੁੰਚਣ ‘ਤੇ ਉਨ੍ਹਾਂ ਨੂੰ ਅਕਸਰ ਕੈਦ ਕਰ ਲਿਆ ਜਾਂਦਾ ਸੀ। ਇਸ ਸਮੇਂ ਕਰਤਾਰ ਸਿੰਘ ਨੇ ਗ੍ਰਿਫ਼ਤਾਰੀ ਤੋਂ ਬਚੇ ਹੋਏ ਗ਼ਦਰੀਆਂ ਨੂੰ ਇਕਮੁੱਠ ਕਰਨ ਲਈ ਭਰਪੂਰ ਕੋਸ਼ਿਸ਼ਾਂ ਕੀਤੀਆਂ। ਪੰਜਾਬ ਵਿਚ ਸਰਗਰਮੀਆਂ ਕਰਨ ਤੋਂ ਇਲਾਵਾ ਸਰਾਭਾ ਨੇ ਬੰਗਾਲ ਦੇ ਇਨਕਲਾਬੀਆਂ ਸਚਿੰਦਰ ਨਾਥ ਸਾਨਿਆਲ ਅਤੇ ਰਾਸ ਬਿਹਾਰੀ ਬੋਸ ਨਾਲ ਵੀ ਸਬੰਧ ਸਥਾਪਤ ਕੀਤੇ। ਫ਼ੌਜੀ ਛਾਉਣੀਆਂ ਵਿਚ ਵੀ ਗ਼ਦਰ ਦਾ ਪ੍ਰਚਾਰ ਜਾਰੀ ਰੱਖਿਆ। ਗ਼ਦਰ ਲਹਿਰ ਦੀਆਂ ਆਰਥਿਕ ਜ਼ਰੂਰਤਾਂ ਪੂਰੀਆਂ ਕਰਨ ਲਈ ਜਦੋਂ ਡਾਕੇ ਮਾਰਨ ਦੀ ਵਿਓਂਤ ਬਣਾਈ ਗਈ ਤਾਂ ਕਰਤਾਰ ਸਿੰਘ ਨੇ ਸਾਹਨੇਵਾਲ ਅਤੇ ਮਨਸੂਰਾਂ ਵਿਚ ਮਾਰੇ ਗਏ ਡਾਕਿਆਂ ਵਿਚ ਹਿੱਸਾ ਲਿਆ।
ਫਰਵਰੀ 1915 ਦੇ ਪਹਿਲੇ ਹਫ਼ਤੇ ਕਰਤਾਰ ਸਿੰਘ ਸਰਾਭਾ ਤੇ ਕੁਝ ਹੋਰ ਉੱਘੇ ਗ਼ਦਰੀ ਵੱਖ-ਵੱਖ ਫ਼ੌਜੀ ਛਾਉਣੀਆਂ ਵਿਚ ਬਗ਼ਾਵਤ ਕਰਵਾਉਣ ਲਈ ਸੰਪਰਕ ਕਰਨ ਲਈ ਗਏ। ਗ਼ਦਰ ਪਾਰਟੀ ਵੱਲੋਂ ਪਹਿਲਾਂ ਲਾਹੌਰ ਦੀ ਮੀਆਂਮੀਰ ਛਾਉਣੀ ਅਤੇ ਫਿਰੋਜ਼ਪੁਰ ਦੀ ਛਾਉਣੀ ਨੂੰ ਕਬਜ਼ੇ ਵਿਚ ਲੈ ਕੇ ਫਿਰ ਸਾਰੇ ਉੱਤਰੀ ਭਾਰਤ ਵਿਚ 21 ਫਰਵਰੀ, 1915 ਨੂੰ ਬਗ਼ਾਵਤ ਕਰਨ ਲਈ ਨਿਸ਼ਚਿਤ ਕੀਤਾ ਹੋਇਆ ਸੀ ਤੇ ਹਰ ਪਾਸੇ ਇਸ ਲਈ ਤਿਆਰੀਆਂ ਹੋ ਰਹੀਆਂ ਸਨ। ਕਿਰਪਾਲ ਸਿੰਘ ਨਾਂ ਦੇ ਗ਼ਦਾਰ ਨੇ ਸਾਰੀ ਸੂਚਨਾ ਅੰਗਰੇਜ਼ ਸਰਕਾਰ ਤੱਕ ਪਹੁੰਚਾ ਦਿੱਤੀ। ਬਾਅਦ ਵਿਚ ਤਰੀਕ ਬਦਲ ਕੇ 19 ਫਰਵਰੀ ਕੀਤੀ ਗਈ। ਕਿਰਪਾਲ ਸਿੰਘ ਨੇ ਇਹ ਸੂਚਨਾ ਵੀ ਸਰਕਾਰ ਤੱਕ ਪਹੁੰਚਾ ਦਿੱਤੀ। ਸਰਕਾਰ ਨੇ ਕ੍ਰਾਂਤੀ ਵਾਪਰਨ ਤੋਂ ਪਹਿਲਾਂ ਹੀ ਬਹੁਤ ਸਾਰੇ ਸਰਗਰਮ ਆਗੂ ਫੜ ਲਏ। ਦੋ ਮਾਰਚ, 1915 ਨੂੰ ਕਰਤਾਰ ਸਿੰਘ, ਜਗਤ ਸਿੰਘ ਸੁਰਸਿੰਘ ਅਤੇ ਹਰਨਾਮ ਸਿੰਘ ਟੁੰਡੀਲਾਟ ਨੂੰ ਵੀ ਵਿਸ਼ਵਾਸਘਾਤੀ ਦੀ ਮੁਖਬਰੀ ਸਦਕਾ ਸਰਗੋਧੇ ਦੇ ਲਾਗੇ ਵਿਲਸਨਪੁਰ ਚੱਕ ਨੰਬਰ ਪੰਜ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਪੁਲਿਸ ਸਰਗੋਧਾ ਜ਼ਿਲ੍ਹੇ ਦੇ ਬੱਲੋਵਾਲ ਥਾਣੇ ਲੈ ਆਈ। ਉੱਥੋਂ ਉਨ੍ਹਾਂ ਨੂੰ ਲਾਹੌਰ ਦੀ ਕੇਂਦਰੀ ਜੇਲ੍ਹ ਵਿਚ ਤਬਦੀਲ ਕਰ ਦਿੱਤਾ ਗਿਆ। ਕ੍ਰਾਂਤੀ ਦੀ ਅਸਫਲਤਾ ਪਿੱਛੋਂ ਹੋਰ ਗ਼ਦਰੀਆਂ ਨੂੰ ਵੀ ਸੈਂਟਰਲ ਜੇਲ੍ਹ ਲਾਹੌਰ ਵਿਚ ਰੱਖਿਆ ਹੋਇਆ ਸੀ। ਛੱਬੀ ਅਪ੍ਰੈਲ, 1915 ਨੂੰ ਗ਼ਦਰੀਆਂ ‘ਤੇ ਡਿਫੈਂਸ ਆਫ ਇੰਡੀਆ ਐਕਟ ਅਧੀਨ ਲਾਹੌਰ ਸਾਜ਼ਿਸ਼ ਕੇਸ ਦਾ ਮੁਕੱਦਮਾ ਸ਼ੁਰੂ ਕੀਤਾ ਗਿਆ। ਤੇਰਾਂ ਸਤੰਬਰ 1915 ਨੂੰ ਪਹਿਲੇ ਲਾਹੌਰ ਸਾਜ਼ਿਸ਼ ਕੇਸ ਦਾ ਫ਼ੈਸਲਾ ਸੁਣਾਇਆ ਗਿਆ। ਮੁਕੱਦਮੇ ਦੇ ਫ਼ੈਸਲੇ ਅਨੁਸਾਰ 24 ਨੂੰ ਫਾਂਸੀ, 27 ਨੂੰ ਉਮਰ ਕੈਦ ਅਤੇ ਛੇ ਨੂੰ ਵੱਖੋ-ਵੱਖ ਮਿਆਦ ਦੀ ਕੈਦ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ।
ਬਾਅਦ ਵਿਚ ਵਾਇਸਰਾਏ ਲਾਰਡ ਹਾਰਡਿੰਗ ਦੇ ਵਿਸ਼ੇਸ਼ ਹੁਕਮਾਂ ਨਾਲ 24 ਫਾਂਸੀ ਦੀ ਸਜ਼ਾ ਵਾਲੇ ਗ਼ਦਰੀਆਂ ਵਿੱਚੋਂ 17 ਦੀ ਫਾਂਸੀ ਦੀ ਸਜ਼ਾ ਬਦਲ ਕੇ ਉਮਰ ਕੈਦ ਕਾਲੇਪਾਣੀ ਕਰ ਦਿੱਤੀ ਗਈ। ਜਿਨ੍ਹਾਂ ਸੱਤ ਗ਼ਦਰੀਆਂ ਦੀ ਫਾਂਸੀ ਬਹਾਲ ਰੱਖੀ ਗਈ ਸੀ, ਉਨ੍ਹਾਂ ਵਿਚ ਕਰਤਾਰ ਸਿੰਘ ਸਰਾਭਾ ਸਭ ਤੋਂ ਛੋਟੀ ਉਮਰ ਦੇ ਸਨ। ਸਰਾਭਾ ਦੇ ਛੇ ਸਾਥੀ ਸਨ- ਬਖ਼ਸ਼ੀਸ਼ ਸਿੰਘ ਗਿੱਲ ਵਾਲੀ, ਹਰਨਾਮ ਸਿੰਘ ਸਿਆਲਕੋਟੀ, ਜਗਤ ਸਿੰਘ ਸੁਰਸਿੰਘ, ਵਿਸ਼ਨੂੰ ਗਣੇਸ਼ ਪਿੰਗਲੇ ਪੂਨਾ, (ਮਹਾਰਾਸ਼ਟਰ), ਸੁਰੈਣ ਸਿੰਘ ਪੁੱਤਰ ਬੂੜ ਸਿੰਘ ਗਿੱਲ ਵਾਲੀ, ਸੁਰੈਣ ਸਿੰਘ ਪੁੱਤਰ ਈਸ਼ਰ ਸਿੰਘ ਗਿੱਲ ਵਾਲੀ। ਕਰਤਾਰ ਸਿੰਘ ਸਰਾਭਾ ਤੇ ਉਸ ਦੇ ਛੇ ਸਾਥੀਆਂ ਨੂੰ 16 ਨਵੰਬਰ,1915 ਨੂੰ ਕੇਂਦਰੀ ਜੇਲ੍ਹ ਲਾਹੌਰ ‘ਚ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਸਰਾਭਾ ਨੂੰ ਭਾਰਤ ਦੇ ਇਕ ਮਹਾਨ ਇਨਕਲਾਬੀ ਵਜੋਂ ਯਾਦ ਰੱਖਿਆ ਜਾਵੇਗਾ। ਸਰਾਭਾ ਪਿੰਡ ਦੇ ਸੀਨੀਅਰ ਸੈਕੰਡਰੀ ਸਕੂਲ ਦਾ ਨਾਂ ਸ਼ਹੀਦ ਦੇ ਨਾਂ ਉੱਪਰ ਰੱਖਿਆ ਹੋਇਆ ਹੈ ਅਤੇ ਪਿੰਡ ਵਿਚ ਕਰਤਾਰ ਸਿੰਘ ਸਰਾਭਾ ਦੇ ਨਾਂ ‘ਤੇ ਹੋਰ ਵੀ ਸੰਸਥਾਵਾਂ ਬਣੀਆਂ ਹੋਈਆਂ ਹਨ। ਸਰਾਭਾ ਦੀ ਯਾਦ ਵਿਚ ਲੁਧਿਆਣਾ ਵਿਖੇ ਵੀ ਉਨ੍ਹਾਂ ਦਾ ਬੁੱਤ ਸਥਾਪਤ ਕੀਤਾ ਹੋਇਆ ਹੈ।

 

RELATED ARTICLES
POPULAR POSTS